ਰਾਜਧਾਨੀ ’ਚ ਲੱਗ ਰਹੇ ਜਾਮ ਕਾਰਨ ਗਡਕਰੀ ਵੀ ਪ੍ਰੇਸ਼ਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਦੇ ਟਰੈਫਿਕ ਨੂੰ ‘ਮਹਾਂ ਭਿਅੰਕਰ’ ਕਰਾਰ ਦਿੱਤਾ ਹੈ। ਗਡਕਰੀ ਨੇ ਜਾਮਾਂ ਨੂੰ ਲੈ ਕੇ ਦਿੱਲੀ ਪੁਲੀਸ ਦੀ ਆਲੋਚਨਾ ਕੀਤੀ ਅਤੇ ਤਬਦੀਲੀ ਲਈ ਇੱਕ ਤਕਨੀਕੀ-ਸੰਚਾਲਿਤ ਰੋਡਮੈਪ ਦੀ ਪੇਸ਼ਕਸ਼ ਕੀਤੀ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਡੇਢ ਘੰਟੇ ਧੌਲਾ ਕੂਆਂ ਵਿੱਚ ਟਰੈਫਿਕ ਜਾਮ ਦੌਰਾਨ ਕਾਰ ਵਿੱਚ ਬੈਠਣਾ ਪੈਂਦਾ ਹੈ। ਉਨ੍ਹਾਂ ਦੀ ਜ਼ਿੰਦਗੀ ਦੇ ਚਾਰ ਸਾਲ ਸਿਰਫ਼ ਧੌਲਾ ਕੂਆਂ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਬਰਬਾਦ ਹੋ ਗਏ। ਨਿੱਜੀ ਵਾਹਨਾਂ ਦੀ ਮਾਲਕੀ ਵਿੱਚ ਬੇਰੋਕ ਵਾਧੇ ਅਤੇ ਸ਼ਹਿਰੀ ਯੋਜਨਾਬੰਦੀ ਦੀ ਘਾਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਡਕਰੀ ਨੇ ਰਾਜਧਾਨੀ ਦੇ ਬੁਨਿਆਦੀ ਢਾਂਚੇ ਦੇ ਵਿਕਲਪਾਂ ਦੇ ਪਿੱਛੇ ਤਰਕ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਤੁਸੀਂ ਦਿੱਲੀ ਵਿੱਚ ਵੱਡੇ-ਵੱਡੇ ਬੰਗਲੇ ਬਣਾਉਂਦੇ ਹੋ ਪਰ ਪਾਰਕਿੰਗ ਨਹੀਂ ਬਣਾਉਂਦੇ। ਉਨ੍ਹਾਂ ਆਖਿਆ ਕਿ ਕੀ ਸੜਕਾਂ ਇਸ ਕਾਰਨ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਉਸ ’ਤੇ ਕਾਰਾਂ ਪਾਰਕ ਕਰ ਸਕਣ। ਦਿੱਲੀ ਵਿੱਚ ਚਾਰ ਲੋਕਾਂ ਦੇ ਇੱਕ ਪਰਿਵਾਰ ਕੋਲ ਅੱਠ ਕਾਰਾਂ ਹੋਣਗੀਆਂ ਅਤੇ ਇਹ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਗਡਕਰੀ ਨੇ ਏਆਈਐੱਮਏ ਦੇ 10ਵੇਂ ਨੈਸ਼ਨਲ ਲੀਡਰਸ਼ਿਪ ਕਨਕਲੇਵ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ ਸਨ। ਕੇਂਦਰੀ ਮੰਤਰੀ ਗਡਕਰੀ ਨੇ ਚਿਤਾਵਨੀ ਦਿੱਤੀ ਕਿ ਹੋਰ ਸੜਕਾਂ ਜਾਂ ਫਲਾਈਓਵਰ ਜੋੜਨਾ ਕਾਫ਼ੀ ਨਹੀਂ ਹੈ। ਮੁੰਬਈ ਦੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਬਹੁਤ ਸਾਰੇ ਫਲਾਈਓਵਰ ਬਣਾਏ ਪਰ ਜਦੋਂ ਤੱਕ ਉਹ ਪੂਰਾ ਹੋਏ, ਆਬਾਦੀ ਵਿੱਚ ਵਾਧਾ ਪਹਿਲਾਂ ਹੀ ਬੁਨਿਆਦੀ ਢਾਂਚੇ ਤੋਂ ਵੱਧ ਗਿਆ ਸੀ।