ਯੂਰਪ ਵਿੱਚ ਆਪਣਾ ਸਿੱਕਾ ਜਮਾਉਣ ਵਾਲਾ ਨੈਪੋਲੀਅਨ ਬੋਨਾਪਾਰਟ
ਸੰਧਰ ਵਿਸਾਖਾ
‘ਦੁਨੀਆ ਵਿੱਚ ਦੋ ਚੀਜ਼ਾਂ ਹੀ ਤਾਕਤਵਰ ਹਨ, ਪਹਿਲੀ ਆਤਮਾ ਤੇ ਦੂਜੀ ਤਲਵਾਰ, ਪਰ ਇੱਥੇ ਆਤਮਾ ਤਲਵਾਰ ਤੋਂ ਜਿੱਤ ਜਾਂਦੀ ਹੈ।’ ਇਹ ਸ਼ਬਦ ਉਸ ਮਹਾਨ ਇਨਸਾਨ ਦੇ ਹਨ ਜਿਸ ਦਾ ਨਾਮ ਸੀ ਨੈਪੋਲੀਅਨ ਬੋਨਾਪਾਰਟ। ਨੈਪੋਲੀਅਨ ਬੋਨਾਪਾਰਟ ਇੱਕ ਮਹਾਨ ਮਿਲਟਰੀ ਕਮਾਂਡਰ ਅਤੇ ਯੂਰਪ ਦਾ ਸਭ ਤੋਂ ਤਾਕਤਵਰ ਰਾਜਾ ਸੀ। ਉਸ ਦਾ ਜਨਮ 15 ਅਗਸਤ 1769 ਈਸਵੀ ਨੂੰ ਇਟਲੀ ਅਤੇ ਫਰਾਂਸ ਦੇ ਮਹਾਨ ਟਾਪੂ ਕੋਰਸਿਕਾ ਵਿਖੇ ਹੋਇਆ। 1700 ਈਸਵੀ ਵਿੱਚ ਕੋਰਸਿਕਾ ਉੱਤੇ ਜੇਨੋਆ ਸਾਮਰਾਜ ਦਾ ਰਾਜ ਸੀ। ਉਸ ਸਮੇਂ ਜੇਨੋਆ ਦਾ ਇਟਲੀ ਅਤੇ ਗ੍ਰੀਸ ਦੇ ਕੁੱਝ ਹਿੱਸਿਆਂ ਉੱਤੇ ਵੀ ਰਾਜ ਸਥਾਪਿਤ ਸੀ। ਕੋਰਸਿਕਾ ਰਾਜ ਦੇ ਲੋਕ ਜੇਨੋਆ ਦੇ ਰਾਜ ਤੋਂ ਬਹੁਤ ਦੁਖੀ ਸਨ। ਉਹ ਜੇਨੋਆ ਤੋਂ ਆਜ਼ਾਦ ਹੋਣ ਲਈ ਜੇਨੋਆ ਖਿਲਾਫ਼ ਸੰਘਰਸ਼ ਕਰ ਰਹੇ ਸਨ। ਇਸ ਸੰਘਰਸ਼ ਦੀ ਵਾਗਡੋਰ ਪਾਸਕੋਆਲੇ ਪਾਉਲੀ ਦੇ ਹੱਥ ਵਿੱਚ ਸੀ। ਹੌਲੀ ਹੌਲੀ ਇਹ ਲੜਾਈ ਬਹੁਤ ਜ਼ਿਆਦਾ ਵਧ ਗਈ ਤੇ 1760 ਈਸਵੀ ਤੱਕ ਇਹ ਛੋਟਾ ਜਿਹਾ ਦੇਸ਼ ਜੇਨੋਆ ਦੇ ਕਰਜ਼ੇ ਹੇਠਾਂ ਪੂਰੀ ਤਰ੍ਹਾਂ ਦੱਬ ਗਿਆ। 1768 ਈਸਵੀ ਨੂੰ ਜੇਨੋਆ ਨੇ ਇਸ ਦੇਸ਼ ਨੂੰ ਫਰਾਂਸ ਨੂੰ ਵੇਚ ਦਿੱਤਾ। ਕੋਰਸਿਕਾ ਵਿੱਚ ਰਹਿਣ ਵਾਲੇ ਸਾਰੇ ਆਜ਼ਾਦੀ ਘੁਲਾਟੀਏ ਆਪਣੇ ਦੇਸ਼ ਨੂੰ ਵੇਚੇ ਜਾਣ ’ਤੇ ਬਹੁਤ ਨਾਰਾਜ਼ ਹੋਏ, ਪਰ ਇਹ ਆਜ਼ਾਦੀ ਘੁਲਾਟੀਏ ਕਰ ਕੁੱਝ ਵੀ ਨਹੀਂ ਸੀ ਸਕਦੇ ਕਿਉਂਕਿ ਫਰਾਂਸ ਜਿਹੇ ਤਾਕਤਵਰ ਦੇਸ਼ ਨਾਲ ਪੰਗਾ ਲੈਣਾ ਤੇ ਲੜਨਾ ਉਨ੍ਹਾਂ ਦੇ ਵੱਸ ਵਿੱਚ ਨਹੀਂ ਸੀ।
1769 ਈਸਵੀ ਨੂੰ ਫਰਾਂਸ ਅਤੇ ਕੋਰਸਿਕਾ ਦੇ ਵਿਅਕਤੀਆਂ ਵਿਚਕਾਰ ਇੱਕ ਯੁੱਧ ਹੁੰਦਾ ਹੈ। ਇਸ ਯੁੱਧ ਨੂੰ ਇਤਿਹਾਸ ਵਿੱਚ ਪੋਂਟੇ ਨੋਵੋ ਦੀ ਲੜਾਈ ਦਾ ਨਾਮ ਦਿੱਤਾ ਗਿਆ ਹੈ। ਫਰਾਂਸ ਇਹ ਲੜਾਈ ਬਹੁਤ ਆਸਾਨੀ ਨਾਲ ਜਿੱਤ ਗਿਆ ਸੀ। ਇਹ ਲੜਾਈ ਜਿੱਤਣ ਤੋਂ ਬਾਅਦ ਕੋਰਸਿਕਾ ਨੂੰ ਹਮੇਸ਼ਾਂ ਲਈ ਫਰਾਂਸ ਦਾ ਹੀ ਹਿੱਸਾ ਬਣਾ ਦਿੱਤਾ ਗਿਆ। ਫਿਰ ਇਸ ਲੜਾਈ ਦੇ ਕਈ ਮਹੀਨੇ ਬਾਅਦ ਨੈਪੋਲੀਅਨ ਬੋਨਾਪਾਰਟ ਦਾ ਜਨਮ ਹੋਇਆ। ਨੈਪੋਲੀਅਨ ਬੋਨਾਪਾਰਟ ਦਾ ਪਿਤਾ ਕਾਰਲੋ ਬੋਨਾਪਾਰਟ ਵਕੀਲ ਸੀ ਤੇ ਉਹ ਕੋਰਸਿਕਾ ਦੇ ਆਜ਼ਾਦੀ ਘੁਲ਼ਾਟੀਏ ਪਾਸਕੋਆਲੇ ਪਾਉਲੀ ਦੇ ਨਾਲ ਰਲ ਕੇ ਕੋਰਸਿਕਾ ਨੂੰ ਆਜ਼ਾਦ ਕਰਾਉਣ ਲਈ ਲੜਾਈ ਲੜ ਰਿਹਾ ਸੀ, ਪਰ ਜਿਵੇਂ ਹੀ ਫਰਾਂਸ ਦੀ ਫੌਜ ਇਹ ਲੜਾਈ ਜਿੱਤ ਗਈ ਤਾਂ ਆਜ਼ਾਦੀ ਘੁਲਾਟੀਏ ਪਾਸਕੋਆਲੇ ਪਾਉਲੀ ਨੂੰ ਇਹ ਦੇਸ਼ ਛੱਡ ਕੇ ਅਚਾਨਕ ਦੌੜਨਾ ਪਿਆ, ਪਰ ਨੈਪੋਲੀਅਨ ਬੋਨਾਪਾਰਟ ਦੇ ਪਿਤਾ ਕਾਰਲੋ ਬੋਨਾਪਾਰਟ ਨੇ ਦੇਸ਼ ਛੱਡ ਕੇ ਦੌੜਨਾ ਠੀਕ ਨਾ ਸਮਝਿਆ ਸਗੋਂ ਫਰਾਂਸ ਸਾਮਰਾਜ ਦੇ ਅਧਿਕਾਰੀਆਂ ਦੀ ਚਾਪਲੂਸੀ ਕਰਨੀ ਸ਼ੁਰੂ ਕਰ ਦਿੱਤੀ। ਚਾਪਲੂਸੀ ਕਰਨ ਕਰਕੇ ਹੀ ਕਾਰਲੋ ਬੋਨਾਪਾਰਟ ਨੂੰ ਕੁਲੀਨਤਾ ਦੀ ਸਥਿਤੀ (STATUS OF NOBILITY) ਦਾ ਦਰਜਾ ਮਿਲ ਗਿਆ। 1777 ਈਸਵੀ ਤੱਕ ਕਾਰਲੋ ਬੋਨਾਪਾਰਟ ਕੋਰਸਿੱਕਾ ਦਾ ਸਿਰਕੱਢ ਆਗੂ ਬਣ ਗਿਆ। ਉਸ ਵਕਤ ਫਰਾਂਸ ’ਤੇ ਲੁਈਸ 16ਵੇਂ ਦਾ ਰਾਜ ਸੀ।
ਆਪਣੇ ਪਿਤਾ ਨੂੰ ਫਰਾਂਸ ਦੇ ਅਧਿਕਾਰੀਆਂ ਦੀ ਚਾਪਲੂਸੀ ਕਰਦੇ ਵੇਖ ਨੈਪੋਲੀਅਨ ਬਹੁਤ ਦੁਖੀ ਹੁੰਦਾ। ਉਹ ਆਪਣੇ ਪਿਤਾ ਨੂੰ ਗ਼ੱਦਾਰ ਮੰਨਦਾ ਸੀ, ਪਰ ਨੈਪੋਲੀਅਨ ਨੂੰ ਇਹ ਵੀ ਪਤਾ ਸੀ ਕਿ ਉਸ ਨੂੰ ਅਤੇ ਉਸ ਦੇ ਭਰਾ ਜੌਸਫ ਨੂੰ ਉਸ ਦੇ ਪਿਤਾ ਕਰਕੇ ਹੀ ਸਕਾਲਰਸ਼ਿਪ ਮਿਲੀ ਸੀ। ਇਸ ਸਕਾਲਰਸ਼ਿਪ ਦੇ ਆਧਾਰ ’ਤੇ ਅਤੇ ਉਸ ਦੇ ਪਿਤਾ ਦੇ ਆਗੂ ਹੋਣ ਕਰਕੇ ਹੀ ਨੈਪੋਲੀਅਨ ਨੂੰ ਫਰਾਂਸ ਦੀ ਮਿਲਟਰੀ ਅਕਾਦਮੀ ਵਿੱਚ ਦਾਖਲਾ ਮਿਲਿਆ ਸੀ। ਉਹ ਕਈ ਹੋਰ ਵਿਸ਼ਿਆਂ ਦੇ ਨਾਲ ਨਾਲ ਹਿਸਾਬ ਅਤੇ ਭੂਗੋਲ ਦੇ ਵਿਸ਼ੇ ਨੂੰ ਬਹੁਤ ਉਤਸ਼ਾਹ ਨਾਲ ਪੜ੍ਹਦਾ ਸੀ। ਉਸ ਦਾ ਸੁਫ਼ਨਾ ਸੀ ਕਿ ਉਹ ਆਪਣੇ ਦੇਸ਼ ਕੋਰਸਿਕਾ ਨੂੰ ਇੱਕ ਦਿਨ ਫਰਾਂਸ ਤੋਂ ਆਜ਼ਾਦ ਕਰਾਉਣ ਵਿੱਚ ਜ਼ਰੂਰ ਸਫਲ ਹੋਵੇਗਾ। ਮਿਲਟਰੀ ਅਕਾਦਮੀ ਵਿੱਚ ਪੜ੍ਹਦੇ ਸਮੇਂ ਉਸ ਨੇ ਸ਼ਾਹੀ ਤੋਪਖਾਨੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਕੁੱਝ ਹੀ ਸਮੇਂ ਵਿੱਚ ਉਸ ਨੂੰ ਸੈਕਿੰਡ ਲੈਫਟੀਨੈਂਟ ਬਣਾ ਦਿੱਤਾ ਗਿਆ।
1789 ਈਸਵੀ ਨੂੰ ਫਰਾਂਸ ਵਿੱਚ ਫਰਾਂਸ ਕ੍ਰਾਂਤੀ ਸ਼ੁਰੂ ਹੋ ਗਈ। ਇਸੇ ਕ੍ਰਾਂਤੀ ਦੌਰਾਨ ਪਾਸਕੋਆਲੇ ਪਾਉਲੀ ਨੂੰ ਵੀ ਮੁਆਫ਼ੀ ਮਿਲ ਗਈ। ਪਾਸਕੋਆਲੇ ਪਾਉਲੀ 20 ਸਾਲ ਬਾਅਦ ਮੁੜ ਕੋਰਸਿਕਾ ਆ ਗਿਆ। ਉਸ ਦੇ ਮੁੜ ਕੋਰਸਿਕਾ ਆਉਣ ਸਾਰ ਹੀ ਨੈਪੋਲੀਅਨ ਦੇ ਪਿਤਾ ਕਾਰਲੋ ਬੋਨਾਪਾਰਟ ਨੂੰ ਗ਼ੱਦਾਰ ਐਲਾਨ ਦਿੱਤਾ ਗਿਆ। ਨੈਪੋਲੀਅਨ ਦੇ ਸਾਰੇ ਪਰਿਵਾਰ ਨੂੰ ਕੋਰਸਿਕਾ ਤੋਂ ਬਾਹਰ ਕੱਢ ਦਿੱਤਾ ਅਤੇ 1785 ਈਸਵੀ ਨੂੰ ਫਰਾਂਸ ਵਿੱਚ ਰਹਿੰਦੇ ਹੋਏ ਨੈਪੋਲੀਅਨ ਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਸਮੇਂ ਨੈਪੋਲੀਅਨ 16 ਕੁ ਸਾਲ ਦਾ ਸੀ। 1789 ਈਸਵੀ ਵਿੱਚ ਫਰਾਂਸ ਵਿੱਚ ਕ੍ਰਾਂਤੀ ਫੈਲ ਗਈ। ਉਸ ਸਮੇਂ ਲੁਈਸ 16ਵੇਂ ਦਾ ਰਾਜ ਸੀ। ਨੈਪੋਲੀਅਨ ਕੋਰਸਿਕਾ ਵਿੱਚ ਸ਼ਾਮਲ ਹੋ ਗਿਆ ਜੋ ਪਹਿਲਾਂ ਹੀ ਪਾਉਲੀ ਦਾ ਵਿਰੋਧੀ ਸੀ। ਉਸ ਤੋਂ ਬਾਅਦ ਫਰਾਂਸ ਦੇ ਦੱਖਣ ਵੱਲ ਘੁੱਗ ਵਸਦੇ ਸ਼ਹਿਰ ਟੂਲੋਨ ’ਤੇ ਬ੍ਰਿਟਿਸ਼ ਫ਼ੌਜ ਨੇ ਹਮਲਾ ਕਰ ਦਿੱਤਾ। ਟੂਲੋਨ ਵਿੱਚ ਫਰਾਂਸ ਦੀ ਫੌਜ ਦਾ ਬਹੁਤ ਵੱਡਾ ਅੱਡਾ ਸੀ। ਟੂਲੋਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਨੈਪੋਲੀਅਨ ਨੂੰ ਸੌਂਪੀ ਗਈ। ਬਹੁਤ ਵੱਡੇ ਪੱਧਰ ’ਤੇ ਘਮਸਾਨ ਯੁੱਧ ਹੋਇਆ ਤੇ ਅਖੀਰ ਨੈਪੋਲੀਅਨ ਜਿੱਤ ਗਿਆ। ਨੈਪੋਲੀਅਨ ਦੇ ਜਿੱਤਣ ’ਤੇ ਉਸ ਨੂੰ ਬ੍ਰਿਗੇਡੀਅਰ ਜਨਰਲ ਬਣਾ ਦਿੱਤਾ ਗਿਆ।
15 ਅਗਸਤ 1795 ਤੱਕ ਆਉਂਦੇ ਆਉਂਦੇ ਸ਼ਾਹੀ ਪਰਿਵਾਰ ਨੇ ਫਰਾਂਸ ’ਤੇ ਧਾਵਾ ਬੋਲ ਦਿੱਤਾ। ਇਸ ਹਮਲੇ ਦੀ ਜ਼ਿੰਮੇਵਾਰੀ ਮੁੜ ਨੈਪੋਲੀਅਨ ਨੂੰ ਦਿੱਤੀ ਗਈ ਤੇ ਉਹ ਇਸ ਲੜਾਈ ਨੂੰ ਬਹੁਤ ਆਸਾਨੀ ਨਾਲ ਜਿੱਤ ਗਿਆ। 1796 ਈਸਵੀ ਵਿੱਚ ਨੈਪੋਲੀਅਨ ਨੇ ਜੋਸੇਫੀਨ ਨਾਮ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਸਿਰਫ਼ ਦੋ ਦਿਨ ਬਾਅਦ ਫਰਾਂਸ ਵਿੱਚ ਰਹਿਣ ਪਿੱਛੋਂ ਉਹ ਇਟਲੀ ਚਲਾ ਗਿਆ। ਉਸ ਸਮੇਂ ਇਟਲੀ ਦੇ ਕਈ ਹਿੱਸੇ ਆਸਟਰੀਆ ਦੇ ਅਧੀਨ ਸਨ ਤੇ ਕਈ ਫਰਾਂਸ ਅਧੀਨ। ਨੈਪੋਲੀਅਨ ਨੇ ਯੁੱਧ ਕਰਕੇ ਇਟਲੀ ਤੇ ਆਸਟਰੀਆ ਦੇ ਉਹ ਸਾਰੇ ਰਾਜ ਫਰਾਂਸ ਸਾਮਰਾਜ ਦੇ ਅਧੀਨ ਕਰ ਲਏ। ਉਸ ਸਮੇਂ ਇੰਗਲੈਂਡ ਫਰਾਂਸ ਦਾ ਸਭ ਤੋਂ ਵੱਡਾ ਵਿਰੋਧੀ ਸੀ। ਠੀਕ ਉਸ ਸਮੇਂ ਨੈਪੋਲੀਅਨ ਪੂਰਬ ਵੱਲ ਵਧਣਾ ਚਾਹੁੰਦਾ ਸੀ। ਜਿਨ੍ਹਾਂ ਦੇਸ਼ਾਂ ’ਤੇ ਉਸ ਸਮੇਂ ਇੰਗਲੈਂਡ ਦਾ ਰਾਜ ਸੀ, ਉਨ੍ਹਾਂ ਵਿੱਚ ਇੱਕ ਭਾਰਤ ਵੀ ਸੀ। ਨੈਪੋਲੀਅਨ ਟੀਪੂ ਸੁਲਤਾਨ ਦੀ ਮਦਦ ਨਾਲ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣਾ ਚਾਹੁੰਦਾ ਸੀ, ਪਰ ਇਹ ਸੰਭਵ ਨਾ ਹੋ ਸਕਿਆ ਕਿਉਂਕਿ ਉਹ ਰਸਤੇ ਵਿੱਚ ਹੀ 1798 ਈਸਵੀ ਨੂੰ ਮਿਸਰ ਵਿਖੇ ਹੋਈ ਲੜਾਈ ਵਿੱਚ ਹਾਰ ਗਿਆ। ਇਸ ਲੜਾਈ ਨੂੰ ਇਤਿਹਾਸ ਵਿੱਚ ਨੀਲ ਯੁੱਧ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਨੈਪੋਲੀਅਨ ਇਸ ਲੜਾਈ ਵਿੱਚ ਹਾਰਨ ਤੋਂ ਬਾਅਦ ਮੁੜ ਫਰਾਂਸ ਚਲਾ ਗਿਆ।
1799 ਈਸਵੀ ਨੂੰ ਉਸ ਨੇ ਫਰਾਂਸ ਦਾ ਤਖ਼ਤਾ ਪਲਟਾ ਦਿੱਤਾ ਤੇ ਫਰਾਂਸ ਦੀ ਵਾਗਡੋਰ ਪੂਰੀ ਤਰ੍ਹਾਂ ਆਪਣੇ ਹੱਥ ਵਿੱਚ ਕਰ ਲਈ। 1804 ਈਸਵੀ ਨੂੰ ਪੋਪ ਦੀ ਮਦਦ ਨਾਲ ਉਹ ਫਰਾਂਸ ਦਾ ਬਾਦਸ਼ਾਹ ਬਣ ਗਿਆ। ਬਾਦਸ਼ਾਹ ਬਣਨ ਮਗਰੋਂ ਨੈਪੋਲੀਅਨ ਨੇ 1805 ਈਸਵੀ ਨੂੰ ਰੂਸ ਤੇ ਆਸਟਰੀਆ ਨਾਲ ਯੁੱਧ ਲੜਿਆ। ਲਗਭਗ 26,000 ਸੈਨਿਕ ਇਸ ਭਿਆਨਕ ਯੁੱਧ ਵਿੱਚ ਮਾਰੇ ਗਏ ਸਨ। ਇਹ ਯੁੱਧ ਜਿੱਤ ਕੇ ਨੈਪੋਲੀਅਨ ਨੇ ਪੂਰੇ ਯੂਰਪ ’ਤੇ ਆਪਣਾ ਸਿੱਕਾ ਜਮਾਇਆ। ਇਸ ਦੌਰਾਨ ਉਸ ਨੇ ਪੁਰਤਗਾਲ, ਸਪੇਨ ’ਤੇ ਵੀ ਪੂਰੀ ਤਰ੍ਹਾਂ ਆਪਣਾ ਕਬਜ਼ਾ ਕਰ ਲਿਆ ਸੀ। ਉਸ ਨੇ ਇਟਲੀ, ਜਰਮਨੀ, ਹਾਲੈਂਡ ਦੇ ਕਈ ਹਿੱਸਿਆ ’ਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ। 1812 ਈਸਵੀ ਨੂੰ ਉਸ ਨੇ ਰੂਸ ’ਤੇ ਦੁਬਾਰਾ ਚੜ੍ਹਾਈ ਕਰ ਦਿੱਤੀ ਤੇ ਘਮਸਾਨ ਦਾ ਯੁੱਧ ਕੀਤਾ। ਮਾਸਕੋ ਜਿੱਤਣ ਉਪਰੰਤ ਜਦੋਂ ਨੈਪੋਲੀਅਨ ਬੋਨਾਪਾਰਟ ਮੁੜ ਫਰਾਂਸ ਆਇਆ ਤਾਂ ਉਹ ਬਹੁਤ ਥੱਕਿਆ ਟੁੱਟਿਆ ਸੀ। ਵਿਰੋਧੀ ਫ਼ੌਜਾਂ ਨੇ ਮੌਕਾ ਵੇਖ ਕੇ ਉਸ ’ਤੇ ਹੱਲਾ ਬੋਲ ਦਿੱਤਾ ਤੇ ਉਸ ਨੂੰ ਕੈਦ ਕਰ ਲਿਆ। ਕੈਦ ਕਰਨ ਉਪਰੰਤ ਉਸ ਨੂੰ ਅੱਲਵਾ ਵਿਖੇ ਅੱਲਵਾ ਦੀਪ ਭੇਜ ਦਿੱਤਾ, ਪਰ ਉਹ ਉੱਥੋਂ ਜੇਲ੍ਹ ਵਿੱਚੋਂ ਬਹੁਤ ਛੇਤੀ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਮੁੜ ਫਰਾਂਸ ਆ ਗਿਆ। ਫਰਾਂਸ ਦੀ ਸੱਤਾ ਮੁੜ ਉਸ ਨੇ ਆਪਣੇ ਹੱਥ ਵਿੱਚ ਕਰ ਲਈ। ਫਿਰ ਉਸ ਨੇ ਬੈਲਜੀਅਮ ’ਤੇ ਹਮਲਾ ਕਰ ਦਿੱਤਾ। ਦੂਸਰੇ ਪਾਸੇ ਪਾਰਸੀਆਂ, ਇੰਗਲੈਂਡ, ਆਸਟਰੀਆ ਅਤੇ ਰੂਸ ਸਨ। ਵਿਰੋਧੀ ਫੌਜਾਂ ਜਿਵੇਂ ਹੀ ਨੈਪੋਲੀਅਨ ਨਾਲ ਭਿੜੀਆਂ ਤਾਂ ਉਹ ਲਾਸ਼ਾਂ ਦੇ ਸੱਥਰ ਵਿਛਾਉਂਦਾ ਜਾ ਰਿਹਾ ਸੀ। ਉਹ ਇੱਕ ਅਜਿਹਾ ਕਾਲਾ ਤੂਫ਼ਾਨ ਸੀ ਕਿ ਜਿਸ ਅੱਗੇ ਕੋਈ ਵੀ ਨਹੀਂ ਸੀ ਟਿਕ ਰਿਹਾ। ਉਹ ਦਹਾੜ ਰਿਹਾ ਸੀ, ਸਭ ਨੂੰ ਆਪਣੇ ਪੈਰਾਂ ਹੇਠ ਲਿਤਾੜ ਰਿਹਾ ਸੀ, ਪਰ ਅਚਾਨਕ ਰਾਤ ਨੂੰ ਇੱਕ ਨਿੱਕੀ ਜਿਹੀ ਬੱਦਲੀ ਨੇ ਮੀਂਹ ਵਰਸਾ ਦਿੱਤਾ। ਵਾਟਰਲੂ ਦੀ ਤਿਲ੍ਹਕਣੀ ਧਰਤੀ ਤੋਂ ਨੈਪੋਲੀਅਨ ਬੋਨਾਪਾਰਟ ਬਿਲਕੁਲ ਅਣਜਾਣ ਸੀ। ਉਸ ਦੀਆਂ ਫ਼ੌਜਾਂ ਤਿਲ੍ਹਕਣ ਲੱਗੀਆਂ।
ਆਖ਼ਰ ਜ਼ਖ਼ਮੀ ਨੈਪੋਲੀਅਨ ਨੂੰ ਵਿਰੋਧੀ ਫ਼ੌਜਾਂ ਨੇ ਫੜ ਲਿਆ ਸੀ ਤੇ ਉਸ ਨੂੰ ਸੈਂਟ ਹੌਲੇਨ ਦੀਪ ’ਤੇ ਬਹੁਤ ਸਖ਼ਤ ਪਹਿਰੇ ਹੇਠਾਂ ਰੱਖਿਆ ਗਿਆ। ਤਕਰੀਬਨ 6 ਸਾਲ ਬਾਅਦ ਉਹ ਤਸ਼ੱਦਦ ਅੱਗੇ ਹਾਰ ਗਿਆ ਤੇ ਸਦਾ ਦੀ ਨੀਂਦ ਸੌਂ ਗਿਆ।
ਸੰਪਰਕ: +1 (647) 234-7466