For the best experience, open
https://m.punjabitribuneonline.com
on your mobile browser.
Advertisement

‘ਯੁੱਧ ਨਸ਼ਿਆਂ ਵਿਰੁੱਧ’: ਧੂੰਆਂ-ਧੂੰਆਂ ਹੋਈਆਂ ਡਰੇਨਾਂ..!

05:21 AM Jun 10, 2025 IST
‘ਯੁੱਧ ਨਸ਼ਿਆਂ ਵਿਰੁੱਧ’  ਧੂੰਆਂ ਧੂੰਆਂ ਹੋਈਆਂ ਡਰੇਨਾਂ
ਸਪਲਾਈ ਲਾਈਨ ਤੋੜ ਰਹੇ ਹਾਂ: ਚੀਮਾ ਨਸ਼ਿਆਂ ਖ਼ਿਲਾਫ਼ ਮੁਹਿੰਮ ਬਾਰੇ ਕੈਬਨਿਟ ਕਮੇਟੀ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਫੜੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਨਸ਼ੇੜੀਆਂ ਦੇ ਫੜਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਵੀ ਟੁੱਟ ਰਹੀ ਹੈ। ਗਾਹਕ ਖ਼ਤਮ ਹੋਣ ਨਾਲ ਤਸਕਰ ਵੀ ਖ਼ਤਮ ਹੋ ਰਹੇ ਹਨ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੂਨ
ਪੰਜਾਬ ਪੁਲੀਸ ਦਾ ਨਸ਼ਾ ਤਸਕਰੀ ਖ਼ਿਲਾਫ਼ ਐਕਸ਼ਨ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਸਮੁੱਚੇ ਪੰਜਾਬ ਦੇ ਮੁਖ਼ਬਰਾਂ ਦੀ ਜਾਗ ਖੁੱਲ੍ਹ ਗਈ ਹੋਵੇ। ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਦੀ ਕਾਮਯਾਬੀ ’ਚ ਮੁਖ਼ਬਰਾਂ ਦੀ ਭੂਮਿਕਾ ਕਮਾਲ ਦੀ ਜਾਪਦੀ ਹੈ। ਜਦੋਂ ਨਸ਼ਿਆਂ ਨੂੰ ਲੈ ਕੇ ਦਰਜ ਪੁਲੀਸ ਕੇਸਾਂ ਦੀ ਫਰੋਲਾ-ਫਰੋਲਾ ਕੀਤੀ ਤਾਂ ਪੁਲੀਸ ਦੀ ਕਾਰਜਸ਼ੈਲੀ ਦਾ ਅਨੋਖਾ ਨਮੂਨਾ ਦੇਖਣ ਨੂੰ ਮਿਲਿਆ। ਚਾਹੇ ਨਸ਼ੇੜੀਆਂ ਖ਼ਿਲਾਫ਼ ਪੰਜਾਬ ਦੇ ਕਿਸੇ ਵੀ ਕੋਨੇ ’ਚ ਕੇਸ ਦਰਜ ਹੋਇਆ ਹੈ ਪਰ ਸਭ ਪੁਲੀਸ ਕੇਸਾਂ ਦੀ ਇਬਾਰਤ ਇੱਕੋ ਜਿਹੀ ਹੈ।
ਪੰਜਾਬ ਪੁਲੀਸ ਨੇ ਪਹਿਲੀ ਮਾਰਚ ਤੋਂ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਹੁਣ ਤੱਕ 16,492 ਤਸਕਰ ਗ੍ਰਿਫ਼ਤਾਰ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਔਸਤਨ 163 ਤਸਕਰਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਇਨ੍ਹਾਂ ਕੇਸਾਂ ’ਚ ਹਜ਼ਾਰਾਂ ਨਸ਼ੇੜੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਹੈ ਜਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕੀਤੇ ਗਏ ਹਨ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ’ਚ ਦਰਜ ਕੇਸਾਂ ਦੀ ਕੀਤੀ ਘੋਖ ’ਚ ਕਈ ਨੁਕਤੇ ਨਿਕਲੇ ਹਨ। ਫੜੇ ਨਸ਼ੇੜੀਆਂ ’ਤੇ ਐੱਨਡੀਪੀਐੱਸ ਐਕਟ ਦੀ ਧਾਰਾ 27/61/85 ਤਹਿਤ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ’ਚ ਨਸ਼ੇ ਦੀ ਕੋਈ ਰਿਕਵਰੀ ਨਹੀਂ ਹੋਈ। ਬਹੁਤੇ ਕੇਸਾਂ ’ਚ ਮੁਖ਼ਬਰ ਦੀ ਇਤਲਾਹ ’ਤੇ ਪੁਲੀਸ ਪਾਰਟੀ ਨੇ ਛਾਪਾ ਮਾਰਿਆ। ਪੁਲੀਸ ਕੇਸਾਂ ਅਨੁਸਾਰ ਨਸ਼ੇੜੀ ਝਾੜੀਆਂ, ਖ਼ਾਲੀ ਪਲਾਟਾਂ ਤੇ ਸੁੰਨੀਆਂ ਡਰੇਨਾਂ ’ਚ ਬੈਠੇ ਸਨ ਜਿਨ੍ਹਾਂ ਕੋਲੋਂ ਪੁਲੀਸ ਨੇ ਦਸ ਦਸ ਦੇ ਨੋਟ, ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤੇ ਹਨ। ਆਓ ਕੁਝ ਕੇਸਾਂ ’ਤੇ ਨਜ਼ਰ ਮਾਰਦੇ ਹਾਂ।
ਚਾਟੀਵਿੰਡ ਥਾਣੇ ’ਚ 27 ਮਈ ਨੂੰ ਦਰਜ ਕੇਸ ’ਚ ਮੜ੍ਹੀਆਂ ਵਿੱਚ ਨੌਜਵਾਨ ਦਸ ਰੁਪਏ ਦੇ ਨੋਟ ਨਾਲ ਧੂੰਆਂ ਖਿੱਚਦਾ ਫੜਿਆ ਗਿਆ। ਉਸ ਕੋਲੋਂ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ। 28 ਮਈ ਨੂੰ ਮੱਤੇਵਾਲ ਥਾਣੇ ’ਚ ਦਰਜ ਕੇਸ ਅਨੁਸਾਰ ਪਿੰਡ ਝਾਮਕਾ ਨੇੜੇ ਝਾੜੀਆਂ ਵਿੱਚੋਂ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਅੱਧ ਜਲਿਆ ਦਸ ਰੁਪਏ ਦਾ ਨੋਟ, ਲਾਈਟਰ ਅਤੇ ਸਿਲਵਰ ਪੰਨੀ ਫੜਿਆ ਗਿਆ।
ਇਸੇ ਦਿਨ ਹੀ ਖਿਲਚੀਆ ਥਾਣੇ ਦੀ ਪਾਰਟੀ ਨੇ ਗਸ਼ਤ ਦੌਰਾਨ ਡਰੇਨ ਤੋਂ ਦੋ ਜਣੇ ਫੜੇ ਜਿਨ੍ਹਾਂ ਕੋਲੋਂ ਦਸ ਰੁਪਏ ਦਾ ਨੋਟ, ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਭਿੰਡੀਸੈਦਾ ਥਾਣਾ ’ਚ 29 ਮਈ ਨੂੰ ਦਰਜ ਕੇਸ ’ਚ ਪੁਲੀਸ ਨੇ ਪਿੰਡ ਵਜ਼ੀਦ ਦੇ ਬੰਦ ਪਏ ਸੂਏ ਵਿੱਚੋਂ ਦੋ ਮੁੰਡੇ ਫੜੇ ਜਿਨ੍ਹਾਂ ਕੋਲੋਂ ਦਸ ਦਾ ਨੋਟ, ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਕਿਸੇ ਵੀ ਕੇਸ ’ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਇਵੇਂ ਬਿਆਸ ਥਾਣੇ ’ਚ 28 ਮਈ ਨੂੰ ਦਰਜ ਕੇਸ ਅਨੁਸਾਰ ਪੁਲੀਸ ਪਾਰਟੀ ਨੇ ਝਾੜੀਆਂ ਵਿੱਚੋਂ ਦੋ ਨੌਜਵਾਨ ਫੜੇ ਜਿਨ੍ਹਾਂ ਕੋਲੋਂ ਦੋ ਨੋਟ, ਲਾਈਟਰ ਤੇ ਸਿਲਵਰ ਪੇਪਰ ਮਿਲਿਆ। ਇਹ ਕੇਸ ਇੱਕ ਨਮੂਨਾ ਹਨ ਅਤੇ ਰੋਜ਼ਾਨਾ ਦਰਜ ਹੋ ਰਹੇ ਪੁਲੀਸ ਕੇਸਾਂ ਵਿੱਚ ਅਜਿਹੇ ਨਸ਼ੇੜੀਆਂ ’ਤੇ ਦਰਜ ਕੇਸ ਵੀ ਸ਼ਾਮਲ ਹਨ। ਫ਼ੌਜਦਾਰੀ ਕੇਸਾਂ ਦੇ ਮਾਹਿਰ ਵਕੀਲ ਰਾਜੇਸ਼ ਸ਼ਰਮਾ ਆਖਦੇ ਹਨ ਕਿ ਐੱਨਡੀਪੀਐੱਸ ਦੀ ਧਾਰਾ 27/61/85 ਤਹਿਤ ਦਰਜ ਕੇਸ ਜ਼ਮਾਨਤਯੋਗ ਹੁੰਦੇ ਹਨ ਜੋ ਅਕਸਰ ਨਸ਼ੇੜੀਆਂ ’ਤੇ ਦਰਜ ਹੁੰਦੇ ਹਨ। ਜੋ ਨਸ਼ੇੜੀ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਹੈ।

Advertisement

ਥਾਣਿਆਂ ਵਿੱਚ ਲੱਗੇ ਨੋਟਾਂ ਦੇ ‘ਢੇਰ’
ਪੁਲੀਸ ਵੱਲੋਂ ਦਰਜ ਕੇਸਾਂ ’ਚ ਜੋ ਰਿਕਵਰੀ ਹੁੰਦੀ ਹੈ, ਉਹ ਕੇਸਾਂ ਦੇ ਨਿਪਟਾਰੇ ਤੱਕ ਕੇਸ ਪ੍ਰਾਪਰਟੀ ਬਣ ਜਾਂਦੀ ਹੈ। ਜਿਸ ਲਿਹਾਜ਼ ਨਾਲ ਨਸ਼ੇੜੀਆਂ ਤੋਂ ਸਾਜੋ ਸਮਾਨ ਫੜਿਆ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਥਾਣਿਆਂ ਦੇ ਮਾਲਖ਼ਾਨਿਆਂ ਵਿੱਚ ਹੁਣ ਦਸ ਦਸ ਦੇ ਨੋਟਾਂ, ਲਾਈਟਰਾਂ ਅਤੇ ਸਿਲਵਰ ਪੇਪਰਾਂ ਦੇ ਢੇਰ ਲੱਗ ਗਏ ਹੋਣੇ ਹਨ। ਕਾਫ਼ੀ ਜਲੇ ਹੋਏ ਨੋਟਾਂ ਦੀ ਰਿਕਵਰੀ ਵੀ ਹੋਈ ਹੈ।

Advertisement
Advertisement

ਸਪਲਾਈ ਲਾਈਨ ਤੋੜ ਰਹੇ ਹਾਂ: ਚੀਮਾ
ਨਸ਼ਿਆਂ ਖ਼ਿਲਾਫ਼ ਮੁਹਿੰਮ ਬਾਰੇ ਕੈਬਨਿਟ ਕਮੇਟੀ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਫੜੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਨਸ਼ੇੜੀਆਂ ਦੇ ਫੜਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਵੀ ਟੁੱਟ ਰਹੀ ਹੈ। ਗਾਹਕ ਖ਼ਤਮ ਹੋਣ ਨਾਲ ਤਸਕਰ ਵੀ ਖ਼ਤਮ ਹੋ ਰਹੇ ਹਨ।

Advertisement
Author Image

Gopal Chand

View all posts

Advertisement