ਰਾਜਧਾਨੀ ਵਿੱਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਕੌਮੀ ਰਾਜਧਾਨੀ ਦਿੱਲੀ ਵਿੱਚ ਗਰਮੀ ਦੇ ਘੱਟ ਹੋਣ ਦੇ ਅਸਾਰ ਨਹੀਂ ਅਤੇ ਅਗਲੇ ਦਿਨਾਂ ਦੌਰਾਨ ਗਰਮੀ ਹੋਰ ਵੀ ਵਧ ਸਕਦੀ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਦਿਨ ਵੇਲੇ ਲੂ ਚੱਲੀ ਅਤੇ ਤਾਪਮਾਨ 42 ਡਿਗਰੀ ਦੇ ਆਸ ਪਾਸ ਪਹੁੰਚ ਗਿਆ। ਗਰਮੀ ਕਾਰਨ ਜਾਪਦਾ ਸੀ ਕਿ ਇਹ ਤਾਪਮਾਨ 45 ਡਿਗਰੀ ਦੇ ਆਸ ਪਾਸ ਸੀ। ਹਵਾ ਵਿੱਚ ਹੁੰਮਸ 29 ਡਿਗਰੀ ਮਾਪੀ ਗਈ। ਦੁਪਹਿਰ ਵੇਲੇ ਦਿੱਲੀ ਦੀਆਂ ਸੜਕਾਂ ’ਤੇ ਆਵਾਜਾਈ ਵੀ ਘੱਟ ਗਈ। ਇਹੀ ਹਾਲਤ ਐਤਵਾਰ ਨੂੰ ਵੀ ਦਿੱਲੀ ਦੀਆਂ ਸੜਕਾਂ ’ਤੇ ਦਿਖਾਈ ਦਿੱਤੇ ਸਨ। ਦੂਜੇ ਪਾਸੇ, ਦਿੱਲੀ ਦੀ ਹਵਾ ਦੀ ਗੁਣਵੱਤਾ ਅਜੇ ਵੀ ਮਾੜੀ ਸ਼੍ਰੇਣੀ ਵਿੱਚ ਬਣੀ ਹੋਈ ਹੈ।
ਸੋਮਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 27.6 ਡਿਗਰੀ ਦਰਜ ਕੀਤਾ ਗਿਆ ਸੀ। ਸਾਰਾ ਦਿਨ ਸੂਰਜ ਚਮਕਦਾ ਰਿਹਾ ਅਤੇ ਅਗਲੇ ਦਿਨਾਂ ਦੌਰਾਨ ਵੀ ਅਸਮਾਨ ਤੋਂ ਵਰ੍ਹਦੀ ਗਰਮੀ ਦੇ ਰੁਕਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਨੇ ਕਿਹਾ ਕਿ ਇਸ ਹਫ਼ਤੇ ਦੌਰਾਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ ਜਦੋਂ ਕਿ ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਅਸਮਾਨ ’ਤੇ ਬੱਦਲਵਾਈ ਰਹੀ ਸੀ। ਦਿਨ ਵੇਲੇ ਖੁਸ਼ਕ ਹਵਾਵਾਂ ਚੱਲੀਆਂ ਜਿਨ੍ਹਾਂ ਦੀ ਰਫਤਾਰ 20 ਤੋਂ 30 ਕਿਲੋਮੀਟਰ ਰਹੀ ਜਿਸ ਨਾਲ ਦਿੱਲੀ ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਈ। ਦਿੱਲੀ ਦਾ ਏਕਿਊਆਈ 10 ਵਜੇ 224 ਸੀ। ਇਹ ਅੰਕੜਾ ਹਵਾ ਨੂੰ ਮਾੜੀ ਸ੍ਰੇਣੀ ਦਰਸਾਉਂਦਾ ਹੈ। ਲੋਕ ਗਰਮੀ ਤੋਂ ਬਚਣ ਲਈ ਤੌਲੀਏ ਅਤੇ ਛੱਤਰੀਆਂ ਦਾ ਸਹਾਰਾ ਲੈ ਰਹੇ ਸਨ। ਇਸ ਦੌਰਾਨ ਲੋਕ ਗੰਨੇ ਦਾ ਰਸ, ਨਿੰਬੂ ਪਾਣੀ, ਜਲਜੀਰਾ ਅਤੇ ਕੋਲਡ ਡਰਿੰਕਸ ਪੀਂਦੇ ਦੇਖੇ ਗਏ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਹਫ਼ਤੇ ਵਿੱਚ ਵੱਧ ਤੋਂ ਵੱਧ ਤਾਪਮਾਨ ਇੱਕ ਡਿਗਰੀ ਵਧੇਗਾ। ਮੰਗਲਵਾਰ ਨੂੰ ਵੱਧ ਤੋਂ ਵੱਧ ਪਾਰਾ 43 ਡਿਗਰੀ ਤੋਂ ਉੱਪਰ ਜਾ ਸਕਦਾ ਹੈ। ਸ਼ਨਿਚਰਵਾਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਪਸ਼ੂਆਂ ਅਤੇ ਪੰਛੀਆਂ ਦਾ ਖ਼ਿਆਲ ਰੱਖਣ ਦੀ ਅਪੀਲ
ਫਰੀਦਾਬਾਦ (ਪੱਤਰ ਪ੍ਰੇਰਕ) ਇਸ ਉਦਯੋਗਿਕ ਸ਼ਹਿਰ ਵਿੱਚ ਦਿਨ ਦਾ ਤਾਪਮਾਨ 42 ਡਿਗਰੀ ਮਾਪਿਆ ਗਿਆ ਅਤੇ ਸਾਰਾ ਦਿਨ ਲੂ ਵਗੀ। ਲੋਕ ਦੁਪਹਿਰ ਵੇਲੇ ਘਰਾਂ ਵਿੱਚ ਦੜੇ ਰਹੇ ਅਤੇ ਅਤੇ ਸ਼ਹਿਰਾਂ, ਬਾਜ਼ਾਰਾਂ ਵਿੱਚ ਵੀ ਗਾਹਕ ਨਜ਼ਰ ਨਹੀਂ ਆਏ। ਨੋਇਡਾ, ਪਲਵਲ ਅਤੇ ਬੱਲਭਗੜ੍ਹ ਵਿੱਚ ਵੀ ਗਰਮੀ ਦਾ ਕਹਿਰ ਸੀ। ਪਸ਼ੂ ਪੰਛੀ ਵੀ ਦੁਪਹਿਰ ਵੇਲੇ ਠੰਡੀਆਂ ਛਾਵਾਂ ਵਾਲੀਆਂ ਥਾਵਾਂ ਤੇ ਟਿਕੇ ਰਹੇ। ਦਾਨੀ ਸੱਜਣਾਂ ਵੱਲੋਂ ਗਊਆਂ ਨੂੰ ਪਾਣੀ ਪੀਣ ਦੇ ਪ੍ਰਬੰਧ ਵੱਖ-ਵੱਖ ਥਾਵਾਂ ’ਤੇ ਕੀਤੇ ਗਏ। ਅੰਖੀਰ ਦੇ ਰਹਿਣ ਵਾਲੇ ਤਿਲਕ ਬਿਧੂੜੀ ਨੇ ਦੱਸਿਆ ਕਿ ਅਰਾਵਲੀ ਦੀ ਪਹਾੜੀ ਉੱਪਰ ਪੰਛੀਆਂ ਅਤੇ ਜਾਨਵਰਾਂ ਨੂੰ ਪਾਣੀ ਪਿਲਾਉਣ ਲਈ ਲੋਕਾਂ ਵੱਲੋਂ ਥਾਂ-ਥਾਂ ਕੁੰਡ ਬਣਾ ਕੇ ਉਨ੍ਹਾਂ ਵਿੱਚ ਪਾਣੀ ਭਰਿਆ ਗਿਆ ਹੈ। ਜੱਟ ਸਿੱਖ ਸਭਾ ਦੇ ਚੇਅਰਮੈਨ ਮੰਗਲ ਸਿੰਘ ਔਜਲਾ ਨੇ ਕਿਹਾ ਗਰਮੀ ਦੇ ਮੌਸਮ ਵਿੱਚ ਪੰਛੀਆਂ ਤੇ ਜਾਨਵਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਐਤਵਾਰ ਨੂੰ ਵੀ ਮੌਸਮ ਅਜਿਹਾ ਹੀ ਸੀ। ਸਵੇਰੇ 8 ਵਜੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੀ। ਦਿਨ ਵੇਲੇ 42 ਡਿਗਰੀ ਪਾਰਾ ਹੋਣ ਕਾਰਨ ਕੜਕਦੀ ਦੁਪਹਿਰ ਵਿੱਚ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕ ਤਰਸਦੇ ਰਹੇ। ਮਈ ਦੇ ਆਖ਼ਰੀ ਹਫ਼ਤੇ ਤੋਂ 4 ਜੂਨ ਤੱਕ ਤੂਫ਼ਾਨ ਅਤੇ ਮੀਂਹ ਕਾਰਨ ਮੌਸਮ ਸੁਹਾਵਣਾ ਰਿਹਾ ਪਰ ਇਸ ਤੋਂ ਬਾਅਦ ਤੇਜ਼ ਧੁੱਪ ਫਿਰ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਜੀਂਦ ਵਿੱਚ ਤਾਪਮਾਨ 43 ਡਿਗਰੀ ਤੋਂ ਹੋਇਆ ਪਾਰ
ਜੀਂਦ (ਪੱਤਰ ਪ੍ਰੇਰਕ): ਇੱਥੇ ਜੀਂਦ ਅਤੇ ਨੇੜਲੇ ਖੇਤਰਾਂ ਵਿੱਚ ਗਰਮੀ ਵਧਣ ਕਾਰਨ ਤਾਪਮਾਨ ਪਹਿਲੀ ਵਾਰ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਕਾਰਨ ਅੱਜ ਦੁਪਹਿਰ ਵੇਲੇ ਸ਼ਹਿਰ ਦੀਆਂ ਸੜਕਾਂ ’ਤੇ ਸੁੰਨ ਪਸਰੀ ਰਹੀ। ਅਜਿਹਾ ਜਾਪਦਾ ਸੀ ਜਿਵੇਂ ਕਰਫਿਊ ਲੱਗਿਆ ਹੋਵੇ। ਜੇਠ ਦਾ ਮਹੀਨਾ ਖਤਮ ਹੋਣ ਵਾਲਾ ਹੈ। ਮਈ ਦੇ ਮਹੀਨੇ ਵਿੱਚ ਕਈ ਵਾਰ ਵਰਖਾ ਹੋਣ ਕਰਕੇ ਮੌਸਮ ਕੁਝ ਸੁਹਾਵਣਾ ਜਿਹਾ ਰਿਹਾ ਪਰ ਹੁਣ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸਾਸ਼ਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਡੀਸੀ ਮੁਹੰਮਦ ਇਮਰਾਨ ਰਜ਼ਾ ਨੇ ਕਿਹਾ ਹੈ ਕਿ ਹਰ ਵਿਅਕਤੀ ਦੁਪਹਿਰ ਵੇਲੇ 12 ਤੋਂ 3 ਵਜੇ ਤੱਕ ਧੁੱਪ ਵਿੱਚ ਨਿਕਲਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜੇ ਕਿਸੇ ਵੀ ਵਿਅਕਤੀ ਨੂੰ ਕੋਈ ਅਜਿਹੀ ਸਮੱਸਿਆ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜ਼ਰੂਰੀ ਕੰਮਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਹੋ ਸਕੇ ਤਾਂ ਸਵੇਰੇ ਸ਼ਾਮ ਕੰਮ ਕੀਤਾ ਜਾਵੇ ਅਤੇ ਦੁਪਹਿਰ ਨੂੰ ਘਰੋਂ ਬਾਹਰ ਨਿਕਲਣ ਤੋਂ ਬਚਿਆ ਜਾਵੇ।