For the best experience, open
https://m.punjabitribuneonline.com
on your mobile browser.
Advertisement

ਯਾਦਾਂ ਦੀ ਚੰਗੇਰ

04:58 AM Jun 02, 2025 IST
ਯਾਦਾਂ ਦੀ ਚੰਗੇਰ
Advertisement

ਸ਼ਵਿੰਦਰ ਕੌਰ

Advertisement

ਕਈ ਵਾਰ ਅਚਨਚੇਤ ਬੁੱਲ੍ਹੇ ਵਾਂਗ ਮਨ ਮਸਤਕ ਅੰਦਰ ਸਾਂਭੀਆਂ ਯਾਦਾਂ ’ਚੋਂ ਕੋਈ ਯਾਦ ਕਿਰ ਕੇ ਚੇਤੇ ’ਚ ਆਣ ਖਲੋ ਜਾਂਦੀ ਹੈ ਜਿਸ ਦੀ ਯਾਦ ਆਉਂਦਿਆਂ ਹੀ ਆਪਣੀ ਬੇਵਕੂਫੀ ਉੱਤੇ ਹਾਸਾ ਵੀ ਆਉਂਦਾ ਹੈ ਤੇ ਦੁੱਖ ਵੀ ਹੁੰਦਾ ਹੈ।... ਗੱਲ ਪੰਜ ਦਹਾਕੇ ਪਹਿਲਾਂ ਦੀ ਹੈ ਜਦੋਂ ਮੈਂ ਆਪਣੇ ਪਿੰਡ ਤੋਂ ਚਾਰ ਕੁ ਕਿਲੋਮੀਟਰ ਦੂਰ ਪਿੰਡ ਚੰਦ ਨਵੇਂ ਦੇ ਹਾਈ ਸਕੂਲ ਵਿੱਚ ਪੜ੍ਹਦੀ ਸੀ। ਸਾਡੇ ਪਿੰਡ ਤੋਂ ਦਸ ਕੁ ਮੁੰਡੇ ਕੁੜੀਆਂ ਉਸ ਸਕੂਲ ਵਿੱਚ ਪੜ੍ਹਦੇ ਸਨ। ਸਾਰੇ ਪੈਦਲ ਸਕੂਲ ਜਾਂਦੇ ਸੀ, ਉਨ੍ਹਾਂ ਸਮਿਆਂ ਵਿੱਚ ਬੱਚਿਆਂ ਨੂੰ ਸਾਈਕਲ ਲੈ ਕੇ ਦੇਣ ਦਾ ਰਿਵਾਜ ਨਹੀਂ ਸੀ।
ਅਸੀਂ ਸਵੇਰ ਵੇਲੇ ਤਾਂ ਸਕੂਲ ਲੱਗ ਜਾਣ ਦੇ ਡਰੋਂ ਕਾਹਲ ਨਾਲ ਕੱਚੇ ਰਾਹ ਵਿੱਚ ਮਿੱਟੀ ਉਡਾਉਂਦੇ ਰਵਾਂ- ਰਵੀਂ ਤੁਰੇ ਜਾਂਦੇ, ਛੁੱਟੀ ਤੋਂ ਬਾਅਦ ਘਰ ਮੁੜਦਿਆਂ ਕੋਈ ਕਾਹਲ ਨਾ ਹੁੰਦੀ। ਸਰਦੀ ਆਪਣਾ ਜਲਵਾ ਦਿਖਾ ਕੇ ਹੌਲੀ-ਹੌਲੀ ਵਾਪਸ ਜਾ ਰਹੀ ਸੀ। ਖੇਤਾਂ ਵਿੱਚ ਸਰ੍ਹੋਂ, ਛੋਲੇ ਅਤੇ ਕਣਕ ਪੱਕਣ ’ਤੇ ਆਏ ਹੋਏ ਸਨ। ਉਸ ਸਮੇਂ ਇਕੱਲੀ ਕਣਕ ਤਾਂ ਘੱਟ ਹੀ ਬੀਜੀ ਜਾਂਦੀ, ਬਹੁਤਾ ਕਣਕ ਤੇ ਛੋਲੇ ਰਲਾ ਕੇ (ਜਿਸ ਨੂੰ ਵੇਝੜ ਕਹਿੰਦੇ ਸਨ) ਬੀਜੇ ਜਾਂਦੇ। ਅਸੀਂ ਕਦੇ ਤਾਂ ਛੋਲੀਏ ਦੇ ਬੂਟੇ ਪੁੱਟ ਕੇ ਖਾਣ ਲੱਗਦੇ ਜਦੋਂ ਉਨ੍ਹਾਂ ਨੂੰ ਖਾ ਹਟਦੇ ਤਾਂ ਹੱਥ ਫਿਰ ਵੀ ਨਿਚਲੇ ਨਾ ਰਹਿੰਦੇ। ਤੁਰੇ ਜਾਂਦੇ ਕਣਕ ਦੀ ਬੱਲੀ ਤੋੜਦੇ ਅਤੇ ਰਾਹ ਵਿੱਚ ਸੁੱਟ ਦਿੰਦੇ। ਉਸ ਸਮੇਂ ਕਦੇ ਲੱਗਿਆ ਹੀ ਨਹੀਂ ਸੀ ਕਿ ਅਣਜਾਣੇ ਵਿੱਚ ਹੀ ਅਸੀਂ ਕਿਸਾਨ ਦਾ ਨੁਕਸਾਨ ਕਰ ਰਹੇ ਹਾਂ।
ਇੱਕ ਦੋ ਵਾਰ ਸਾਨੂੰ ਬਾਬਾ ਮੱਘਰ ਸਿੰਘ (ਉਮਰ ’ਚ ਬਹੁਤਾ ਵੱਡਾ ਨਹੀਂ ਸੀ ਪਰ ਪਿੰਡ ’ਚ ਮੇਰੇ ਬਾਬਿਆਂ ਦੀ ਥਾਂ ਲੱਗਦਾ ਸੀ) ਜਿਸ ਦੇ ਰਾਹ ਨਾਲ ਸਭ ਤੋਂ ਜਿ਼ਆਦਾ ਖੇਤ ਲੱਗਦੇ ਸਨ, ਨੇ ਪਿਆਰ ਨਾਲ ਸਮਝਾਇਆ- ‘ਬੱਚਿਓ, ਤੁਹਾਨੂੰ ਬੱਲੀਆਂ ਤੋੜਨ ਨਾਲ ਮਿਲਦਾ ਤਾਂ ਕੁਝ ਨਹੀਂ ਪਰ ਤੁਸੀਂ ਸਾਡਾ ਸਭ ਦਾ ਨੁਕਸਾਨ ਜ਼ਰੂਰ ਕਰ ਦਿੰਦੇ ਹੋ, ਇਸ ਲਈ ਬੀਬੇ ਬੱਚੇ ਬਣ ਕੇ ਇਸ ਮਾੜੀ ਆਦਤ ’ਤੇ ਕਾਬੂ ਪਾਉ। ਹਾਂ, ਆਹ ਛੋਲੀਏ ਦੇ ਬੂਟੇ ਖਾਣ ਲਈ ਲੋੜ ਅਨੁਸਾਰ ਪੁੱਟ ਲਿਆ ਕਰੋ ਪਰ ਯਾਦ ਰੱਖਿਓ, ਇਹ ਵੀ ਖਾਣ ਲਈ ਹੀ ਪੁੱਟਣੇ ਹਨ, ਖਰਾਬ ਨਹੀਂ ਕਰਨੇ।
ਇੱਕ ਦੋ ਦਿਨ ਜ਼ਰੂਰ ਬਾਬੇ ਦੀਆਂ ਗੱਲਾਂ ਦਾ ਅਸਰ ਰਿਹਾ, ਫਿਰ ਉਨ੍ਹਾਂ ਲੱਛਣਾਂ ’ਤੇ ਆ ਗਏ। ਬਾਬੇ ਨੇ ਵੀ ਸਾਨੂੰ ਸਬਕ ਸਿਖਾਉਣ ਦੀ ਠਾਣ ਲਈ। ਉਹਨੇ ਦੋ ਤਿੰਨ ਦਿਨਾਂ ਵਿੱਚ ਸਾਰੀਆਂ ਬੱਲੀਆਂ ਇਕੱਠੀਆਂ ਕਰ ਕੇ ਝੋਲੇ ਵਿੱਚ ਪਾ ਲਈਆਂ। ਇੱਕ ਦਿਨ ਸਾਡੇ ਸਕੂਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹ ਸਕੂਲ ਪਹੁੰਚ ਗਏ।
ਜਦੋਂ ਸਵੇਰ ਦੀ ਸਭਾ ਸ਼ੁਰੂ ਹੋਣ ਲੱਗੀ ਤਾਂ ਬਾਕੀ ਸਾਰੇ ਅਧਿਆਪਕ ਸਾਹਿਬਾਨ ਦੇ ਨਾਲ ਮੁੱਖ ਅਧਿਆਪਕ ਵੀ ਸਭਾ ਵਿੱਚ ਪਹੁੰਚ ਗਏ। ਆਮ ਤੌਰ ’ਤੇ ਉਹ ਸਭਾ ਵਿੱਚ ਘੱਟ ਹੀ ਆਉਂਦੇ ਸਨ। ਉਹ ਉਸ ਸਮੇਂ ਸਕੂਲ ਦੇ ਆਲੇ-ਦੁਆਲੇ ਦਾ ਮੁਆਇਨਾ ਕਰਦੇ ਸਨ। ਇੱਕ ਵਾਰ ਸਾਰਿਆਂ ਨੂੰ ਹੈਰਾਨੀ ਤਾਂ ਹੋਈ ਪਰ ਸਾਨੂੰ ਤਾਂ ਯਾਦ ਚੇਤੇ ਵੀ ਨਹੀਂ ਸੀ ਕਿ ਅੱਜ ਸਾਡੀ ਸ਼ਾਮਤ ਆਉਣ ਵਾਲੀ ਹੈ! ਜਦੋਂ ਸਭਾ ਖ਼ਤਮ ਹੋਈ ਤਾਂ ਮੁੱਖ ਅਧਿਆਪਕ ਬੋਲੇ, “ਬਾਕੀ ਸਾਰੇ ਵਿਦਿਆਰਥੀ ਆਪੋ-ਆਪਣੀਆਂ ਜਮਾਤਾਂ ਵਿੱਚ ਚਲੇ ਜਾਣ ਪਰ ਚੋਟੀਆਂ ਅਤੇ ਜੈ ਸਿੰਘ ਵਾਲੇ ਵਿਦਿਆਰਥੀ ਆਪੋ-ਆਪਣੀ ਥਾਵਾਂ ’ਤੇ ਖੜ੍ਹੇ ਰਹਿਣ।” ਸਾਡੇ ਚਿਹਰਿਆਂ ’ਤੇ ਡਰ ਦੇ ਨਿਸ਼ਾਨ ਕੋਈ ਵੀ ਤੱਕ ਸਕਦਾ ਸੀ। ਮੁੱਖ ਅਧਿਆਪਕ ਨੇ ਚਪੜਾਸੀ ਨੂੰ ਕਿਹਾ ਕਿ ਜਾ ਕੇ ਦਫਤਰ ਵਿਚ ਬੈਠੇ ਸਰਦਾਰ ਜੀ ਨੂੰ ਬੁਲਾ ਕੇ ਲਿਆ। ਬਾਬਾ ਜੀ ਆਏ ਤੇ ਉਨ੍ਹਾਂ ਨੇ ਬੱਲੀਆਂ ਵਾਲਾ ਝੋਲਾ ਉੱਥੇ ਢੇਰੀ ਕਰ ਦਿੱਤਾ। ਮੁੱਖ ਅਧਿਆਪਕ ਨੇ ਕਿਹਾ, “ਇਹ ਸਭ ਤੁਸੀਂ ਤੋੜ ਕੇ ਸੁੱਟੀਆਂ ਹਨ ਨਾ, ਅਸੀਂ ਨੀਵੀਆਂ ਪਾ ਲਈਆਂ, ਤੁਹਾਨੂੰ ਪਤਾ ਨਹੀਂ ਕਿ ਇੱਕ ਦਾਣੇ ਤੋਂ ਬੱਲੀਆਂ ਪੈਦਾ ਕਰਨ ਤੱਕ ਕਿਸਾਨ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕਿੰਨਾ ਮੁੜ੍ਹਕਾ ਵਹਾਉਣਾ ਪੈਂਦਾ ਹੈ, ਕੱਕਰ ਵਰਗੀਆਂ ਠੰਢੀਆਂ ਰਾਤਾਂ ਆਪਣੇ ਪਿੰਡੇ ਉੱਤੇ ਝੱਲ ਕੇ ਫਿਰ ਕਿਤੇ ਚਾਰ ਮਣ ਦਾਣੇ ਦੇਖਣੇ ਨਸੀਬ ਹੁੰਦੇ ਹਨ, ਉਸ ਦੀ ਮਿਹਨਤ ਨੂੰ ਤੁਸੀਂ ਤੁਰੇ ਜਾਂਦੇ ਬਰਬਾਦ ਕਰ ਦਿੰਦੇ ਐਂ। ਤੁਹਾਡੇ ਮਾਪੇ ਆਪ ਪਾਟੇ ਪੁਰਾਣੇ ਪਾ ਕੇ ਵੀ ਆਹ ਜਿਹੜੀਆਂ ਸਾਫ਼ ਸੁਥਰੀਆਂ ਵਰਦੀਆਂ ਪੁਆ ਕੇ ਤਹਾਨੂੰ ਸਕੂਲ ਘੱਲਦੇ ਆ, ਉਨ੍ਹਾਂ ਪਿੱਛੇ ਉਨ੍ਹਾਂ ਨੂੰ ਕਿੰਨੇ ਜੋੜ ਤੋੜ ਕਰਨੇ ਪੈਂਦੇ ਹਨ, ਉਨ੍ਹਾਂ ਦੀ ਕਿੰਨੀ ਮਿਹਨਤ ਲੁਕੀ ਹੁੰਦੀ ਹੈ, ਕਦੇ ਇਸ ਬਾਰੇ ਸੋਚਿਆ ਹੈ? ਇਸ ਲਈ ਤੁਹਾਨੂੰ ਆਖ਼ਰੀ ਵਾਰ ਕਹਿ ਰਿਹਾ ਹਾਂ ਕਿ ਸਮਝ ਜਾਉ, ਨਹੀਂ ਫਿਰ ਸਮਝਾਉਣਾ ਤਾਂ ਮੈਨੂੰ ਆਉਂਦਾ।” ਅਸੀਂ ਖੁਦ ਵੀ ਪਛਤਾ ਰਹੇ ਸੀ। ਸਭ ਨੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ।
ਮੁੜ ਅਸੀਂ ਉਹ ਗ਼ਲਤੀ ਭੁੱਲ ਕੇ ਵੀ ਨਾ ਦੁਹਰਾਈ। ਉਨ੍ਹਾਂ ਨੇ ਸਾਨੂੰ ਕਿਸਾਨ ਦੀ ਹਾਲਤ ਬਾਰੇ ਕਿਸੇ ਕਵੀ ਦੀ ਲਿਖੀ ਕਵਿਤਾ ਵੀ ਸੁਣਾਈ ਜਿਸ ਦੀਆਂ ਕੁਝ ਲਾਈਨਾਂ ਚੇਤਿਆਂ ਵਿੱਚ ਅੱਜ ਵੀ ਵਸੀਆਂ ਹੋਈਆਂ ਹਨ:
ਮੈਂ ਖੇਤਾਂ ਦਾ ਵਾਹੀਵਾਨ, ਕਿਸਾਨ ਬੋਲਦਾ।
ਮੈਂ ਮਿੱਟੀ ਦਾ ਜਾਇਆ, ਸੀਨਾ ਤਾਣ ਬੋਲਦਾ।
ਮੁੜ੍ਹਕਾ ਡੋਲ੍ਹ ਕੇ, ਬੰਜਰ ਨੂੰ ਜ਼ਰਖੇਜ਼ ਬਣਾਇਆ।
ਪਰ ਮੇਰੇ ਮੁੜ੍ਹਕੇ ਦਾ, ਮੁੱਲ ਕਿਸੇ ਨਾ ਪਾਇਆ।
ਕੀ ਦੱਸਾਂ ਮੈਂ, ਹੋ ਕੇ ਪ੍ਰੇਸ਼ਾਨ ਬੋਲਦਾ।
ਮੈਂ ਮਿੱਟੀ ਦਾ ਜਾਇਆ, ਕਿਸਾਨ ਬੋਲਦਾ।
ਹੁਣ ਤਾਂ ਸਮਾਂ ਬਦਲ ਗਿਆ ਹੈ; ਨਾ ਉਹ ਕੱਚੇ ਰਾਹ ਰਹੇ, ਨਾ ਕਿਸੇ ਨੂੰ ਤੁਰ ਕੇ ਐਨੀ ਵਾਟ ਸਕੂਲ ਜਾਣਾ ਪੈਂਦਾ। ਪਿੰਡ-ਪਿੰਡ ਸਕੂਲ ਬਣ ਗਏ। ਨਾ ਹੁਣ ਸਾਡੇ ਵੇਲਿਆਂ ਵਾਂਗ ਇਕੱਠੇ ਹੋ ਕੇ ਸਕੂਲ ਜਾਣ ਦਾ ਰਿਵਾਜ ਰਿਹਾ। ਹਰ ਪਹਿਲੂ ਉੱਤੇ ਇਕੱਲਤਾ ਭਾਰੂ ਹੋ ਰਹੀ ਹੈ। ਸਮਾਂ ਨੇ ਤਾਂ ਬਦਲਣਾ ਹੀ ਹੈ, ਸਦਾ ਇੱਕੋ ਜਿਹਾ ਨਹੀਂ ਰਹਿੰਦਾ।
ਸੰਪਰਕ: 76260-63596

Advertisement
Advertisement

Advertisement
Author Image

Jasvir Samar

View all posts

Advertisement