ਰਣਇੰਦਰ ਵੱਲੋਂ ਆਵਲਾ ਦੇ ਹੱਕ ਵਿੱਚ ਪ੍ਰਚਾਰ

ਬੁਰਜਹਨੂੰਮਾਨਗੜ੍ਹ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਯੁਵਰਾਜ ਰਣਇੰਦਰ ਸਿੰਘ ਤੇ ਹੋਰ। -ਫੋਟੋ: ਬਰਾੜ

ਪੱਤਰ ਪ੍ਰੇਰਕ
ਮੰਡੀ ਅਰਨੀਵਾਲਾ, 8 ਅਕਤੂਬਰ
ਜਲਾਲਾਬਾਦ ਹਲਕੇ ਵਿਚ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਰਾਮਿੰਦਰ ਆਵਲਾ ਦੇ ਹੱਕ ਵਿਚ ਅੱਜ ਮੁੱਖ ਮੰਤਰੀ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਉਨ੍ਹਾਂ ਵੱਲੋਂ ਜਲਾਲਾਬਾਦ ਹਲਕੇ ਦੇ ਪਿੰਡ ਬੁਰਜਹਨੂੰਮਾਨਗੜ੍ਹ ਵਿੱਚ ਇੱਕਠ ਨੂੰ ਸੰਬੋਧਨ ਕੀਤਾ ਗਿਆ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਦੀ ਆਰਥਿਕਤਾ ਦਾ ਧੁਰਾ ਖੇਤੀ ਨੂੰ ਲੀਹਾਂ ਉਪਰ ਲੈ ਆਂਦਾ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ, ਉਥੇ ਹੀ ਮਜ਼ਦੂਰਾਂ ਦੀ ਹਾਲਤ ਵਿਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਕੀਤਾ ਗਿਆ, ਉਥੇ ਹੀ ਲੋਕਾਂ ਦੀਆਂ ਸਿਹਤ ਅਤੇ ਬੁਨਿਆਦੀ ਸਹੂਲਤਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਜਾਖੜ, ਜ਼ਿਲ੍ਹਾ ਪਰਿਸ਼ਦ ਮੈਂਬਰ ਰਾਜਪਾਲ ਸਿੰਘ, ਸੁਖਵੰਤ ਸਿੰਘ ਬਰਾੜ, ਬਠਿੰਡਾ ਜ਼ਿਲਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਗੁਰਵੀਰ ਸਿੰਘ ਸਰਪੰਚ, ਬਲਜੀਤ ਚਹਿਲ, ਹਨੀ ਚਹਿਲ, ਗੁਰਤੇਜ ਸਿੰਘ ਮੈਂਬਰ ਆਦਿ ਹਾਜ਼ਰ ਸਨ।