‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’

ਸੀਤਾਰਾਮਨ ਦੇ ਪਤੀ ਦੀ ਸਲਾਹ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਕਤੂਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪਤੀ ਤੇ ਅਰਥਸ਼ਾਸਤਰੀ ਪਰਾਕਲਾ ਪ੍ਰਭਾਕਰ ਵੱਲੋਂ ‘ਦਿ ਹਿੰਦੂ’ ਦੇ ਨਜ਼ਰੀਆ ਸਫ਼ੇ ਲਈ ਲਿਖੇ ਮਜ਼ਮੂਨ ਨੇ ਆਰਥਿਕ ਮੰਦੀ ਕਰਕੇ ਪਹਿਲਾਂ ਹੀ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਸ੍ਰੀ ਪ੍ਰਭਾਕਰ ਨੇ ਲਿਖਿਆ ਕਿ ਮੋਦੀ ਸਰਕਾਰ ਦੇਸ਼ ਦੇ ਆਰਥਿਕ ਮੰਦੀ ਦੀ ਮਾਰ ਹੇਠ ਹੋਣ ਦੇ ਤੱਥ ਨੂੰ ਮੰਨਣ ਤੋਂ ‘ਮੂਲੋਂ ਹੀ ਇਨਕਾਰੀ’ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਕਿ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਤਤਕਾਲੀਨ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਤੇ ਵਿੱਤ ਮੰਤਰੀ ਮਨਮੋਹਨ ਸਿੰਘ ਦੇ ਆਰਥਿਕ ਮਾਡਲ ਨੂੰ ਗ੍ਰਹਿਣ ਕਰੇ। ਸ੍ਰੀ ਪ੍ਰਭਾਕਰ ਨੇ ਲਿਖਿਆ, ‘ਭਾਜਪਾ ਨੇ (ਨਰਸਿਮ੍ਹਾ) ਰਾਓ ਦੇ 1991 ਦੇ ਆਰਥਿਕ ਢਾਂਚੇ ਨੂੰ ਨਾ ਤਾਂ ਕਦੇ ਚੁਣੌਤੀ ਦਿੱਤੀ ਤੇ ਨਾ ਹੀ ਰੱਦ ਕੀਤਾ ਹੈ। ਜੇਕਰ ਇਸ ਮਾਡਲ ਨੂੰ ਪੂਰੀ ਤਰ੍ਹਾਂ ਗ੍ਰਹਿਣ ਜਾਂ ਫਿਰ ਇਸਦੀ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਜਾਂਦੀ ਹੈ ਤਾਂ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਰਥਚਾਰੇ ਨੂੰ ਮੌਜੂਦਾ ਮੰਦੀ ਵਾਲੇ ਹਾਲਾਤ ’ਚੋਂ ਦੇਸ਼ ਨੂੰ ਪਾਰ ਲਾ ਸਕਦੀ ਹੈ।’ ਪ੍ਰਭਾਕਰ ਨੇ ਇਹ ਵੀ ਕਿਹਾ ਕਿ ਮੌਜੂਦਾ ਭਾਜਪਾ ਲੀਡਰਸ਼ਿਪ ਇਸ ਤੱਥ ਤੋਂ ਭਲੀਭਾਂਤ ਵਾਕਿਫ਼ ਸੀ ਕਿ ਸਾਲ 2004 ਵਿੱਚ ਅਰਥਚਾਰੇ ਦੀ ਗੱਲ ਪਾਰਟੀ ਦੇ ਕਿਸੇ ਕੰਮ ਨਹੀਂ ਆਈ ਸੀ। ਹਾਲੀਆ ਆਮ ਚੋਣਾਂ ’ਚ ਭਾਜਪਾ ਨੇ ਬਹੁਤ ਸੋਚ ਸਮਝ ਕੇ ਆਪਣੀ ਆਰਥਿਕ ਕਾਰਗੁਜ਼ਾਰੀਆਂ ਦੀ ਗੱਲ ਕਰਨ ਦੀ ਬਜਾਏ ਮਜ਼ਬੂਤ ਸਰਕਾਰ, ਰਾਸ਼ਟਰਵਾਦ ਅਤੇ ਕੌਮੀ ਸੁਰੱਖਿਆ ਜਿਹੇ ਮੁੱਦਿਆਂ ਨੂੰ ਉਭਾਰਿਆ।

ਪ੍ਰਭਾਕਰ ਦੀ ਨੁਕਤਾਚੀਨੀ ਨਾਲ ਕਾਂਗਰਸੀਆਂ ਦੇ ਚਿਹਰੇ ਖਿੜੇ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪਤੀ ਤੇ ਅਰਥਸ਼ਾਸਤਰੀ ਪਰਾਕਲਾ ਪ੍ਰਭਾਕਰ ਵੱਲੋਂ ਅਰਥਚਾਰੇ ਨੂੰ ਲੈ ਕੇ ਮੋਦੀ ਸਰਕਾਰ ਦੀ ਕੀਤੀ ਨੁਕਤਾਚੀਨੀ ਨਾਲ ਕਾਂਗਰਸ ਦੇ ਚਿਹਰੇ ਖਿੜ ਗਏ ਹਨ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ, ‘ਭਾਜਪਾ ਕੋਲ ਨਾ ਤਾਂ ਕੋਈ ਆਪਣਾ ਨਾਇਕ ਹੈ ਤੇ ਨਾ ਹੀ ਕੋਈ ਆਰਥਿਕ ਦ੍ਰਿਸ਼ਟੀਕੋਣ। ਜੇਕਰ ਉਹ ਕਾਂਗਰਸੀ ਨਾਇਕਾਂ ਤੋਂ ਨਾਇਕ ਉਧਾਰ ਲੈ ਸਕਦੇ ਹਨ- ਜਿਨ੍ਹਾਂ ਆਰਐੱਸਐੱਸ ਜਿਹੀ ਉਲਟ ਜਥੇਬੰਦੀ ਦੀ ਨੀਂਹ ਰੱਖੀ- ਤਾਂ ਫਿਰ ਉਹ ਆਰਥਿਕ ਨੀਤੀਆਂ ਲਈ ਵੀ ਅਜਿਹਾ ਕਿਉਂ ਨਹੀਂ ਕਰ ਸਕਦੇ। ਇਸ ਦੌਰਾਨ ਭਾਜਪਾ ਨੇ ਇਸ ਪੂਰੇ ਮਾਮਲੇ ’ਤੇ ਚੁੱਪੀ ਧਾਰ ਲਈ ਹੈ।

-ਆਈਏਐੱਨਐੱਸ

ਸੀਤਾਰਾਮਨ ਦਾ ਪ੍ਰਤੀਕਰਮ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਜਦੋਂ ੳਨ੍ਹਾਂ ਦੇ ਪਤੀ ਵੱਲੋਂ ਅਰਥਚਾਰੇ ਬਾਰੇ ‘ਦਿ ਹਿੰਦੂ’ ’ਚ ਲਿਖੇ ਲੇਖ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਅਸੀਂ ਅਰਥਚਾਰੇ ’ਚ ਬੁਨਿਆਦੀ ਸੁਧਾਰ ਕੀਤੇ ਹਨ।’’ ਉਨ੍ਹਾਂ ਜੀਐੱਸਟੀ, ਆਧਾਰ ਅਤੇ ਰਸੋਈ ਗੈਸ ਦੇਣ ਦੀ ਮਿਸਾਲ ਵੀ ਦਿੱਤੀ।

ਸਰਕਾਰੀ ਬੈਂਕਾਂ ਨੇ 82 ਹਜ਼ਾਰ ਕਰੋੜ ਦੇ ਰਿਟੇਲ ਕਰਜ਼ੇ ਵੰਡੇ: ਵਿੱਤ ਸਕੱਤਰ

ਨਵੀਂ ਦਿੱਲੀ: ਵਿੱਤ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਵਿੱਤ ਮੰਤਰੀ ਨੇ ਸਰਕਾਰੀ ਖੇਤਰ ਦੇ ਬੈਂਕਾਂ ਨਾਲ ਸਬੰਧਤ ਕਰਜ਼ਾ ਵਿਕਾਸ ਪ੍ਰੋਗਰਾਮ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਮੁਤਾਬਕ ਪਿਛਲੇ ਨੌਂ ਦਿਨਾਂ ਵਿੱਚ 81,781 ਕਰੋੜ ਰੁਪਏ ਦੇ ਪ੍ਰਚੂਨ ਕਰਜ਼ੇ ਵੰਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 34,342 ਕਰੋੜ ਰੁਪਏ ਦੀ ਰਾਸ਼ੀ ਨਵੇਂ ਕਾਰੋਬਾਰਾਂ ਲਈ ਹੈ।

-ਪੀਟੀਆਈ

Tags :