ਨਵੀਂ ਦਿੱਲੀ, 4 ਫਰਵਰੀਭਾਰਤ ਵਿੱਚ ਬੱਚਿਆਂ ਤੇ ਨਾਬਾਲਗਾਂ ਦੀ ਸੜਕ ਸੁਰੱਖਿਆ ਲਈ ਯੂਨੀਸੇਫ ਨੇ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਕੋਲੈਬੋਰੇਟਿੰਗ ਸੈਂਟਰ ਫਾਰ ਇੰਜਰੀ ਪ੍ਰੀਵੈਂਸ਼ਨ ਐਂਡ ਸੇਫਟੀ ਦੇ ਸਹਿਯੋਗ ਨਾਲ ਅੱਜ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ਼ (ਨਿਮਹਾਂਸ) ਵਿਖੇ ਖ਼ਾਕਾ ਜਾਰੀ ਕੀਤਾ ਹੈ।ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ, ‘‘ਸੜਕ ਹਾਦਸੇ ਅੱਜ ਬੱਚਿਆਂ ਤੇ ਨਾਬਾਲਗਾਂ ਦੀ ਮੌਤ ਦਾ ਮੁੱਖ ਕਾਰਨ ਹਨ, ਜੋ ਦੇਸ਼ ਵਿੱਚ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਸਾਰੀਆਂ ਮੌਤਾਂ ਦਾ ਦਸ ਫੀਸਦ ਹਨ।’’ਨਿਮਹਾਂਸ ਵਿੱਚ ਡਬਲਿਊਐੱਚਓ ਦੇ ਕੋਲੈਬੋਰੇਟਿੰਗ ਸੈਂਟਰ ਫਾਰ ਇੰਜਰੀ ਪ੍ਰੀਵੈਂਸ਼ਨ ਐਂਡ ਸੇਫਟੀ ਦੇ ਮੁਖੀ ਪ੍ਰੋਫੈਸਰ ਗੌਤਮ ਮੈਲੂਰ ਨੇ ਕਿਹਾ, ‘‘ਭਾਰਤ ਵਿੱਚ ਸੜਕ ਹਾਦਸਿਆਂ ਦੌਰਾਨ ਹਰ ਰੋਜ਼ 18 ਤੱਕ ਸਾਲ ਦੀ ਉਮਰ ਦੇ ਲਗਪਗ 45 ਹਜ਼ਾਰ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਹਨ। ਸਾਲ 2022 ਵਿੱਚ ਇਸ ਉਮਰ ਵਰਗ ਦੀਆਂ 16,443 ਮੌਤਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਦੀ ਘੱਟ ਰਿਪੋਰਟਿੰਗ ਕਾਰਨ ਅਸਲ ਗਿਣਤੀ 20 ਫੀਸਦ ਵੱਧ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਰ ਸਾਲ ਲਗਪਗ 50 ਲੱਖ ਬੱਚੇ ਗ਼ੈਰ-ਘਾਤਕ ਸੱਟਾਂ ਤੋਂ ਪੀੜਤ ਹੁੰਦੇ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਨ ਦੀ ਲੋੜ ਹੁੰਦੀ ਹੈ।’’ਭਾਰਤ ਵਿੱਚ ਬੱਚਿਆਂ ਲਈ ਸੜਕ ਸੁਰੱਖਿਆ ਮਾਪਦੰਡਾਂ ਦੀ ਸਭ ਤੋਂ ਵੱਧ ਲੋੜ ’ਤੇ ਜ਼ੋਰ ਦਿੰਦਿਆਂ ਯੂਨੀਸੇਫ ਇੰਡੀਆ ਦੇ ਸਿਹਤ ਆਫੀਸਰ ਇੰਚਾਰਜ ਵਿਵੇਕ ਸਿੰਘ ਨੇ ਕਿਹਾ, ‘‘ਬੱਚੇ ਆਪਣੀ ਸਰੀਰਕ, ਵਿਕਾਸਸ਼ੀਲ ਤੇ ਸਰੀਰਕ ਵਿਸ਼ੇਸ਼ਤਾਵਾਂ ਕਾਰਨ ਗੰਭੀਰ ਸੱਟਾਂ ਦਾ ਸ਼ਿਕਾਰ ਹੁੰਦੇ ਹਨ। ਲਗਪਗ 50 ਫੀਸਦ ਮੌਤਾਂ ਘਟਨਾ ਸਥਾਨ ’ਤੇ ਹੀ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਸਿਰ ਦੀਆਂ ਸੱਟਾਂ ਸਭ ਤੋਂ ਆਮ ਹਨ। ਉਸ ਮਗਰੋਂ ਸਰੀਰ ਦੇ ਹੇਠਲੇ ਹਿੱਸਿਆਂ ’ਤੇ ਸੱਟਾਂ ਲਗਦੀਆਂ ਹਨ। ਬੱਚਿਆਂ ਦੀਆਂ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਯੂਨੀਸੇਫ ਨੇ ਉਨ੍ਹਾਂ ਲਈ ਸੁਰੱਖਿਅਤ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਹੈ।’’ -ਏਐੱਨਆਈ