ਰਾਜਧਾਨੀ ਵਿੱਚ ਮੀਂਹ ਪੈਣ ਸਦਕਾ ਤਾਪਮਾਨ ਘਟਿਆ
ਨਵੀਂ ਦਿੱਲੀ, 11 ਅਪਰੈਲ
ਕੌਮੀ ਰਾਜਧਾਨੀ ਵਿੱਚ ਸ਼ੁੱਕਰਵਾਰ ਦੀ ਸਵੇਰ ਨੂੰ ਅਸਮਾਨ ’ਤੇ ਬੱਦਲ ਛਾਏ ਰਹੇ ਅਤੇ ਮੌਸਮ ਵਿਭਾਗ ਨੇ ਦਿਨੇ ਹਨੇਰੀ ਚੱਲਣ ਅਤੇ ਹਲਕੀ ਬਾਰਿਸ਼ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਦਿੱਲੀ ਵਿੱਚ ਅੱਜ ਰਾਤਭਰ ਰੁੱਕ ਰੁੱਕ ਕੇ ਬੂੰਦਾਬਾਂਦੀ ਹੁੰਦੀ ਰਹੀ ਅਤੇ ਘੱਟੋ ਘੱਟ ਤਾਪਮਾਨ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤਾਪਮਾਨ ਤੋਂ 1.8 ਡਿਗਰੀ ਵੱਧ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਤੱਕ ਪਿਛਲੇ 24 ਘੰਟਿਆਂ ਦੇ ਮੱਦੇਨਜ਼ਰ ਮਯੂਰ ਵਿਹਾਰ ਸਥਿਤ ਮੌਸਮ ਕੇਂਦਰ ਨੇ ਪੰਜ ਮਿਲੀਮੀਟਰ ਮੀਂਹ ਦਰਜ ਕੀਤਾ, ਜਦੋਂ ਕਿ ਪੀਤਮਪੁਰਾ ਵਿੱਚ ਇੱਕ ਮਿਲੀਮੀਟਰ ਮੀਂਹ ਪਿਆ। ਆਈਐੱਮਡੀ ਦੇ ਅਧਿਕਾਰੀ ਨੇ ਕਿਹਾ ਕਿ ਸਫਦਰਜੰਗ ਸਥਿਤ ਦਿੱਲੀ ਦੇ ਮੁੱਢਲੇ ਮੌਸਮ ਕੇਂਦਰ ਨੇ ਕੇਵਲ ਹਲਕੀ ਬਾਰਿਸ਼ ਦੀ ਸੂਚਨਾ ਦਿੱਤੀ ਹੈ। ਦਿੱਲੀ ਵਿੱਚ ਸਵੇਰੇ ਸਾਢੇ ਅੱਠ ਵਜੇ ਹਵਾ ਵਿੱਚ ਨਮੀ 68 ਫ਼ੀਸਦ ਰਹੀ। ਮੌਸਮ ਵਿਭਾਗ ਨੇ ਦਿਨ ਦੇ ਦੌਰਾਨ ਬਾਰਿਸ਼ ਹੋਣ ਅਤੇ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਰਾਜਧਾਨੀ ਵਿੱਚ ਅੱਜ ਹੋਈ ਬੂੰਦਾਬਾਂਦੀ ਨਾਲ ਤਾਪਮਾਨ ਵਿੱਚ ਕੁੱਝ ਕਮੀ ਆਈ ਹੈ, ਜਿਸ ਨਾਲ ਇੱਥੇ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੀ ਹੈ। ਸ਼ਹਿਰ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਇਸ ਮੌਸਮ ਵਿੱਚ ਪਹਿਲੀ ਵਾਰ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਕਾਰਨ ਲਗਾਤਾਰ ਤਿੰਨ ਦਿਨ ਅਤਿ ਦੀ ਗਰਮੀ ਦੀ ਸਥਿਤੀ ਬਣੀ ਰਹੀ। ਜ਼ਿਕਰਯੋਗ ਹੈ ਕਿ ਰਾਜਧਾਨੀ ਵਿੱਚ ਬੁੱਧਵਾਰ ਨੂੰ ਤਿੰਨ ਸਾਲ ਵਿੱਚ ਸਭ ਤੋਂ ਗਰਮ ਰਾਤ ਦਰਜ ਕੀਤੀ ਗਈ, ਜਿੱਥੇ ਘੱਟੋ ਘੱਟ ਤਾਪਮਾਨ 25.9 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ। ਦਿੱਲੀ ਵਿੱਚ ਸਵੇਰੇ ਨੌਂ ਵਜੇ ਹਵਾ ਗੁਣਵਤਾ ਸੂਚਕਅੰਕ (ਏਕਿਊਆਈ)172 ਰਿਹਾ, ਜੋ ‘ਮੱਧਮ’ ਸ਼੍ਰੇਣੀ ਵਿੱਚ ਆਉਂਦਾ ਹੈ। -ਪੀਟੀਆਈ