ਰਣਸੀਂਹ ਕਲਾਂ: ਪੰਚਾਇਤ ਵੱਲੋਂ ਨਸ਼ਾ ਛੱਡਣ ਵਾਲਿਆਂ ਦਾ ਨਗਦ ਰਾਸ਼ੀ ਨਾਲ ਸਨਮਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੂਨ
ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਅਜਿਹੇ ਕੰਮ ਕੀਤੇ ਹਨ ਜਿਹੜੇ ਸਰਕਾਰਾਂ ਨਹੀਂ ਕਰ ਸਕੀਆਂ। ਪਿੰਡ ਦੇ ਮਿਸਾਲੀ ਵਿਕਾਸ ਤੋਂ ਬਾਅਦ ਪੰਚਾਇਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਛੱਡਣ ਵਾਲੇ ਮਰੀਜ਼ਾਂ ਲਈ ਰੋਲ ਮਾਡਲ ਬਣ ਕੇ ਉੱਭਰੀ ਹੈ। ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦੀ ਅਗਵਾਈ ਹੇਠ ਪੰਚਾਇਤ ਨੇ ‘ਨਸ਼ਾ ਮੁਕਤੀ ਦਾ ਅਭਿਆਨ ਰਣਸੀਂਹ ਕਲਾਂ ਬਣੂੰ ਪੰਜਾਬ ਦੀ ਸ਼ਾਨ’ ਬੈਨਰ ਹੇਠ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪਿੰਡ ਦੇ ਨਸ਼ਾ ਛੱਡਣ ਵਾਲੇ 13 ਪਰਿਵਾਰਾਂ ਨੂੰ 11-11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ 23 ਮਰੀਜ਼ ਜਿਨ੍ਹਾਂ ਦਾ ਇਲਾਜ ਪੰਚਾਇਤ ਵੱਲੋਂ ਮੁਫ਼ਤ ਕਰਵਾਇਆ ਜਾ ਰਿਹਾ ਹੈ, ਨੂੰ 11-11 ਸੌ ਰੁਪਏ ਪ੍ਰਤੀ ਮਹੀਨਾ ਖੁਰਾਕ ਭੱਤਾ ਦੀ ਪਹਿਲੀ ਕਿਸ਼ਤ ਦਿੱਤੀ ਗਈ। ਇਸ ਮੌਕੇ ਉਨ੍ਹਾਂ 281 ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ ਜਿਹੜੇ ਪਰਿਵਾਰ ਪਹਿਲਾਂ ਤੋਂ ਹੀ ਨਸ਼ਾ ਰਹਿਤ ਪਰਿਵਾਰ ਸਨ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਹਿੱਸਾ ਪਾਉਣ ਲਈ ਆਮ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਸਮਾਜ ਦੇ ਹਰੇਕ ਵਰਗ ਦਾ ਸਹਿਯੋਗ ਲੈ ਕੇ ਇਸ ਬੁਰਾਈ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ੇ ਛੱਡ ਰਹੇ ਹਨ, ਉਨ੍ਹਾਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਐੱਸਡੀਐੱਮ ਨਿਹਾਲ ਸਿੰਘ ਵਾਲਾ ਸਵਾਤੀ ਟਿਵਾਣਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਤੇ ਖੁਸ਼ਹਾਲ ਜੀਵਨ ਨੂੰ ਚੁਣਨ। ਉਨ੍ਹਾਂ ਨਸ਼ਿਆਂ ਦੇ ਖਾਤਮੇ ਦਾ ਸੱਦਾ ਦਿੰਦੇ ਹੋਏ ਲੋਕਾਂ ਨੂੰ ਇਸ ਵੱਡੀ ਸਮਾਜਿਕ ਬੁਰਾਈ ਦੇ ਖਾਤਮੇ ਲਈ ਵਿੱਢੀ ਮੁਹਿੰਮ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਅਹਿਮ ਹੈ ਜੋ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਸਮਾਜਿਕ ਲਾਹਨਤ ਤੇ ਬੁਰਾਈ ਤੋਂ ਜਾਗਰੂਕ ਕਰ ਸਕਦੀ ਹੈ।
ਇਸ ਮੌਕੇ ਐੱਸਪੀ ਸੰਦੀਪ ਸਿੰਘ ਮੰਡ ਨੇ ਪੰਜਾਬ ਪੁਲੀਸ ਵੱਲੋਂ ਜਿਥੇ ਨਸਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਓਥੇ ਨਸੇ ਦੀ ਦਲ-ਦਲ ਵਿੱਚ ਫਸੇ ਨੌਜਵਾਨਾਂ ਤੇ ਹੋਰ ਲੋਕਾਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਦਾ ਮੁਫਤ ਇਲਾਜ ਦਹ ਪ੍ਰਬੰਧ ਕੀਤਾ ਜਾ ਰਿਹਾ ਹੈ।
ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਕਿਹਾ ਕਿ ਪੰਚਾਇਤ ਵੱਲੋਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ। ਪਿੰਡ ਵਿੱਚ ਦੁਕਾਨਾਂ ’ਤੇ ਬੀੜੀ, ਜਰਦਾ, ਐਨਰਜੀ ਡਰਿੰਕਸ ਤੇ ਮੈਡੀਕਲ ਸਟੋਰਾਂ ਤੋਂ ਮੈਡੀਕਲ ਨਸ਼ਾ ਵੀ ਨਹੀਂ ਮਿਲੇਗਾ। ਚੰਗੇ ਵਿਕਾਸ ਕਾਰਜਾਂ ਲਈ 2 ਵਾਰ ਨੈਸ਼ਨਲ ਐਵਾਰਡ ਅਤੇ ਪੰਚਾਇਤ ਸ਼ਸਕਤੀਕਰਨ ਐਵਾਰਡ ਅਤੇ ਗੌਰਵ ਗ੍ਰਾਮ ਸਭਾ ਐਵਾਰਡ ਮਿਲ ਚੁੱਕਾ ਹੈ। 23 ਸਤੰਬਰ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਬੈਸਟ ਪੋਂਡ ਐਵਾਰਡ ਦਿੱਤਾ।