ਯੂਰੋ-2020 ਕੁਆਲੀਫਾਇਰ: ਬੈਲਜੀਅਮ ਤੇ ਨੀਦਰਲੈਂਡ ਜਿੱਤੇ

ਪੈਰਿਸ, 10 ਸਤੰਬਰ

ਨੀਦਰਲੈਂਡ ਅਤੇ ਐਸਤੋਨੀਆ ਵਿਚਾਲੇ ਖੇਡੇ ਗਏ ਮੈਚ ਦੌਰਾਨ ਭਿੜਦੇ ਹੋਏ ਖਿਡਾਰੀ। -ਫੋਟੋ: ਏਐੱਫਪੀ

ਬੈਲਜੀਅਮ ਅਤੇ ਨੀਦਰਲੈਂਡ ਦੋਵਾਂ ਨੇ ਯੂਰੋ-2020 ਕੁਆਲੀਫਾਈਂਗ ਫੁਟਬਾਲ ਟੂਰਨਾਮੈਂਟ ਵਿੱਚ ਆਸਾਨ ਜਿੱਤ ਨਾਲ ਅਗਲੇ ਸਾਲ ਹੋਣ ਵਾਲੇ ਯੂਰੋ ਫਾਈਨਲਜ਼ ਲਈ ਕੁਆਲੀਫਾਈ ਕਰਨ ਵੱਲ ਕਦਮ ਵਧਾਏ ਹਨ।
ਜਰਮਨੀ ਨੇ ਵੀ ਉਤਰੀ ਆਇਰਲੈਂਡ ਨੂੰ ਅਹਿਮ ਮੁਕਾਬਲੇ ਵਿੱਚ ਹਰਾਇਆ। ਜਰਮਨੀ ਨੇ 2-0 ਗੋਲਾਂ ਨਾਲ ਜਿੱਤ ਦਰਜ ਕੀਤੀ। ਬੈਲਜੀਅਮ ਨੇ ਸਕਾਟਲੈਂਡ ਨੂੰ 4-0 ਨਾਲ ਸ਼ਿਕਸਤ ਦਿੱਤੀ, ਜਦਕਿ ਨੀਦਰਲੈਂਡ ਨੇ ਵੀ ਐਸਟੋਨੀਆ ਨੂੰ 4-0 ਗੋਲਾਂ ਹਰਾਇਆ। ਦੁਨੀਆਂ ਦੀ ਅੱਵਲ ਨੰਬਰ ਰੌਬਰਟ ਮਾਰਟੈਨਜ਼ ਦੀ ਬੈਲਜੀਅਮ ਟੀਮ ਹਾਲਾਂਕਿ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ, ਪਰ ਇਸ ਦੇ ਬਾਵਜੂਦ ਸਕਾਟਲੈਂਡ ਨੂੰ ਹਰਾਉਣ ਵਿੱਚ ਸਫਲ ਰਹੀ। ਇੰਟਰ ਮਿਲਾਨ ਦੇ ਸਟਰਾਈਕਰ ਰੋਮੇਲੂ ਲੁਕਾਕੂ ਨੇ ਨੌਵੇਂ ਮਿੰਟ ਵਿੱਚ ਗੋਲ ਦਾਗ਼ ਕੇ ਬੈਲਜੀਅਮ ਨੂੰ ਲੀਡ ਦਿਵਾਈ। ਇਹ ਉਸ ਦਾ 49ਵਾਂ ਕੌਮਾਂਤਰੀ ਗੋਲ ਸੀ। ਡਿਫੈਂਡਰ ਥੌਮਸ ਵਰਮਾਇਲਨ ਅਤੇ ਟੌਬੀ ਅਲਡਰਵੇਰੇਡ ਨੇ ਇਸ ਮਗਰੋਂ ਇੱਕ-ਇੱਕ ਗੋਲ ਕੀਤਾ, ਜਦੋਂਕਿ ਮੈਨਚੈਸਟਰ ਸਿਟੀ ਦੇ ਮਿੱਡਫੀਲਡਰ ਕੇਵਿਨ ਡੀ ਬਰਿਊਨ ਨੇ ਮੈਚ ਖ਼ਤਮ ਹੋਣ ਤੋਂ ਅੱਠ ਮਿੰਟ ਟੀਮ ਲਈ ਚੌਥਾ ਗੋਲ ਦਾਗ਼ਿਆ।
ਗਰੁੱਪ ‘ਆਈ’ ਵਿੱਚ ਬੈਲਜੀਅਮ ਦੀ ਛੇ ਮੈਚਾਂ ਵਿੱਚ ਇਹ ਛੇਵੀਂ ਜਿੱਤ ਹੈ। ਹੋਰ ਮੈਚਾਂ ਵਿੱਚ ਗਰੁੱਪ ‘ਈ’ ਵਿੱਚ ਕ੍ਰੋਏਸ਼ੀਆ ਨੂੰ ਬਾਕੂ ਵਿੱਚ ਅਜ਼ਰਬੇਜਾਨ ਨੇ 1-1 ਨਾਲ ਬਰਾਬਰੀ ’ਤੇ ਰੋਕਿਆ, ਜਦਕਿ ਸਲੋਵਾਕੀਆ ਨੇ ਬੁਡਾਪੇਸਟ ਵਿੱਚ ਹੰਗਰੀ ਨੂੰ 2-1 ਨਾਲ ਹਰਾਇਆ। -ਏਐੱਫਪੀ