ਯੂਟੀ ਪ੍ਰਸ਼ਾਸਨ ਨੇ ਕੈਂਬਵਾਲਾ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਆਤਿਸ਼ ਗੁਪਤਾ
ਚੰਡੀਗੜ੍ਹ, 10 ਜੂਨ
ਯੂਟੀ ਪ੍ਰਸ਼ਾਸਨ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਸੁਖਨਾ ਕੈਚਮੈਂਟ ਏਰੀਏ ਵਿੱਚ ਆਉਣ ਵਾਲੇ ਪਿੰਡ ਕੈਂਬਵਾਲਾਂ ਦੀਆਂ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਹਨ। ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੇ ਆਦੇਸ਼ ’ਤੇ ਕੀਤੀ ਗਈ ਹੈ। ਇਸ ਦੌਰਾਨ ਯੂਟੀ ਪ੍ਰਸ਼ਾਸਨ ਨੇ ਪਿੰਡ ਕੈਂਬਵਾਲਾ ਵਿੱਚ ਸਥਿਤ 20 ਦੁਕਾਨਾਂ, 9 ਟੀਨ ਦੇ ਸ਼ੈੱਡ ਅਤੇ ਦੋ ਖੋਖਿਆਂ ਨੂੰ ਹਟਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਅੱਜ ਸਵੇਰ ਸਮੇਂ ਯੂਟੀ ਪ੍ਰਸ਼ਾਸਨ ਦੀ ਟੀਮ ਭਾਰੀ ਸੁਰੱਖਿਆ ਬਲ ਦੇ ਨਾਲ ਪਿੰਡ ਕੈਂਬਵਾਲਾ ਵਿੱਚ ਪਹੁੰਚੀ ਸੀ। ਇਸ ਦੌਰਾਨ ਕੁਝ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਹਾਲਾਂਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਖਾਲ੍ਹੀ ਕਰਵਾਉਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਖਨਾ ਝੀਲ ਦੀ ਸੁੰਦਰਤਾ ਨੂੰ ਬਹਾਲ ਰੱਖਣ ਲਈ ਸੁਖਨਾ ਕੈਚਮੈਂਟ ਏਰੀਏ ਵਿੱਚ 21 ਮਈ 2012 ਨੂੰ ਕਿਸੇ ਵੀ ਕਿਸਮ ਦੀ ਉਸਾਰੀ ’ਤੇ ਰੋਕ ਲਗਾ ਦਿੱਤੀ ਸੀ। ਹਾਈ ਕੋਰਟ ਦਾ ਕਹਿਣਾ ਸੀ ਕਿ ਅੱਜ ਤੋਂ ਬਾਅਦ ਕੈਚਮੈਂਟ ਏਰੀਏ ਵਿੱਚ ਕੋਈ ਨਵੀਂ ਉਸਾਰੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਾਈ ਕੋਰਟ ਨੇ ਨਵੇਂ ਸਿਰੇ ਤੋਂ ਹੋਣ ਵਾਲੀਆਂ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਅਧਿਕਾਰ ਦੇ ਦਿੱਤੇ ਸਨ। ਯੂਟੀ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਪਰ ਇਨ੍ਹਾਂ ਉਸਾਰੀਆਂ ਨੂੰ ਨਾ ਹਟਾਉਣ ਤੋਂ ਬਾਅਦ ਅੱਜ ਯੂਟੀ ਪ੍ਰਸ਼ਾਸਨ ਨੇ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਹੈ।