ਨਿੱਜੀ ਪੱਤਰ ਪ੍ਰੇਰਕਰਾਏਕੋਟ, 4 ਜੁਲਾਈਗ਼ਰੀਬ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਖ਼ੁਰਾਕ ਸੁਰੱਖਿਆ ਕਾਨੂੰਨ ਤਹਿਤ ਮਿਲਣ ਵਾਲੇ ਮੁਫ਼ਤ ਰਾਸ਼ਨ ਦੀ ਸਹੂਲਤ ਨੂੰ ਜਾਰੀ ਰੱਖਣ ਲਈ ਸੂਬਾ ਸਰਕਾਰ ਵੱਲੋਂ ਸਾਰੇ ਖਪਤਕਾਰਾਂ ਨੂੰ ਆਪਣੀ ਈ-ਕੇਵਾਈਸੀ 7 ਜੁਲਾਈ ਤੱਕ ਮੁਕੰਮਲ ਕਰਨ ਲਈ ਆਦੇਸ਼ ਦਿੱਤੇ ਗਏ ਹਨ। ਖ਼ੁਰਾਕ ਸਪਲਾਈ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਡਿੱਪੂ ਹੋਲਡਰ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਨ ਪਰੂਥੀ ਨੇ ਕਿਹਾ ਕਿ ਰਾਏਕੋਟ ਬਲਾਕ ਵਿੱਚ ਕਰੀਬ 20 ਹਜ਼ਾਰ ਦੇ ਕਰੀਬ ਰਾਸ਼ਨ ਕਾਰਡਧਾਰਕ ਕਈ ਸਾਲਾਂ ਤੋਂ ਕੇਂਦਰ ਸਰਕਾਰ ਦੀ ਮੁਫ਼ਤ ਰਾਸ਼ਨ ਸਕੀਮ ਤਹਿਤ ਲਾਭ ਪ੍ਰਾਪਤ ਕਰ ਰਹੇ ਹਨ, ਇਨ੍ਹਾਂ ਲਾਭਪਾਤਰੀਆਂ ਦੀ ਸਹੀ ਜਾਣਕਾਰੀ ਇਕੱਠੀ ਕਰਨ ਦੇ ਮਕਸਦ ਤਹਿਤ ਸਰਕਾਰ ਵੱਲੋਂ ਇਹ ਕਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਨ ਡੀਪੂ ਹੋਲਡਰਾਂ ਵੱਲੋਂ ਇਸ ਸਕੀਮ ਤਹਿਤ ਵੱਡੇ ਪੱਧਰ ’ਤੇ ਲਾਭਪਾਤਰੀਆਂ ਦੀ ਈ.ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ, ਪਰ ਕੁੱਝ ਖਪਤਕਾਰ ਹਾਲੇ ਵੀ ਅਜਿਹੀ ਪ੍ਰਕਿਰਿਆ ਪੂਰੀ ਕਰਨ ਤੋਂ ਰਹਿ ਗਏ ਹਨ।