ਰਣਧੀਰ ਹੱਤਿਆ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜੀਂਦ, 28 ਜੂਨ
ਐੱਸਪੀ ਕੁਲਦੀਪ ਸਿੰਘ ਦੀ ਹਦਾਇਤਾਂ ਅਨੁਸਾਰ ਥਾਣਾ ਪਿੱਲੂਖੇੜਾ ਪੁਲੀਸ ਦੀ ਟੀਮ ਨੇ ਰਣਧੀਰ ਹੱਤਿਆਕਾਂਡ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਸੁਰੂ ਕਰ ਦਿੱਤੀ ਹੈ। ਥਾਣਾ ਮੁਖੀ ਪਿੱਲੂਖੇੜਾ ਰਾਮ ਅਵਤਾਰ ਨੇ ਦੱਸਿਆ ਕਿ ਪਿੰਡ ਭੜਤਾਨਾ ਵਿੱਚ ਦੋ ਪਰਿਵਾਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਹਸਪਤਾਲ ਵਿੱਚ ਹਾਜ਼ਰ ਸ਼ਿਵ ਕੁਮਾਰ ਵਾਸੀ ਪਿੱਲੂਖੇੜਾ ਨੇ ਦੱਸਿਆ ਕਿ ਉਸ ਦੇ ਤਾਊ ਰਣਧੀਰ ਦੇ ਪਰਿਵਾਰ ਦਾ ਝਗੜਾ ਜੈਭਗਵਾਨ ਦੇ ਪਰਿਵਾਰ ਨਾਲ ਹੋਇਆ ਸੀ। ਇਸ ਝਗੜੇ ਬਾਰੇ ਸਰਪੰਚ ਨੂੰ ਵੀ ਦੱਸਿਆ ਗਿਆ ਸੀ। ਪਿਛਲੇ ਦਿਨੀਂ ਜਦੋਂ ਉਸ ਦਾ ਤਾਊ ਅਤੇ ਤਾਊ ਦਾ ਮੁੰਡਾ ਅਨਿਲ ਉਸ ਦੇ ਘਰ ਸੌਂ ਰਹੇ ਸੀ ਤਾਂ ਰਾਤੀਂ 12 ਵਜੇ ਦੇ ਕਰੀਬ ਗੱਡੀ ਵਿੱਚ ਲਗਪਗ 10-12 ਵਿਅਕਤੀ ਲਾਠੀਆਂ, ਡੰਡੇ ਤੇ ਪਿਸਤੌਲ ਲੈ ਕੇ ਆਏ। ਉਨ੍ਹਾਂ ਦੇ ਘਰ ਦੀ ਦੀਵਾਰ ਟੱਪ ਕੇ, ਉਨ੍ਹਾਂ ਸਾਡੇ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਹ, ਪਿਤਾ ਰਣਵੀਰ ਸਿੰਘ ਤੇ ਤਾਊ ਰਣਧੀਰ ਸਿੰਘ ਜ਼ਖ਼ਮੀ ਹੋ ਗਏ ਜਦੋਂਕਿ ਤਾਊ ਦਾ ਪੁੱਤਰ ਅਨਿਲ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਗਿਆ। ਹਸਪਤਾਲ ’ਚ ਡਾਕਟਰਾਂ ਨੇ ਰਣਧੀਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਦੁਆਰਾ ਨਾਮਜ਼ਦ ਕੀਤੇ ਗਏ ਨਰੇਸ਼ ਉਰਫ ਨੇਸ਼ਾ, ਰਾਜੇਸ਼ ਉਰਫ ਭਾਲੂ ਵਾਸੀ ਭਿੜਤਾਨਾ ਸਣੇ ਕਈ ਵਿਅਕਤੀਆਂ ਖ਼ਿਲਾਫ਼ ਹੱਤਿਆ ਦੇ ਕੇਸ ਦਰਜ ਕੀਤਾ ਗਿਆ ਹੈ। ਪਿੱਲੂਖੇੜਾ ਪੁਲੀਸ ਟੀਮ ਨੇ ਇਸ ਦੌਰਾਨ ਰਾਜੇਸ਼ ਉਰਫ ਭਾਲੂ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਤੇ ਮਗਰੋਂ ਇਸ ਵਾਰਦਾਤ ਵਿੱਚ ਸ਼ਾਮਲ ਮੁਲਜ਼ਮ ਰਾਹੁਲ ਵਾਸੀ ਦੇਵਰੜ ਅਤੇ ਮੋਹਿਤ ਵਾਸੀ ਵਾਰਡ ਨੰ. 10 ਜੁਲਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਅਨੁਸਾਰ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।