ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ ਪ੍ਰਦਰਸ਼ਨ
ਆਤਿਸ਼ ਗੁਪਤਾ
ਚੰਡੀਗੜ੍ਹ, 13 ਅਪਰੈਲ
ਚੰਡੀਗੜ੍ਹ ਯੂਥ ਕਾਂਗਰਸ ਨੇ ਪ੍ਰਧਾਨ ਦੀਪਕ ਲੁਬਾਨਾ ਦੀ ਅਗਵਾਈ ਹੇਠ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਸੈਕਟਰ-22 ਵਿੱਚ ਸਿਵਲ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੌਜੂਦ ਵੱਡੀ ਗਿਣਤੀ ਯੂਥ ਕਾਂਗਰਸ ਦੇ ਵਰਕਰਾਂ ਨੇ ਚੁੱਲ੍ਹੇ ਬਾਲ ਕੇ ਰੋਟੀ ਪਕਾਈ ਅਤੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਯੂਥ ਕਾਂਗਰਸੀਆਂ ਨੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੂਥ ਕਾਂਗਰਸ ਦੇ ਪ੍ਰਧਾਨ ਦੀਪਕ ਲੁਬਾਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੇ ਘਰ ਦੀ ਰਸੋਈ ਦਾ ਬਜਟ ਹਿਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਘਰ-ਘਰ ਸਿਲੰਡਰ ਪਹੁੰਚਾ ਦਿੱਤਾ, ਪਰ ਅੱਜ ਗੈਸ ਸਿਲੰਡਰ ਦੀਆਂ ਕੀਮਤਾਂ ਅਸਮਾਨੀ ਪਹੁੰਚ ਚੁੱਕੀਆਂ ਹਨ ਜਿਸ ਕਰਕੇ ਲੋਕਾਂ ਨੂੰ ਗੈਸ ਸਿਲੰਡਰ ਭਰਵਾਉਣਾ ਹੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹੇ ਹੀ ਹਾਲਾਤ ਰਹੇ ਤਾਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਮੁੜ ਤੋਂ ਚੁੱਲ੍ਹੇ ਬਾਲਣ ਲਈ ਮਜਬੂਰ ਹੋਣਾ ਪਵੇਗਾ। ਲੁਬਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਦੋ-ਦੋ ਰੁਪਏ ਦਾ ਵੈਟ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ, ਪਰ ਕੇਂਦਰ ਸਰਕਾਰ ਲਗਾਤਾਰ ਤੇਲ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਥ ਕਾਂਗਰਸ ਲੋਕਾਂ ਦੀ ਆਵਾਜ਼ ਬਣ ਕੇ ਕੇਂਦਰ ਸਰਕਾਰ ਦੀ ਘੇਰਾਬੰਦੀ ਕਰਦੀ ਰਹੇਗੀ। ਇਸ ਮੌਕੇ ਆਸ਼ੀਸ਼ ਗਜਨਵੀ, ਸਚਿਨ ਗਾਲਿਵ, ਸੁਖਦੇਵ ਸਿੰਘ, ਭਾਨੂੰ ਪ੍ਰਿਆ, ਮਾਧਵੀ, ਕਪਿਲ ਚੋਪੜਾ, ਸੁਨੀਲ ਯਾਦਵ, ਸੰਦੀਪ, ਦੀਪਕ ਜੈਸਵਾਲ, ਖੁਸ਼ਬੂ ਅਤੇ ਪਾਰੁਲ ਹਾਜ਼ਰ ਸਨ।