ਰਵਿਦਾਸ ਮੰਦਰ ਵਿੱਚ ਪੂਜਾ ਕਰਨ ਲਈ ਪ੍ਰਦਰਸ਼ਨ

ਤੁਗ਼ਲਕਾਬਾਦ ਵਿੱਚ ਤੋੜੇ ਗਏ ਰਵਿਦਾਸ ਮੰਦਰ ਵਿੱਚ ਪੂਜਾ ਕਰਨ ਦੀ ਮੰਗ ਕਰਦੇ ਹੋਏ ਪ੍ਰਦਰਸ਼ਨਕਾਰੀ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਸਤੰਬਰ
ਤੁਗ਼ਲਕਾਬਾਦ ਵਿੱਚ ਗੁਰੂ ਰਵਿਦਾਸ ਮੰਦਰ ਨੂੰ ਡੀਡੀਏ ਵੱਲੋਂ ਢਾਹੇ ਜਾਣ ਮਗਰੋਂ ਰਵਿਦਾਸ ਦੇ ਪੈਰੋਕਾਰਾਂ ਵੱਲੋਂ ਇਸ ਢਾਹੇ ਹੋਏ ਮੰਦਰ ਵਿੱਚ ਪੂਜਾ, ਆਰਤੀ ਕਰਨ ਲਈ ਮਾਰਚ ਕੱਢਿਆ ਗਿਆ।
ਰਵਿਦਾਸ ਮੰਦਰ ਸੰਯੁਕਤ ਸੰਘਰਸ਼ ਕਮੇਟੀ ਵੱਲੋਂ ਕੱਢੇ ਗਏ ਇਸ ਮਾਰਚ ਵਿੱਚ ਕਈ ਦਲਿਤ ਆਗੂ ਤੇ ਸੰਤ ਸ਼ਾਮਲ ਹੋਏ। ਉਨ੍ਹਾਂ ਵੱਲੋਂ ਸੱਦਾ ਦਿੱਤਾ ਗਿਆ ਕਿ ਹਰ ਮਹੀਨੇ ਦੌਰਾਨ ਇਸ ਮੰਦਰ ਵਾਲੇ ਇਲਾਕੇ ਵਿੱਚ ਆ ਕੇ ਪੂਜਾ ਕੀਤੀ ਜਾਵੇ ਜਦੋਂ ਤਕ ਕਿ ਮੰਦਰ ਦੀ ਜ਼ਮੀਨ ਵਾਪਸ ਨਹੀਂ ਕਰ ਦਿੰਦੀ। ਬੁਲਾਰੇ ਆਸ਼ੋਕ ਭਾਰਤੀ ਨੇ ਦੱਸਿਆ ਕਿ ਸੰਤ ਸੁਖਦੇਵ ਸਿੰਘ ਵਾਘਮਰੇ ਮਹਾਰਾਜ, ਸੰਤ ਬੀਰ ਸਿੰਘ ਹਿਤਕਾਰੀ, ਕੇਸੀ ਰਵੀ, ਰਿਸ਼ੀਪਾਲ, ਐਮਆਰ ਬਾਲੀ ਤੇ ਉਹ ਖ਼ੁਦ ਪੰਜਾਬ, ਹਰਿਆਣਾ, ਉੱਤਰਾਖੰਡ ਤੇ ਯੂਪੀ ਸਮੇਤ ਹੋਰ ਰਾਜਾਂ ਦੇ ਦੌਰੇ ਕਰਨਗੇ ਤੇ ਅਗਲੇ ਸੰੰਘਰਸ਼ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਢਾਹੇ ਗਏ ਮੰਦਰ ਦੀ ਜ਼ਮੀਨ ਵਾਪਸ ਕਰਨ ਬਾਰੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸਹਿਮਤੀ ਨੂੰ ਪੂਰਾ ਕੀਤਾ ਜਾਵੇ ਤੇ ਮੰਦਰ ਖ਼ਿਲਾਫ਼ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਲੋਕਾਂ ਨੂੰ ਰਿਹਾਅ ਕੀਤਾ ਜਾਵੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤੁਗ਼ਲਕਾਬਾਦ ਪੁੱਜ ਕੇ ਸੜਕ ਉਪਰ ਹੀ ਪੂਜਾ ਤੇ ਆਰਤੀ ਕੀਤੀ। ਸੁਰੱਖਿਆ ਬਲਾਂ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਘੇਰਾ ਪਾਈ ਰੱਖਿਆ। ਜਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦਿੱਲੀ ਵਿਕਾਸ ਅਥਾਰਟੀ ਨੇ ਉਕਤ ਕਰੀਬ 600 ਸਾਲ ਪੁਰਾਣਾ ਮੰਦਰ ਤੋੜ ਦਿੱਤਾ ਸੀ ਜੋ ਤੁਗ਼ਲਕਾਬਾਦ ਦੀ ਜੰਗਲੀ ਜ਼ਮੀਨ ਵਿੱਚ ਬਣਿਆ ਹੋਇਆ ਸੀ।