ਯੂੁਕਰੇਨ ’ਤੇ ਰੂਸੀ ਹਮਲਿਆਂ ’ਚ ਲੜਕੀ ਸਣੇ ਦੋ ਹਲਾਕ
ਕੀਵ, 31 ਮਈ
ਰੂਸ ਵੱਲੋਂ ਅੱਜ ਯੂੁਕਰੇਨ ’ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਕੀਤੇ ਹਮਲਿਆਂ ’ਚ ਨੌਂ ਸਾਲਾਂ ਦੀ ਬੱਚੀ ਸਣੇ ਦੋ ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਹਾਲੇ ਇਹ ਬੇਯਕੀਨੀ ਬਣੀ ਹੋਈ ਹੈ ਕਿ ਕੀਵ ਦੇ ਡਿਪਲੋਮੈਟ ਇਸਤਾਂਬੁਲ ’ਚ ਅਗਲੇ ਮਹੀਨ ਦੀ ਸ਼ੁਰੂਆਤ ’ਚ ਮਾਸਕੋ ਵੱਲੋਂ ਤਜਵੀਜ਼ਤ ਸ਼ਾਂਤੀ ਵਾਰਤਾ ਲਈ ਨਵੇਂ ਗੇੜ ’ਚ ਸ਼ਾਮਲ ਹੋਣਗੇ ਜਾਂ ਨਹੀਂ।
ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸੀ ਸੈਨਿਕਾਂ ਵੱਲੋਂ ਪੂਰੀ ਰਾਤ ਤੇ ਸ਼ਨਿਚਰਵਾਰ ਨੂੰ ਯੂਕਰੇਨ ’ਚ ਲਗਪਗ 109 ਡਰੋਨ ਤੇ ਪੰਜ ਮਿਜ਼ਾਈਲਾਂ ਦਾਗੀਆਂ ਗਈਆਂ। ਸੈਨਾ ਮੁਤਾਬਕ ਤਿੰਨ ਮਿਜ਼ਾਈਲਾਂ ਤੇ 42 ਡਰੋਨ ਨਸ਼ਟ ਕਰ ਦਿੱਤੇ ਗਏ, ਜਦਕਿ 30 ਡਰੋਨ ਆਪਣੇ ਨਿਸ਼ਾਨੇ ਤੱਕ ਪਹੁੰਚਣ ਤੋਂ ਖੁੰਝ ਗਏ। ਜ਼ੈਪੋਰਿਜ਼ੀਆ ਦੇ ਗਵਰਨਰ ਇਵਾਨ ਫੈਡਰੋਵ ਨੇ ਕਿਹਾ ਕਿ ਜ਼ੈਪੋਰਿਜ਼ੀਆ ਖੇਤਰ ਦੇ ਮੂਹਰਲੇ ਪਿੰਡ ਡੋਲਿੰਕਾ ਵਿੱਚ ਹਮਲੇ ਦੌਰਾਨ ਨੌਂ ਸਾਲਾਂ ਦੀ ਇੱਕ ਲੜਕੀ ਦੀ ਮੌਤ ਹੋ ਗਈ ਅਤੇ 16 ਸਾਲਾਂ ਦਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਫੈਡਰੋਵ ਨੇ ‘ਟੈਲੀਗ੍ਰਾਮ’ ਉੱਤੇ ਲਿਖਿਆ, ‘‘ਇੱਕ ਘਰ ਤਬਾਹ ਹੋ ਗਿਆ। ਧਮਾਕਿਆਂ ਦੇ ਝਟਕਿਆਂ ਨੇ ਕਈ ਹੋਰ ਘਰਾਂ, ਕਾਰਾਂ ਤੇ ਇਮਾਰਤਾਂ ਨੂੰ ਨੁਕਸਾਨ ਵੀ ਪਹੁੰਚਾਇਆ।’’
ਗਵਰਨਰ ਓਲੇਜ਼ਾਂਡਰ ਪਰੋਕੂਦਿਨ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਯੂਕਰੇਨ ਦੇ ਖੇਰਸਾਨ ਖੇਤਰ ’ਚ ਰੂਸੀ ਗੋਲਾਬਾਰੀ ’ਚ ਇੱਕ ਹੋਰ ਵਿਅਕਤੀ ਮਾਰਿਆ ਗਿਆ। ਦੂਜੇ ਪਾਸੇ ਹਮਲਿਆਂ ਸਬੰਧੀ ਰੂਸ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਯੂੁਕਰੇਨ ਦੇ ਦੋਨੇਤਸਕ ਇਲਾਕੇ ਦੇ ਪਿੰਡ ਨੋਵੋਪਿਲ ਅਤੇ ਉੱਤਰੀ ਸੂਮੀ ਇਲਾਕੇ ਦੇ ਪਿੰਡ ਵੋਡੋਲਾਹੀ ’ਤੇ ਕਬਜ਼ਾ ਕਰ ਲਿਆ ਹੈ। ਇਸ ਖੇਤਰ ’ਚ ਰੂਸੀ ਸੈਨਾ ਦੇ ਅੱਗੇ ਵਧਣ ਕਾਰਨ ਸੂਮੀ ’ਚ ਯੂਕਰੇਨੀ ਅਧਿਕਾਰੀਆਂ ਨੇ 11 ਹੋਰ ਪਿੰਡ ਖਾਲੀ ਕਰਨ ਦਾ ਹੁਕਮ ਦਿੱਤਾ ਹੈ। -ਏਪੀ