ਯੂਟੀ ਪ੍ਰਸ਼ਾਸਨ ਸ਼ਹਿਰ ਨੂੰ ਸੈਰ ਸਪਾਟੇ ਵਜੋਂ ਕਰੇਗਾ ਵਿਕਸਿਤ
ਆਤਿਸ਼ ਗੁਪਤਾ
ਚੰਡੀਗੜ੍ਹ, 14 ਅਪਰੈਲ
ਯੂਟੀ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਸੈਰ ਸਪਾਟੇ ਦੇ ਖੇਤਰ ’ਚ ਵਿਕਸਿਤ ਕਰਨ ਲਈ ਤਿਆਰੀ ਖਿੱਚ ਲਈ ਹੈ। ਇਸੇ ਲਈ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੀ ਨਵੀਂ ਸੈਰ ਸਪਾਟਾ ਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਦਾ ਖਰੜਾ ਪ੍ਰਸ਼ਾਸਨ ਵੱਲੋਂ ਅਪਰੈਲ ਮਹੀਨੇ ਦੇ ਆਖੀਰ ਤੱਕ ਜਾਰੀ ਕਰ ਦਿੱਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨਵੀਂ ਸੈਰ ਸਪਾਟਾ ਨੀਤੀ ਵਿੱਚ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਵੇਗਾ। ਇਸ ਲਈ ਪ੍ਰਸ਼ਾਸਨ ਵੱਲੋਂ ਹਿਮਾਚਲ ਪ੍ਰਦੇਸ਼, ਦਿੱਲੀ, ਕੇਰਲ, ਹਰਿਆਣਾ ਤੇ ਹੋਰਨਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸੈਰ ਸਪਾਟਾ ਨੀਤੀਆਂ ਦੀ ਪੜਚੋਲ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਰ ਸਪਾਟਾ ਖੇਤਰ ਨਾਲ ਜੁੜੇ ਤੇ ਹੋਟਲ ਮਾਲਕਾਂ ਦੇ ਵਿਚਾਰ ਵੀ ਲਏ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਨਵੀਂ ਸੈਰ ਸਪਾਟਾ ਨੀਤੀ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਜੇਬ੍ਹ ਅਨੁਸਾਰ ਆਨਲਾਈਨ ਹੀ ਸੈਰ ਸਪਾਟੇ ਦੀਆਂ ਥਾਵਾਂ ਅਤੇ ਹੋਟਲਾਂ ਵਿੱਚ ਰਹਿਣ-ਸਹਿਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਯੂਟੀ ਪ੍ਰਸ਼ਾਸਨ ਵੱਲੋਂ ਨਵੀਂ ਸੈਰ ਸਪਾਟਾ ਨੀਤੀ ਵਿੱਚ ਆਨਲਾਈਨ ਟਿਕਟਿੰਗ ਤੋਂ ਲੈ ਕੇ ਹੋਰ ਕੰਮਾਂ ਲਈ ਸਿੰਗਲ ਵਿੰਡੋ ਸਿਸਟਮ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸੈਰ ਸਪਾਟੇ ਦੇ ਖੇਤਰਾਂ ਬਾਰੇ ਜਾਣਕਾਰੀ ਦੇਣ ਲਈ ਸੈਕਟਰ-1 ਵਿੱਚ ਸਥਿਤ ਕੈਪੀਟਲ ਕੰਪਲੈਕਸ, ਰੌਕ ਗਾਰਡਨ, ਰੋਜ਼ ਗਾਰਡਨ, ਸੁਖਨਾ ਝੀਲ, ਬਰਡ ਪਾਰਕ, ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ, ਸੈਕਟਰ-10 ਵਿੱਚ ਸਥਿਤ ਸਰਕਾਰੀ ਮਿਊਜ਼ੀਅਮ ਤੇ ਆਰਟ ਗੈਲਰੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਯੂਟੀ ਪ੍ਰਸ਼ਾਸਨ ਵੱਲੋਂ ਨਵੀਂ ਸੈਰ ਸਪਾਟਾ ਨੀਤੀ ਵਿੱਚ ਸੈਲਾਨੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਲਈ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ ਦੀ ਮਦਦ ਤੇ ਸੁਰੱਖਿਆ ਲਈ ਢਾਈ ਦਰਜਨ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਹਰ ਸਾਲ 30 ਹਜ਼ਾਰ ਵਿਦੇਸ਼ੀ ਸੈਲਾਨੀ ਆਉਂਦੇ ਨੇ ਚੰਡੀਗੜ੍ਹ
ਚੰਡੀਗੜ੍ਹ ਵਿੱਚ ਸੈਰ ਸਪਾਟੇ ਦੇ ਖੇਤਰ ਵਿੱਚ ਦੁਨਿਆਂ ਭਰ ਵਿੱਚ ਪ੍ਰਸਿੱਧ ਸ਼ਹਿਰ ਹੈ। ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਚੰਡੀਗੜ੍ਹ ਵਿੱਚ 30 ਹਜ਼ਾਰ ਵਿਦੇਸ਼ੀ ਸੈਲਾਨੀ ਘੁੰਮਣ ਲਈ ਆਉਂਦੇ ਹਨ। ਇਸ ਤੋਂ ਇਲਾਵਾ 12 ਲੱਖ ਘਰੇਲੂ ਸੈਲਾਨੀ ਚੰਡੀਗੜ੍ਹ ਆਉਂਦੇ ਹਨ। ਹੁਣ ਸੈਰ ਸਪਾਟਾ ਵਿਭਾਗ ਵੱਲੋਂ ਵਿਦੇਸ਼ੀ ਤੇ ਘਰੇਲੂ ਸੈਲਾਨੀਆਂ ਦੀ ਆਮਦ ਦਾ ਡੇਟਾ ਰੱਖਣ ਲਈ ਪੋਰਟਲ ਵੀ ਤਿਆਰ ਕੀਤਾ ਜਾ ਰਿਹਾ ਹੈ।