ਰਾਜਧਾਨੀ ਵਿੱਚ ਔਰਤ ਦੀ ਲਾਸ਼ ਮਿਲੀ
ਨਵੀਂ ਦਿੱਲੀ, 15 ਅਪਰੈਲ
ਇੱਥੋਂ ਦੇ ਸ਼ਾਹਦਰਾ ਵਿੱਚ ਜੀਟੀਬੀ ਇਨਕਲੇਵ ਖੇਤਰ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ, ਜਿਸ ’ਤੇ ਗੋਲੀ ਵੱਜਣ ਦੇ ਨਿਸ਼ਾਨ ਹਨ। ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਦੇਰ ਰਾਤ ਪੀਸੀਆਰ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਫੋਨ ’ਤੇ ਦੱਸਿਆ ਗਿਆ ਸੀ ਕਿ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੈ। ਸੂਚਨਾ ਮਿਲਦੇ ਹੀ ਜੀਟੀਬੀ ਐਨਕਲੇਵ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ, ਜਿੱਥੇ ਔਰਤ ਮ੍ਰਿਤਕ ਪਈ ਮਿਲੀ। ਇਸ ਸਬੰਧੀ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਸਰੀਰ ’ਤੇ ਦੋ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਔਰਤ ਦੀ ਉਮਰ ਕਰੀਬ 20 ਸਾਲ ਜਾਪਦੀ ਹੈ। ਉਸ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਵਾਲੀ ਸਥਾਨ ਨੂੰ ਘੇਰ ਲਿਆ ਗਿਆ ਹੈ। ਪੁਲੀਸ ਕਰਮਚਾਰੀਆਂ ਨੇ ਸਬੰਧਤ ਥਾਂ ਦੀ ਘੇਰਾਬੰਦੀ ਕਰ ਲਈ ਹੈ। ਇਸ ਸਬੰਧੀ ਫੌਰੈਂਸਿਕ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਸੱਦਿਆ ਗਿਆ ਹੈ। ਪੁਲੀਸ ਵੱਲੋਂ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ।
ਪੁਲੀਸ ਨੇ ਇਸ ਸਬੰਧੀ ਸਬੰਧਤ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਮ੍ਰਿਤਕਾ ਦੀ ਪਛਾਣ ਲਈ ਨੇੇੜਲੇ ਘਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। -ਪੀਟੀਆਈ