ਯੂਨੀਵਰਸਿਟੀ ’ਚ ਅਧਿਆਪਕਾਂ ਦੀ ਸਿਖਲਾਈ ਲਈ ਦੋ ਕੋਰਸ ਸ਼ੁਰੂ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੂਨ
ਪੰਜਾਬੀ ਯੂਨੀਵਰਸਿਟੀ ਦੇ ਯੂਜੀਸੀ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿੱਚ ਦੋ ਨਵੇਂ ਕੋਰਸ ਸ਼ੁਰੂ ਹੋਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਅਨੁਸਾਰ ਉਚੇਰੀ ਸਿੱਖਿਆ ਨਾਲ ਜੁੜੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਇਨ੍ਹਾਂ ਕੋਰਸਾਂ ਵਿੱਚੋਂ ਇੱਕ ਕੋਰਸ ‘ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ ਹੈ ਅਤੇ ਦੂਜਾ ‘ਫਿਜ਼ੀਕਲ ਸਾਇੰਸਜ਼, ਕੈਮੀਕਲ ਸਾਇੰਸਜ਼ ਅਤੇ ਇੰਜਨੀਅਰਿੰਗ' ਵਿਸ਼ੇ ਨਾਲ਼ ਸਬੰਧਤ ਰਿਫ਼ਰੈਸ਼ਰ ਕੋਰਸ ਹੈ। ਦੋਹਾਂ ਕੋਰਸਾਂ ਦੇ ਸਾਂਝੇ ਉਦਘਾਟਨੀ ਸੈਸ਼ਨ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਮੁੱਖ ਮਹਿਮਾਨ ਅਤੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੁੱਖ ਮਹਿਮਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ‘ਗੁਰੂ ਦਕਸ਼ਤਾ ਪ੍ਰੋਗਰਾਮ’ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਇਸ ਪੇਸ਼ੇ ਦੀਆਂ ਨੈਤਿਕ ਅਤੇ ਤਕਨੀਕੀ ਜ਼ਿੰਮੇਵਾਰੀਆਂ ਬਾਰੇ ਸਿੱਖਿਅਤ ਕਰ ਕੇ ਇੱਕ ਚੰਗਾ ਅਧਿਆਪਕ ਹੋਣ ਦਾ ਕਾਰਜ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ‘ਰਿਫਰੈਸ਼ਰ ਕੋਰਸ’ ਦਾ ਮਕਸਦ ਅਨੁਭਵੀ ਅਧਿਆਪਕਾਂ ਨੂੰ ਗਿਆਨ ਦੇ ਨਵੇਂ ਖੇਤਰਾਂ ਅਤੇ ਰੁਝਾਨਾਂ ਨਾਲ ਜੋੜਨਾ ਹੈ। ਕੋ-ਕੋਆਰਡੀਨੇਟਰ ਡਾ. ਕਰਮਜੀਤ ਧਾਲੀਵਾਲ ਨੇ ਕੋਰਸਾਂ ਵਿੱਚ ਸ਼ਾਮਲ ਹੋਣ ਵਾਲੇ ਅਧਿਆਪਕਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਕੋ-ਕੋਆਰਡੀਨੇਟਰ ਡਾ. ਅਵਨੀਤਪਾਲ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।