ਯਾਦਾਂ ਦੀਆਂ ਪਰਤਾਂ
ਪਰਵਾਸ ਕਹਾਣੀ
ਗੁਰਮਲਕੀਅਤ ਸਿੰਘ ਕਾਹਲੋਂ
ਮੈਂ ਤੇ ਕ੍ਰਿਸਟੀ ਉਦੋਂ ਟੋਰਾਂਟੋ ਖੇਤਰ ਦੇ ਸੈਰ ਸਪਾਟੇ ’ਤੇ ਸੀ। ਉੱਥੇ ਘੁੰਮਦਿਆਂ ਵਿਸ਼ੇਸ਼ ਨਜ਼ਾਰੇ ਮਾਣ ਰਹੇ ਸੀ। ਛੇਵੇਂ ਦਿਨ ਸਮੁੰਦਰੀ ਛੱਲਾਂ ਦਾ ਨਜ਼ਾਰਾ ਮਾਣਨ ਅਸੀਂ ਦੁਪਹਿਰ ਤੋਂ ਪਹਿਲਾਂ ਵਸਾਗਾ ਬੀਚ ਪੁੱਜ ਗਏ। ਨਿਵੇਕਲੀ ਜਿਹੀ ਥਾਂ ਅਸੀਂ ਚਟਾਈਆਂ ਵਿਛਾਈਆਂ ਤੇ ਆਰਾਮ ਕੁਰਸੀਆਂ ਖੋਲ੍ਹ ਲਈਆਂ। ਪਾਣੀ ’ਚ ਚੁਬਕੀ ਮਾਰਨ ਵਾਲੇ ਕੱਪੜੇ ਪਹਿਨ ਲਏ। ਦੋ-ਤਿੰਨ ਘੰਟੇ ਅਸੀਂ ਪਾਣੀ ਅਤੇ ਰੇਤ ਨਾਲ ਅਠਖੇਲੀਆਂ ਦੇ ਮਜ਼ੇ ਲੈਂਦੇ ਰਹੇ। ਧੁੱਪ ਦੇ ਨਿੱਘ ਤੇ ਪਿਆਰੀਆਂ ਗੱਲਾਂ ਦੀ ਮਸਤੀ ਲਾਜਵਾਬ ਸੀ।
ਹਾਸਾ ਠੱਠਾ ਤਾਂ ਸਾਡੇ ਮਿਲਾਪ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ, ਜਿਸ ’ਚੋਂ ਦੋਹਾਂ ਨੂੰ ਗੁਲਕੰਦ ਦੀ ਮਿਠਾਸ ਵਰਗਾ ਸਵਾਦ ਆਉਂਦਾ। ਅਸੀਂ ਜਾਣਦੇ ਸੀ ਕਿ ਨਵੀਆਂ ਗੱਲਾਂ ਕਰਦਿਆਂ ਦਿਮਾਗ਼ ਦੀ ਚੇਤੰਨਤਾ ਤੇ ਤੰਦਰੁਸਤੀ ਬਰਕਰਾਰ ਰਹਿੰਦੀ ਹੈ। ਪਤਾ ਨਹੀਂ ਉਸ ਦਿਨ ਕ੍ਰਿਸਟੀ ਅਕਬਰ ਤੇ ਬੀਰਬਲ ਦੀ ਗੱਲਬਾਤ ਵਾਲੀ ਕਿਤਾਬ ਦਾ ਅੰਗਰੇਜ਼ੀ ਉਲੱਥਾ ਕਿੱਥੋਂ ਪੜ੍ਹ ਆਈ ਸੀ। ਮੈਨੂੰ ਉਸ ਦੀਆਂ ਹੁੱਜਤਾਂ ਦੇ ਮੋੜਵੇਂ ਜਵਾਬ ਨਹੀਂ ਸੀ ਸੁੱਝ ਰਹੇ, ਪਰ ਉਹ ਮੇਰੀ ਚੁੱਪ ’ਚੋਂ ਮਜ਼ਾ ਲੈ ਰਹੀ ਸੀ। ਵਿੱਚ ਵਿਚਾਲੇ ਉਹ ਟੁੱਟੀ ਫੁੱਟੀ ਪੰਜਾਬੀ ਬੋਲਣ ਲੱਗ ਪਈ ਸੀ। ਕੁਰਸੀਆਂ ਨੂੰ ਅੱਗੇ ਪਿੱਛੇ ਕਰਦਿਆਂ ਦੋ ਘੰਟੇ ਕਦੋਂ ਲੰਘ ਗਏ, ਪਤਾ ਹੀ ਨਾ ਲੱਗਾ। ਰਾਤ ਨੂੰ ਹੋਟਲ ਪੁੱਜਦੇ ਹੀ ਅਸੀਂ ਖਾਣਾ ਖਾਧਾ ਤੇ ਥੱਕੇ ਹੋਣ ਕਰਕੇ ਜਲਦੀ ਲੇਟ ਗਏ, ਪਰ ਦਿਨੇ ਕ੍ਰਿਸਟੀ ਵੱਲੋਂ ਕੀਤਾ ਸਵਾਲ, ‘ਰਾਜ ਵ੍ਹਟ ਇਜ ਮੀਨ ਬਾਇ, ਯਾਦਾਂ ਦੀਆਂ ਪਰਤਾਂ’ ਮੇਰੇ ਮਨ ’ਤੇ ਬੋਝ ਬਣ ਕੇ ਟਿੱਕ ਟਿੱਕ ਕਰਨ ਲੱਗ ਪਿਆ।
ਅਸੀਂ ਇੱਕ ਦੂਜੇ ਨੂੰ ਗੁੱਡ ਨਾਈਟ, ਸਵੀਟ ਡਰੀਮ ਕਿਹਾ ਅਤੇ ਪਾਸੇ ਲੈ ਕੇ ਲੇਟ ਗਏ, ਪਰ ਮੈਨੂੰ ਨੀਂਦ ਕਿੱਥੇ? ਜਿੰਨਾ ਮੈਂ ਕ੍ਰਿਸਟੀ ਦੇ ਸਵਾਲ ਨੂੰ ਭੁੱਲਣ ਦੇ ਯਤਨ ਕਰਦਾ, ਉਸ ਤੋਂ ਵੱਧ ਤੇਜ਼ੀ ਨਾਲ ਉਹ ਸਵਾਲ ਮੇਰੇ ਮਨ ’ਤੇ ਭਾਰੂ ਹੋਣ ਲੱਗਦਾ। ਮੈਂ ਨੀਂਦ ਵਾਲੇ ਫਾਰਮੂਲੇ ਅਪਣਾ ਕੇ ਵੇਖ ਲਏ, ਪਰ ਨੀਂਦ ਤਾਂ ਅੱਖਾਂ ਨਾਲ ਰੁੱਸ ਕੇ ਬੈਠੀ ਸੀ। ਘੰਟਾ ਕੁ ਪਾਸੇ ਮਾਰਦਾ ਰਿਹਾ, ਗੁਰਬਾਣੀ ਦਾ ਜਾਪ ਕਰਕੇ ਵੇਖ ਲਿਆ, ਪਰ ਮਨ ’ਤੇ ਤੈਰਦੇ ਕ੍ਰਿਸਟੀ ਵਾਲੇ ਸਵਾਲ ਦੀ ਪਕੜ ਜ਼ਰਾ ਢਿੱਲੀ ਨਾ ਹੋਈ। ਫਿਰ ਮੈਨੂੰ ਪੰਜਾਬੀ ਵਾਲੇ ਪ੍ਰੋਫੈਸਰ ਨੰਦਾ ਜੀ ਯਾਦ ਆਏ, ਕਹਿੰਦੇ ਹੁੰਦੇ ਸੀ, ‘‘ਜਿਸ ਘਟਨਾ ਨੇ ਮਨ ਦੀਆਂ ਪਰਤਾਂ ਵਿੱਚ ਥਾਂ ਬਣਾ ਲਈ ਹੋਵੇ, ਉਸ ਦੀ ਯਾਦ ਜ਼ਿੰਦਗੀ ਵਿੱਚ ਕਦੇ ਵੀ ਤਾਜ਼ਾ ਹੋ ਕੇ ਕੱਲ੍ਹ ਵਾਂਗ ਤੁਹਾਡੀਆਂ ਅੱਖਾਂ ਮੂਹਰੇ ਆਣ ਖੜੋ ਸਕਦੀ ਹੈ।’’
ਮੈਨੂੰ ਕ੍ਰਿਸਟੀ ਦੇ ਸਵਾਲ ਦਾ ਜਵਾਬ ਮਿਲਦਾ ਮਹਿਸੂਸ ਹੋਣ ਲੱਗਾ। ਪਤਾ ਹੀ ਨਾ ਲੱਗਾ ਕਦ ਮੇਰਾ ਮਨ ਖ਼ੁਦ ਹੀ ਯਾਦਾਂ ਦੀਆਂ ਪਰਤਾਂ ਫਰੋਲਣ ਲੱਗ ਪਿਆ ਤੇ ਥੋੜ੍ਹੀ ਦੇਰ ਬਾਅਦ ਮੇਰੀਆਂ ਅੱਖਾਂ ਮੂਹਰੇ ਪੰਜਤਾਲੀ ਸਾਲ ਪਹਿਲਾਂ ਵਾਲੀ ਰੀਲ ਦੇ ਦ੍ਰਿਸ਼ ਘੁੰਮਣ ਲੱਗ ਪਏ। ਮੈਨੂੰ ਵਿਸਰ ਗਿਆ ਕਿ ਮੈਂ ਜਾਗਦਾ ਹਾਂ ਜਾਂ ਸੌਂ ਗਿਆ ਹੋਇਆਂ। ਇੰਜ ਲੱਗਣ ਲੱਗਾ ਜਿਵੇਂ ਲੰਘੀ ਜ਼ਿੰਦਗੀ ਦੇ ਖਾਮੋਸ਼ ਦ੍ਰਿਸ਼ਾਂ ਵਿੱਚ ਆਵਾਜ਼ ਭਰ ਰਿਹਾ ਹੋਵਾਂ।
ਮੈਨੂੰ ਯਾਦ ਆਇਆ ਕਿ ਕਾਲਜ ਦੇ ਦਿਨਾਂ ਤੱਕ ਮੈਂ ਆਪਣੇ ਸੁਭਾਅ ਤੋਂ ਸੰਗਾਊਪੁਣੇ ਦਾ ਗਲਬਾ ਨਹੀਂ ਸੀ ਲਾਹ ਸਕਿਆ। ਕਾਲਜ ਦੇ ਦੂਜੇ ਸਾਲ ਤੱਕ ਕਿਸੇ ਜਮਾਤਣ ਨਾਲ ਕੋਈ ਗੱਲਬਾਤ ਤਾਂ ਦੂਰ ਦੀ ਗੱਲ, ਕਿਸੇ ਜਮਾਤੀ ਨਾਲ ਵੀ ਬਹੁਤਾ ਨਹੀਂ ਸੀ ਖੁੱਲ੍ਹ ਸਕਿਆ। ਹਾਂ, ਤੀਜੇ ਸਾਲ ਵਿੱਚ ਕੁਝ ਜਮਾਤੀ ਮੈਨੂੰ ਆਪਣੇ ਲੱਗਣ ਲੱਗ ਪਏ ਸੀ। ਉਨ੍ਹਾਂ ਦਾ ਚੇਤਾ ਆਉਂਦੇ ਹੀ ਮੇਰੇ ਮਨ ਵਿੱਚ ਨੇੜਤਾ ਦੀ ਤਾਂਘ ਅੰਗੜਾਈ ਲੈਣ ਲੱਗਦੀ। ਮੈਂ ਗੱਲ ਕਰਨ ਦੇ ਬਹਾਨੇ ਲੱਭਦਾ। ਗੱਲ ਕਰਕੇ ਤਸੱਲੀ ਅਤੇ ਮੂਡ ਤਰੋਤਾਜ਼ਾ ਹੋ ਜਾਂਦਾ। ਮੇਰੀ ਸਾਂਝ ਦੀਆਂ ਗੰਢਾਂ ਬੱਝਣ ਲੱਗ ਪਈਆਂ ਤੇ ਦੋਸਤਾਂ ਦੀ ਲੜੀ ਪਰੋਈ ਜਾਣ ਲੱਗੀ। ਘਟਨਾਵਾਂ ਦੇ ਵਹਿਣਾਂ ਵਿੱਚ ਤੇਜ਼ੀ ਆ ਗਈ। ਕਈ ਕੁਝ ਉਹ ਵਾਪਰਨ ਲੱਗ ਪਿਆ, ਜਿਨ੍ਹਾਂ ਦਾ ਸੁਪਨਾ ਤਾਂ ਦੂਰ ਦੀ ਗੱਲ, ਕਦੇ ਕਿਆਸ ਨਹੀਂ ਸੀ ਕੀਤਾ। ਐਨੇ ਸਾਲਾਂ ਦੀ ਮੇਰੀ ਗੰਭੀਰਤਾ ਰੰਗ ਵਿਖਾਉਣ ਲੱਗ ਪਈ।
ਬੀਤੇ ਦੀ ਰੀਲ ਨੇ ਤੇਜ਼ੀ ਫੜ ਲਈ ਸੀ। ਮੇਰੀਆਂ ਅੱਖਾਂ ਮੂਹਰੇ ਉਹ ਦ੍ਰਿਸ਼ ਵੀ ਆਉਣ ਲੱਗ ਪਏ, ਜੋ ਪਿਛਲੇ ਸਾਲਾਂ ਵਿੱਚ ਮੇਰੇ ਚਿਤ ਚੇਤੇ ਨਹੀਂ ਸਨ। ਸਾਰਾ ਕੁਝ ਮੈਨੂੰ ਤਾਜ਼ਾ ਤਾਜ਼ਾ ਲੱਗਣ ਲੱਗਿਆ। ਸਾਡੀ ਜਮਾਤਣ ਜੱਸੀ ਦਾ ਸੈਕਸ਼ਨ ਤਾਂ ਵੱਖਰਾ ਸੀ, ਪਰ ਇੱਕ ਵਾਰ ਉਸ ਨੂੰ ਤੱਕਦਿਆਂ ਦਿਲ ਦੀ ਧੜਕਣ ਤੇਜ਼ ਹੋ ਗਈ ਸੀ। ਹਫ਼ਤੇ ਕੁ ਬਾਅਦ ਉਹ ਘਟਨਾ ਯਾਦਾਂ ਵਾਲੀ ਪਟਾਰੀ ਦੀਆਂ ਤਹਿਆਂ ਵਿੱਚ ਦੱਬ ਕੇ ਰਹਿ ਗਈ, ਪਰ ਅਗਲੇ ਸਾਲ ਦੀਆਂ ਸਰਦੀਆਂ ਦੇ ਚੜ੍ਹਾਅ ’ਚ ਵਾਪਰੀ ਘਟਨਾ ਮੌਕੇ ਉਸ ਯਾਦ ਨੇ ਅੰਗੜਾਈ ਭਰਨ ਨੂੰ ਸਕਿੰਟ ਵੀ ਨਹੀਂ ਸੀ ਲੱਗਣ ਦਿੱਤਾ।
ਉਸ ਦਿਨ ਬੀਬੀ ਨੇ ਤਾਕੀਦ ਕੀਤੀ ਸੀ ਕਿ ਛੁੱਟੀ ਤੋਂ ਬਾਅਦ ਭੂਆ ਦੇ ਪਿੰਡ ਜਾਈਂ ਤੇ ਬਿੰਦਰ ਨੂੰ ਕਹੀਂ, ਕੋਈ ਜ਼ਰੂਰੀ ਸਲਾਹ ਕਰਨੀ ਆ, ਕਿਸੇ ਦਿਨ ਆਵੇ। ਛੁੱਟੀ ਤੋਂ ਬਾਅਦ ਮੈਂ ਸਾਈਕਲ ਫੜਿਆ ਤੇ ਭੂਆ ਦੇ ਪਿੰਡ ਜਾਂਦੀ ਸੜਕੇ ਪੈ ਗਿਆ। ਮਸੀਂ ਤੀਜਾ ਚੌਥਾ ਮੀਲ ਪੱਥਰ ਲੰਘਿਆ ਹੋਊ, ਸੜਕ ਦੇ ਖੱਬੇ ਪਾਸੇ ਸਾਈਕਲ ਕੋਲ ਖੜੋਤੀ ਜੱਸੀ ’ਤੇ ਨਜ਼ਰ ਪਈ। ਕੋਲ ਪਹੁੰਚਿਆ ਤਾਂ ਮਦਦ ਵਾਲੀ ਝਾਕ ਮੈਂ ਉਸ ਦੀਆਂ ਅੱਖਾਂ ’ਚੋਂ ਪੜ੍ਹ ਲਈ। ਉਸ ਦੀ ਚੁੰਨੀ ਨੇ ਸਾਈਕਲ ਦੀ ਚੇਨ ਵਿੱਚ ਫਸ ਕੇ ਪਹੀਆ ਜਾਮ ਕੀਤਾ ਹੋਇਆ ਸੀ। ਉਹ ਆਪਣੀ ਵਾਹ ਲਾ ਹਟੀ ਸੀ। ਵੇਖਦੇ ਸਾਰ ਮੇਰੇ ਮਨ ’ਚ ਅਜੀਬ ਜਿਹੀ ਹਲਚਲ ਹੁੰਦੀ ਮਹਿਸੂਸ ਹੋਣ ਲੱਗੀ। ਬਿਲਕੁਲ ਉਵੇਂ, ਜਿਵੇਂ ਸਾਲ ਕੁ ਪਹਿਲਾਂ ਅਚਾਨਕ ‘ਅੱਖਾਂ ਚਾਰ ਹੋਣ’ ’ਤੇ ਹੋਈ ਸੀ। ਕੋਲ ਜਾ ਕੇ ‘ਕੀ ਹੋਇਆ?’ ਕਹਿਣ ਹੀ ਲੱਗਾ ਸੀ ਕਿ ਜੱਸੀ ਬੋਲ ਪਈ।
“ਮੈਂ ਸੋਚ ਹੀ ਰਹੀ ਸੀ ਕਿ ਰਾਜਾ ਮੇਰੇ ਲਈ ਫਰਿਸ਼ਤਾ ਬਣ ਕੇ ਬਹੁੜੂਗਾ। ਪਰ ਤੁਸੀਂ ਤੇ ਜਾਣੀ-ਜਾਣ ਨਿਕਲੇ, ਪੰਜ ਮਿੰਟ ਨਹੀਂ ਲਾਏ?”
ਜੱਸੀ ਦੇ ਮੂੰਹੋਂ ਰਾਜਬੀਰ ਦੀ ਥਾਂ ਰਾਜਾ ਸੁਣ ਕੇ ਐਂ ਲੱਗਿਆ ਜਿਵੇਂ ਸੁਪਨਾ ਵੇਖ ਰਿਹਾ ਹੋਵਾਂ। ਕੰਨਾਂ ’ਚ ਮਿਸ਼ਰੀ ਘੁਲਣ ਦੀਆਂ ਗੱਲਾਂ ਪੜ੍ਹੀਆਂ/ ਸੁਣੀਆਂ ਤਾਂ ਹੋਈਆਂ ਸੀ, ਪਰ ਜੱਸੀ ਦੀ ਮਿੱਠੀ ਆਵਾਜ਼ ਸੁਣ ਕੇ ਪਤਾ ਲੱਗ ਗਿਆ ਕਿ ਇਹ ਕੰਨਾਂ ਵਿੱਚ ਘੁਲਦੀ ਕਦੋਂ ਤੇ ਕਿੰਜ ਐ। ਮੈਂ ਆਪਣੀ ਤਰਕੀਬ ਲਾਈ ਤੇ ਮੂਹਰਿਓਂ ਚੈਨ ਉਤਾਰ ਕੇ ਪਿੱਛੇ ਖਿੱਚੀ ਤੇ ਚੁੰਨੀ ਬਾਹਰ ਆਉਣ ਲੱਗ ਪਈ। ਮਿੰਟ ਬਾਅਦ ਸਾਈਕਲ ਰਿੜ੍ਹਨ ਲਈ ਤਿਆਰ ਸੀ।
“ਸਿਆਣੇ ਸੱਚ ਹੀ ਤੇ ਕਹਿ ਗਏ ਹੋਏ ਆ ਕਿ ਆਖਰ ਆਪਣੇ ਹੀ ਆਪਣਿਆਂ ਦੇ ਕੰਮ ਆਉਂਦੇ ਆ, ਤੁਸੀਂ ਕਿੰਨੇ ਚੰਗੇ ਓ ਰਾਜੇ। ਕਾਲਜ ’ਚ ਤੁਹਾਨੂੰ ਇੱਧਰ ਉੱਧਰ ਜਾਂਦੇ ਆਉਂਦੇ ਵੇਖ ਕੇ ਮੈਨੂੰ ਕਿੰਨਾ ਚੰਗਾ ਲੱਗਦਾ ਹੁੰਦਾ।’’
ਜੱਸੀ ਨੇ ਇੱਕੋ ਸਾਹੇ ਆਪਣਾ ਮਨ ਫਰੋਲ ਕੇ ਮੇਰੇ ਮੂਹਰੇ ਧਰ ਦਿੱਤਾ ਸੀ, ਪਰ ਮੈਨੂੰ ਲੱਗ ਰਿਹਾ ਸੀ ਜਿਵੇਂ ਕੋਈ ਸੁਪਨਾ ਵੇਖ ਰਿਹਾ ਹੋਵਾਂ, ਅਜਿਹਾ ਸੁਪਨਾ ਜਿਸ ਦੀ ਉਦੋਂ ਤੱਕ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਮੇਰੇ ਤੋਂ ਜੱਸੀ ਨਾਲ ਅੱਖਾਂ ਨਹੀਂ ਸੀ ਮਿਲਾਈਆਂ ਜਾ ਰਹੀਆਂ। ਮਿੰਟ ਕੁ ਮੈਨੂੰ ਕੁਝ ਸੁੱਝਿਆ ਹੀ ਨਾ ਕਿ ਜੱਸੀ ਦੀ ਗੱਲ ਦਾ ਕੀ ਜਵਾਬ ਦਿਆਂ। ਕਿੰਨੇ ਸਾਰੇ ਸਵਾਲਾਂ ਤੇ ਹੈਰਾਨੀਆਂ ਨੇ ਮੇਰੇ ਮਨ ਨੂੰ ਚੁਫੇਰਿਓਂ ਜਕੜ ਲਿਆ ਸੀ।
‘‘ਚੰਗਾ ਫਿਰ ਮੈਂ ਚੱਲਦੀ ਆਂ, ਲੰਘਦੇ ਲੋਕ ਆਨੇ ਪਾੜ ਪਾੜ ਵੇਖਦੇ ਆ।’’ ਸ਼ਾਇਦ ਜੱਸੀ ਨੇ ਮੇਰੀ ਚੁੱਪ ਤੋੜਨ ਲਈ ਇੰਜ ਕਿਹਾ ਸੀ ਜਾਂ ਉਸ ਨੂੰ ਮੇਰੀ ਚੁੱਪ ਤੋੜਨ ਦੀ ਕਾਹਲ ਸੀ।
‘‘ਹਾਂ ਠੀਕ ਆ ਜੱਸੀ, ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ’ਚ ਹੀ ਸਿਆਣਪ ਐ, ਕੱਲ੍ਹ ਕਾਲਜ ਮਿਲਾਂਗੇ। ਆਪਣਾ ਖ਼ਿਆਲ ਰੱਖੀਂ। ਮੈਂ ਭੂਆ ਦੇ ਪਿੰਡ ਜਾ ਰਿਹਾਂ, ਇਸ ਕਰਕੇ ਇੱਧਰੋਂ ਦੀ ਲੰਘ ਰਿਹਾ ਸੀ। ਤੂੰ ਥੋੜ੍ਹਾ ਫ਼ਰਕ ਪਾ ਕੇ ਪਿੱਛੇ ਆਈ ਜਾ, ਨਹਿਰ ਤੋਂ ਅੱਗੇ ਜਾ ਕੇ ਸੱਜੇ ਵਾਲੀ ਸੜਕ ਤੁਹਾਡੇ ਪਿੰਡ ਨੂੰ ਜਾਂਦੀ ਆ ਨਾ?’’
‘‘ਹੱਛਾ, ਮੇਰੇ ਪਿੰਡ ਦਾ ਤੇ ਉੱਧਰ ਨੂੰ ਜਾਂਦੀ ਸੜਕ ਦਾ ਵੀ ਪਤਾ ਲਾ ਲਿਆ ਹੋਇਆ ਤੁਸੀਂ, ਉਂਜ ਕਿੰਨੇ ਭੋਲੇ ਬਣਦੇ ਸੀ।’’ ਜੱਸੀ ਦੇ ਮਜ਼ਾਕੀਆ ਸੁਭਾਅ ਦਾ ਪਤਾ ਮੈਨੂੰ ਅਗਲੀਆਂ ਮਿਲਣੀਆਂ ’ਚ ਲੱਗ ਗਿਆ ਸੀ। ਮੈਂ ਸਾਈਕਲ ਫੜਿਆ ਤੇ ਅੱਗੇ ਅੱਗੇ ਜਾਣ ਲੱਗਾ।
ਮੈਨੂੰ ਲੱਗਾ ਜਿਵੇਂ ਮੇਰੇ ਸਾਈਕਲ ’ਚ ਇੰਜਣ ਫਿੱਟ ਹੋ ਗਿਆ ਹੋਏ। ਪੈਡਲਾਂ ’ਤੇ ਭਾਰ ਪਾਉਣ ਦੀ ਲੋੜ ਨਹੀਂ ਸੀ ਪੈ ਰਹੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਮੈਂ ਪਿੱਛੇ ਮੁੜ ਕੇ ਉਸੇ ਸਪੀਡ ’ਤੇ ਆਉਂਦੀ ਜੱਸੀ ਵੱਲ ਵੇਖ ਲੈਂਦਾ। ਜੱਸੀ ਦੇ ਪਿੰਡ ਵਾਲੇ ਮੋੜ ਨੂੰ ਮੈਂ ਅਪਣੱਤ ਭਰੀ ਨਜ਼ਰੇ ਨਿਹਾਰਿਆ। ਲੰਮੇ ਲੰਮੇ ਸਫੈਦਿਆਂ ਦੇ ਝੂਲਦੇ ਟਹਿਣੇ ਮੈਨੂੰ ਬਾਇ ਬਾਇ ਕਰਦੇ ਜਾਪੇ। ਥੋੜ੍ਹਾ ਅੱਗੇ ਜਾ ਕੇ ਵੇਖਿਆ, ਜੱਸੀ ਮੋੜ ਤੱਕ ਪਹੁੰਚ ਗਈ ਸੀ, ਪਰ ਮੁੜਨ ਦੀ ਥਾਂ ਉੱਥੇ ਖੜ੍ਹ ਕੇ ਮੇਰੇ ਵੱਲ ਝਾਕ ਰਹੀ ਸੀ। ਲੱਗਣ ਲੱਗਿਆ ਜਿਵੇਂ ਸਰੀਰ ਦਾ ਕੋਈ ਅੰਗ ਡਿੱਗ ਪਿਆ ਹੋਏ।
ਭੂਆ ਦੇ ਪਿੰਡ ਪਹੁੰਚ ਕੇ ਮੇਰੇ ਮਨ ਨੂੰ ਟਿਕਾਅ ਨਹੀਂ ਸੀ ਆ ਰਿਹਾ। ਨੀਂਦ ਦੀ ਥਾਂ ਰਾਤ ਪਾਸੇ ਮਾਰਦਿਆਂ ਕੱਟੀ। ਸਵੇਰੇ ਤਿਆਰ ਹੋ ਕੇ ਜਲਦੀ ਨਾਲ ਕਾਲਜ ਵੱਲ ਚਾਲੇ ਪਾ ਦਿੱਤੇ। ਕਾਲਜ ਪਹੁੰਚ ਕੇ ਪੜ੍ਹਾਈ ’ਚ ਬਹੁਤਾ ਮਨ ਨਾ ਲੱਗਾ। ਜੱਸੀ ਦੀ ਝਲਕ ਪਾਉਣ ਲਈ ਖਾਲੀ ਪੀਰੀਅਡਾਂ ਮੌਕੇ ਗਰਾਉਂਡ ਵੱਲ ਜਾਣ ਦੀ ਥਾਂ ਪਾਣੀ ਪੀਣ ਦੇ ਬਹਾਨੇ ਟੂਟੀਆਂ ਵੱਲ ਜਾ ਆਉਂਦਾ, ਪਰ ਉਹ ਕਿਤੇ ਨਾ ਦਿਸੀ। ਮਨ ’ਚ ਬੁਰੇ ਖ਼ਿਆਲ ਵੀ ਆਉਣ। ਮਤੇ ਕਿਸੇ ਨੇ ਉਸ ਦੇ ਕੋਲ ਖੜੋਤਿਆਂ ਦੇਖ ਕੇ ਉਸ ਦੇ ਘਰ ਨਾ ਦੱਸ ਦਿੱਤਾ ਹੋਏ। ਜੱਸੀ ਨੇ ਦੱਸਿਆ ਸੀ ਕਿ ਉਸ ਦੇ ਡੈਡੀ ਨੂੰ ਚਿੱਟੀ ਪੱਗ ਦਾ ਬੜਾ ਖ਼ਿਆਲ ਰਹਿੰਦੈ।
ਉਸ ਤੋਂ ਬਾਅਦ ਮੈਂ ਤੇ ਜੱਸੀ ਨੇੜੇ ਹੋਈ ਜਾ ਰਹੇ ਸੀ। ਕਾਲਜ ਦੇ ਕੋਨੇ ’ਤੇ ਕਿੱਕਰ ਦਾ ਪੁਰਾਣਾ ਰੁੱਖ ਸੀ। ਉਸ ਪਾਸੇ ਕਿਸੇ ਦਾ ਆਉਣ ਜਾਣ ਵੀ ਨਹੀਂ ਸੀ। ਮੋਟੇ ਤਣੇ ਵਿੱਚ ਬਣੇ ਹੋਏ ਵੱਡੇ ਸਾਰੇ ਖੱਡੇ ਨੂੰ ਅਸੀਂ ਆਪਣਾ ਡਾਕਖਾਨਾ ਬਣਾ ਲਿਆ। ਉੱਥੇ ਪਈ ਚਿੱਠੀ ਚੁੱਕਦੇ ਤੇ ਆਪਣੀ ਲਿਖੀ ਰੱਖ ਦਿੰਦੇ। ਅੱਖਾਂ ਮੂਹਰੇ ਖੁੱਲ੍ਹੀਆਂ ਚਿੱਠੀਆਂ ਦੇ ਅੱਖਰਾਂ ’ਚੋਂ ਸਾਨੂੰ ਇੱਕ ਦੂਜੇ ਦੀ ਆਵਾਜ਼ ਆਉਣ ਲੱਗ ਪੈਂਦੀ। ਘਰਾਂ ਵਿੱਚ ਹੁੰਦੀਆਂ ਮੁੰਡੇ ਦਾ ਘਰ ਵਸਾਉਣ ਅਤੇ ਕੁੜੀ ਨੂੰ ਆਪਣੇ ਘਰ ਤੋਰਨ ਦੀਆਂ ਗੱਲਾਂ ਸਾਨੂੰ ਸੁਚੇਤ ਕਰਦੀਆਂ। ਮੈਨੂੰ ਆਪਣੀ ਮਰਜ਼ੀ ਪੁਗਾ ਸਕਣੀ ਔਖੀ ਨਾ ਲੱਗਦੀ, ਪਰ ਜੱਸੀ ਆਪਣੇ ਡੈਡੀ ਦੇ ਸਖ਼ਤ ਸੁਭਾਅ ਤੋਂ ਫ਼ਿਕਰਮੰਦ ਹੋ ਜਾਂਦੀ।
ਸਾਨੂੰ ਪਤਾ ਈ ਨਾ ਲੱਗਾ ਕਦ ਮਹੀਨੇ ਦਿਨਾਂ ਵਾਂਗ ਬੀਤ ਗਏ ਤੇ ਬੀਏ ਦੇ ਆਖਰੀ ਸਾਲ ਦੇ ਪੇਪਰ ਆ ਗਏ। ਇੱਕ ਦਿਨ ਜੱਸੀ ਨੇ ਚਿੱਠੀ ਵਿੱਚ ਲਿਖਿਆ ਹੋਇਆ ਸੀ, ‘‘ਆਖਰੀ ਪੇਪਰ ਤੱਕ ਬਾਇ ਬਾਇ, ਹੁਣ ਵੇਖਾਂਗੇ ਸਾਡੇ ’ਚੋਂ ਨੰਬਰ ਲੈਣ ਵਿੱਚ ਕੌਣ ਅੱਗੇ ਲੰਘਦਾ ਤੇ ਵਿਆਹ ਤੋਂ ਬਾਅਦ ਘਰ ਵਿੱਚ ਉਸੇ ਦੀ ਚੱਲਿਆ ਕਰੇਗੀ।’’
‘ਉਸੇ ਦੀ ਚੱਲਿਆ ਕਰੇਗੀ’, ਮੇਰੇ ਲਈ ਚੁਣੌਤੀ ਬਣ ਗਿਆ। ਸਭ ਕੁਝ ਭੁੱਲ ਭੁਲਾ ਕੇ ਮੈਂ ਪੜ੍ਹਾਈ ’ਚ ਰੁੱਝ ਗਿਆ। ਮੇਰੇ ਮਨ ’ਤੇ ਆਪਣੀ ਚਲਾਉਣ ਦੀ ਧੁੰਨ ਸਵਾਰ ਹੋ ਗਈ। 9 ਵਜੇ ਸੌਂ ਜਾਣ ਵਾਲੇ ਰਾਜੇ ਦੀਆਂ ਨਜ਼ਰਾਂ ਅੱਧੀ ਰਾਤ ਤੋਂ ਬਾਅਦ ਤੱਕ ਕਿਤਾਬਾਂ ’ਤੇ ਗੱਡੀਆਂ ਰਹਿੰਦੀਆਂ। ਬੀਬੀ ਦਹੀਂ ਦਾ ਛੰਨਾ ਖੁਆ ਕੇ ਪੇਪਰ ਦੇਣ ਤੋਰਦੀ। ਤਿੰਨ ਘੰਟੇ ਨਜ਼ਰਾਂ ਪੇਪਰ ’ਤੇ ਗੱਡੀਆਂ ਰਹਿੰਦੀਆਂ ਤੇ ਕਲਮ ਅੱਖਰ ਵਾਹੀ ਜਾਂਦੀ। ਦੋ ਮਹੀਨੇ ਬਾਅਦ ਨਤੀਜੇ ਦੇ ਦਿਨ ਦਾ ਪਤਾ ਲੱਗ ਗਿਆ। ਉਦੋਂ ਯੂਨੀਵਰਸਿਟੀ ਦੇ ਨਤੀਜੇ ਅਖ਼ਬਾਰ ਵਿੱਚ ਛਪਦੇ ਹੁੰਦੇ ਸੀ। ਮੈਂ ਤੜਕੇ ਸ਼ਹਿਰ ਨੂੰ ਚੱਲ ਪਿਆ। ਹਾਕਰ ਦੇ ਅੱਡੇ ’ਤੇ ਮੇਰੇ ਵਰਗਿਆਂ ਦੀਆਂ ਢਾਣੀਆਂ ਬੈਠੀਆਂ ਸਨ। ਅਖ਼ਬਾਰਾਂ ਵਾਲੀ ਗੱਡੀ ਆਈ ਤੇ ਸਾਰੇ ਹਾਕਰ ਤੋਂ ਖੋਹਣ ਵਾਂਗ ਅਖ਼ਬਾਰਾਂ ’ਤੇ ਝਪਟ ਪਏ। ਮੈਂ ਦੋ ਅਖ਼ਬਾਰਾਂ ਖ਼ਰੀਦੀਆਂ।
ਹਾਕਰ ਨੂੰ ਪੈਸੇ ਦੇ ਕੇ ਮੈਂ ਵੇਖਿਆ, ਥੋੜ੍ਹਾ ਪਰੇ ਸੜਕ ਕੰਢੇ ਤੇਜ ਰੋਸ਼ਨੀ ਵਾਲੀ ਸਟਰੀਟ ਲਾਈਟ ਜਗਦੀ ਸੀ। ਉਸ ਦੇ ਹੇਠ ਜਾ ਕੇ ਨਤੀਜੇ ਵਾਲੇ ਸਫੇ ਖੋਲ੍ਹੇ ਤੇ ਆਪਣਾ ਰੋਲ ਨੰਬਰ ਲੱਭਣ ਲੱਗਾ। ਰੋਲ ਨੰਬਰਾਂ ਦੇ ਅੱਗੇ ਪ੍ਰਾਪਤ ਨੰਬਰ ਲਿਖੇ ਹੁੰਦੇ ਸੀ। ਦੋ-ਤਿੰਨ ਮਿੰਟਾਂ ਵਿੱਚ ਪਹਿਲਾਂ ਆਪਣਾ ਤੇ ਫਿਰ ਜੱਸੀ ਦਾ ਰੋਲ ਨੰਬਰ ਵੇਖ ਕੇ ਨਿਸ਼ਾਨੀ ਲਾ ਲਈ। ਮੇਰਾ ਮਨ ਭੰਗੜਾ ਪਾਉਣ ਲਈ ਉਛਲਣ ਲੱਗ ਪਿਆ। ਘਰ ਵਿੱਚ ਮੇਰੀ ਚੱਲਣ ਦਾ ਲਾਇਸੈਂਸ ਮਿਲ ਗਿਆ ਸੀ। ਮੈਂ ਅਖ਼ਬਾਰਾਂ ਲਪੇਟੀਆਂ ਤੇ ਪਰਦੇਸੀ ਸਵੀਟ ਸ਼ੌਪ ਵੱਲ ਹੋ ਤੁਰਿਆ। ਉਨ੍ਹਾਂ ਦੀ ਬਰਫੀ ਬੜੀ ਮਸ਼ਹੂਰ ਸੀ। ਦੁਕਾਨ ਖੋਲ੍ਹ ਕੇ ਉਹ ਦੋਧੀ ਤੋਂ ਦੁੱਧ ਪਵਾ ਰਹੇ ਸੀ। ਮੈਂ ਬਰਫੀ ਦੇ ਦੋ ਡੱਬੇ ਪੈਕ ਕਰਵਾਏ ਤੇ ਸਾਈਕਲ ਪਿੱਛੇ ਰੱਖ ਕੇ ਚੱਲ ਪਿਆ। ਮੈਨੂੰ ਆਪ ਪਤਾ ਨਾ ਲੱਗਾ ਕਦ ਜੱਸੀ ਦੇ ਪਿੰਡ ਨੂੰ ਜਾਂਦੀ ਸੜਕੇ ਪੈ ਗਿਆ। ਰਸਤੇ ਵਿੱਚ ਕੁਝ ਹੋਰ ਤਰ੍ਹਾਂ ਦੇ ਖ਼ਿਆਲ ਵੀ ਆਏ। ਉਸ ਦੇ ਪਿੰਡ ਪਹੁੰਚਣ ਤੱਕ ਪੂਰਬ ਵੱਲੋਂ ਸੂਰਜ ਦਾ ਚੜ੍ਹਾਅ ਦਿਸਣ ਲੱਗ ਗਿਆ ਸੀ। ਪਿੰਡ ਵੜਨ ਲੱਗਾ ਤਾਂ ਮੂਹਰਿਓਂ ਸੈਰ ਵਾਲੇ ਪਹਿਰਾਵੇ ’ਚ ਆਉਂਦੇ ਨੂੰ ਫਤਿਹ ਬੁਲਾ ਕੇ ਸਰਪੰਚ ਸੁਰਜੀਤ ਸਿੰਘ ਦਾ ਘਰ ਪੁੱਛਿਆ।
‘‘ਕਾਕਾ ਸੁਰਜੀਤ ਸਿੰਘ ਮੈਂ ਈ ਆਂ, ਤੂੰ ਸੰਧਵਾਂ ਤੋਂ ਈ ਏਂ ਨਾ ਕਰਤਾਰ ਸਿਉਂ ਦਾ ਬੇਟਾ ਰਾਜਬੀਰ, ਐਨੇ ਪਹੁ ਫੁਟਾਲੇ ਕੀ ਲੋੜ ਪੈਗੀ। ਸੁੱਖ ਸਾਂਦ ਤਾਂ ਹੈ ਨਾ ਘਰ ਵਿੱਚ?’’ ਆਪਣੀ ਪਹਿਚਾਣ ਦੱਸ ਕੇ ਜੱਸੀ ਦੇ ਡੈਡੀ ਨੇ ਕਈ ਸਵਾਲ ਕਰ ਲਏ।
ਮੈਂ ਉਨ੍ਹਾਂ ਦੇ ਪੈਰਾਂ ਵੱਲ ਝੁਕਿਆ, ਪਰ ਉਨ੍ਹਾਂ ਪਹਿਲਾਂ ਹੀ ਜੱਫੀ ’ਚ ਲੈਂਦੇ ਪੁੱਛਿਆ, ‘‘ਕੀ ਗੱਲ ਬੇਟਾ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ?’’
‘‘ਜੀ ਮੈਂ ਤੁਹਾਨੂੰ ਵਧਾਈ ਦੇਣ ਆਇਆ ਸੀ। ਮੈਂ ਤੇ ਜੱਸੀ ਗ੍ਰੈਜੂਏਟ ਹੋਗੇ। ਆਹ ਲਓ ਮੂੰਹ ਮਿੱਠਾ ਕਰੋ। ਆਹ ਅਖ਼ਬਾਰ ’ਤੇ ਨਤੀਜਾ ਛਪਿਆ ਅੱਜ। ਮੈਂ ਸ਼ਹਿਰੋਂ ਆ ਰਿਹਾਂ, ਸੋਚਿਆ ਜੱਸੀ ਨੂੰ ਵੀ ਦੱਸਦਾ ਜਾਵਾਂ।’’ ਮੈਂ ਬਰਫੀ ਦਾ ਡੱਬਾ ਫੜਾਉਂਦੇ ਹੋਏ ਕਿਹਾ।
‘‘ਦੋਹਾਂ ’ਚੋਂ ਬਾਜ਼ੀ ਕਿਸਨੇ ਮਾਰੀ?’’ ਉਨ੍ਹਾਂ ਦਾ ਸਵਾਲ ਸੁਣ ਕੇ ਮੈਨੂੰ ਜੱਫੀ ’ਚ ਲੈਣ ਦਾ ਮਹਿਸੂਸ ਹੋਇਆ ਨਿੱਘ ਠੰਢਾ ਅਤੇ ਖ਼ੁਸ਼ੀ ਖੁਰਨ ਲੱਗੀ, ਪਰ ਸਰਪੰਚ ਹੋਰਾਂ ਛੇਤੀ ਸੰਭਾਲ ਲਿਆ।
‘‘ਅੱਛਾ ਬੇਟਾ, ਹੁਣ ਛੇਤੀ ਨਾਲ ਇਹ ਖ਼ੁਸ਼ਖ਼ਬਰੀ ਜਾ ਕੇ ਆਪਣੇ ਮੰਮੀ-ਡੈਡੀ ਨੂੰ ਸੁਣਾ ਤੇ ਉਨ੍ਹਾਂ ਨੂੰ ਮੇਰਾ ਸੁਨੇਹਾ ਦੇਈਂ ਕਿ ਘਰਦਿਆਂ ਨੂੰ ਲੈ ਕੇ 12 ਕੁ ਵਜੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਹੁੰਚ ਜਾਣ। ਰਲ ਮਿਲ ਕੇ ਗੁਰੂ ਦਾ ਸ਼ੁਕਰਾਨਾ ਕਰਾਂਗੇ ਤੇ ਰਹਿੰਦੀ ਬਰਫੀ ਉੱਥੇ ਛਕਾਂਗੇ। ਆਹ ਫਿਰਨੀ ਪੈ ਕੇ ਬਾਹਰੋ ਬਾਹਰ ਪਿੰਡ ਨੂੰ ਚਲੇ ਜਾਈਂ, ਐਵੇਂ ਲੋਕਾਂ ਦੀਆਂ ਨਜ਼ਰਾਂ ’ਚ ਕਿਉਂ ਆਉਣੈ।’’
ਤੇ ਮੈਂ ਜੱਸੀ ਨੂੰ ਮਿਲ ਕੇ ਜਾਣ ਦੀ ਖਾਹਸ਼ ਮਨ ਵਿੱਚ ਦਬਾ ਕੇ ਸਾਈਕਲ ਫੜਿਆ ਤੇ ਪਿੰਡ ਨੂੰ ਚੱਲ ਪਿਆ, ਪਰ ਸਾਡੇ ਪਿੰਡ ਨੇੜਲੇ ਗੁਰਦੁਆਰੇ ਆਉਣ ਦਾ ਕਾਰਨ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦੇ ਸਵਾਲ ਮੇਰੇ ਮਨ ’ਚ ਚੱਕਰ ਕੱਢਣ ਲੱਗ ਪਏ।
ਘਰ ਪਹੁੰਚਿਆ ਤਾਂ ਬੀਬੀ ਨੇ ਤੜਕੇ ਹੀ ਸਫ਼ਾਈ ਵਾਲੀਆਂ ਕਸਰਾਂ ਕੱਢੀਆਂ ਹੋਈਆਂ ਸਨ। ਗੱਲ ਮੇਰੀ ਸਮਝੋਂ ਬਾਹਰ ਹੋ ਰਹੀ ਸੀ। ਅੰਦਰ ਵੜਿਆ ਤਾਂ ਬੀਬੀ ਨੇ ਘੁੱਟ ਕੇ ਜੱਫੀ ਵਿੱਚ ਲੈ ਲਿਆ। ਮੈਂ ਵੇਖਿਆ, ਉਸ ਦੀਆਂ ਅੱਖਾਂ ਖ਼ੁਸ਼ੀ ਨਾਲ ਛਲਕ ਰਹੀਆਂ ਸਨ ਤੇ ਜੱਫੀ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਭਾਪੇ ਨੇ ਵੀ ਉਸ ਦਿਨ ਮੈਨੂੰ ਪਹਿਲੀ ਵਾਰ ਐਨਾ ਘੁੱਟ ਕੇ ਜੱਫੀ ਵਿੱਚ ਲਿਆ ਸੀ। ਬੁਝਾਰਤਾਂ ਮੂਹਰੇ ਮੇਰੀ ਸਮਝ ਹੱਥ ਖੜ੍ਹੇ ਕਰਨ ਲੱਗੀ। ਮੈਂ ਅੰਦਰ ਜਾ ਕੇ ਵੇਖਿਆ, ਮਿਠਾਈ ਦੇ ਪੰਜ ਡੱਬੇ ਪੈਕ ਹੋਏ ਪਏ ਸੀ। ਉਸ ਤੋਂ ਥੋੜ੍ਹਾ ਪਰੇ ਭਾਰੀ ਜਿਹੀ ਵਸਤੂ ਤੋਂ ਕੱਪੜਾ ਲਾਹ ਕੇ ਵੇਖਿਆ ਤਾਂ ਫ਼ਲਾਂ ਦਾ ਭਰਿਆ ਤੇ ਸਜਿਆ ਹੋਇਆ ਟੋਕਰਾ ਪਿਆ ਸੀ। ਮੇਰੀ ਸਮਝ ਗੋਤੇ ਖਾ ਰਹੀ ਸੀ, ਪਰ ਪੱਲੇ ਕੁਝ ਨਹੀਂ ਸੀ ਪੈ ਰਿਹਾ। ਤੜਕੇ ਤੋਂ ਕੀਤੇ ਸਾਈਕਲ ਦੇ ਸਫ਼ਰ ਦਾ ਥਕੇਵਾਂ ਬੁਝਾਰਤਾਂ ਹੇਠਾਂ ਦੱਬ ਕੇ ਰਹਿ ਗਿਆ ਸੀ। ਕਿਸੇ ਨਤੀਜੇ ’ਤੇ ਪਹੁੰਚਣ ਦਾ ਯਤਨ ਕਰ ਰਿਹਾ ਸੀ ਕਿ ਬੀਬੀ ਦੀ ਆਵਾਜ਼ ਕੰਨੀ ਪਈ,
‘‘ਰਾਜੇ ਪੁੱਤ ਛੇਤੀ ਆ ਜਾ ਪਰੌਂਠੇ ਤੇ ਅੰਬ ਦੀ ਚਟਣੀ ਤਿਆਰ ਆ, ਫਿਰ ਕਹੇਂਗਾ ਠੰਢੇ ਸਵਾਦ ਨਹੀਂ ਲੱਗਦੇ। ਬਾਅਦ ਵਿੱਚ ਛੇਵੀਂ ਪਾਤਸ਼ਾਹੀ ਗੁਰਦੁਆਰੇ ਜਾਣਾ।’’ ਇੱਕ ਬੁਝਾਰਤ ਹੋਰ ਪੈ ਗਈ। ਸਰਪੰਚ ਦਾ ਸੁਨੇਹਾ ਤਾਂ ਮੈਂ ਭਾਪੇ ਨੂੰ ਦਿੱਤਾ ਨਹੀਂ, ਇਨ੍ਹਾਂ ਨੂੰ ਕਿਵੇਂ ਪਤਾ ਲੱਗ ਗਿਆ। ਖੈਰ, ਰਸੋਈ ’ਚ ਜਾ ਕੇ ਪੀੜ੍ਹੀ ’ਤੇ ਬੈਠਣ ਲੱਗਾ ਤਾਂ ਬੀਬੀ ਕਹਿੰਦੀ;
‘‘ਨਾ ਪੁੱਤ, ਸੁੱਖ ਨਾਲ ਐਨੇ ਚੰਗੇ ਨੰਬਰ ਲੈ ਕੇ ਪਾਸ ਹੋਇਐਂ, ਪੀੜ੍ਹੀ ’ਤੇ ਬੈਠਾ ਖਾਂਦਾ ਚੰਗਾ ਲੱਗੇਂਗਾ?’’
‘‘ਬੀਬੀ ਆਹ ਕੀ, ਹੁਣ ਤੱਕ ਇਸੇ ਪੀੜ੍ਹੀ ’ਤੇ ਬੈਠ ਕੇ ਛਕਦਾ ਰਿਹਾਂ। ਅੱਜ ਕਿਹੜੀ ਕੋਈ ਖ਼ਾਸ ਗੱਲ ਐ?’’
‘‘ਨਾ ਪੁੱਤ ਇੰਜ ਨਾ ਆਖ, ਅੱਜ ਵਰਗਾ ਦਿਨ ਬਾਬਾ ਸਾਰਿਆਂ ਦੇ ਘਰੀਂ ਚੜ੍ਹਾਏ। ਲੋਕ ਤਾਂ ਇਹੋ ਜਿਹੇ ਦਿਨ ਲਈ ਸੌ ਸੁੱਖਣਾਂ ਸੁੱਖਦੇ ਨੇ, ਸਾਡੇ ਵਿਹੜੇ ਤੇ ਆਪ ਚੱਲ ਕੇ ਆਇਆ ਇਹ ਦਿਨ।’’ ਬੀਬੀ ਨੇ ਬੁਝਾਰਤਾਂ ਦੀ ਲੜੀ ਹੋਰ ਲੰਬੀ ਕਰ ਦਿੱਤੀ।
ਮੈਂ ਦੋ ਪਰੌਂਠੇ ਖਾ ਕੇ ਉੱਠਣ ਈ ਲੱਗਾ ਸੀ ਕਿ ਬਾਹਰੋਂ ਆਉਂਦੇ ਈ ਭਾਪੇ ਨੇ ਹੁਕਮ ਚਾੜ੍ਹ ਦਿੱਤਾ;
‘‘ਰਾਜੇ ਥੋੜ੍ਹਾ ਆਰਾਮ ਕਰਕੇ ਨਹਾ ਧੋ ਲੈ ਤੇ ਚੰਗੀ ਤਰ੍ਹਾਂ ਤਿਆਰ ਹੋ ਜਾ, ਦੁਪਹਿਰੇ ਗੁਰਦੁਆਰੇ ਜਾਣਾ।’’
ਮੈਂ ਦੁਬਿਧਾ ਵਿੱਚ ਧਸਦਾ ਜਾ ਰਿਹਾ ਸੀ। ਇਹ ਸਾਰੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ। ਪਾਸ ਤਾਂ ਮੈਂ ਪਹਿਲਾਂ ਵੀ ਹਰ ਸਾਲ ਹੁੰਦਾ ਈ ਰਿਹਾਂ, ਇਨ੍ਹਾਂ ਕਦੇ ਤਵੱਜੋਂ ਨਹੀਂ ਸੀ ਦਿੱਤੀ, ਪਰ ਉਸ ਦਿਨ ਏਨੀ ਪਰਵਾਹ ਕਿਉਂ, ਕੁਝ ਵੀ ਮੇਰੀ ਸਮਝ ’ਚ ਨਹੀਂ ਸੀ ਪੈ ਰਿਹਾ। ਰੋਜ਼ ਤਿਆਰ ਹੋ ਕੇ ਈ ਮੈਂ ਕਾਲਜ ਜਾਂਦਾ ਰਿਹਾਂ, ਪਰ ‘ਚੰਗੀ ਤਰ੍ਹਾਂ ਤਿਆਰ ਹੋਜਾ’ ਮੈਂ ਡੈਡੀ ਦੇ ਮੂੰਹੋਂ ਪਹਿਲੀ ਵਾਰ ਸੁਣਿਆ ਸੀ। 10 ਕੁ ਵਜੇ ਵਿਹੜੇ ’ਚ ਕਾਰ ਆਣ ਖੜੋਈ। ਮੇਰਾ ਸਿਰ ਫਟਣ ਵਰਗਾ ਹੋਣ ਲੱਗਾ। ਨਤੀਜੇ ਦੀ ਖ਼ੁਸ਼ੀ ਕਫੂਰ ਹੁੰਦੀ ਜਾ ਰਹੀ ਸੀ। ਕੋਈ ਮਰਜ਼ੀ ਪੂਰੀ ਨਹੀਂ ਸੀ ਹੋ ਰਹੀ। ਸਵੇਰੇ ਜੱਸੀ ਦਾ ਡੈਡੀ ਕੀ ਮੱਥੇ ਲੱਗਾ, ਸਾਰੇ ਚਾਅ ਧਰੇ ਧਰਾਏ ਰਹਿਣ ਲੱਗੇ ਹੋਏ ਆ, ਜੱਸੀ ਨੂੰ ਮਿਲਣ ਦਾ ਕਿੰਨਾ ਵੱਡਾ ਮੌਕਾ ਸੀ, ਉਹ ਵੀ ਹੱਥੋਂ ਖੁੰਝ ਗਿਆ ਤੇ ਐਥੇ ਮੇਰੇ ’ਤੇ ਹੁਕਮ ਠੋਸੇ ਜਾ ਰਹੇ ਨੇ।
ਗੁਸਲਖਾਨੇ ’ਚੋਂ ਬਾਹਰ ਆਇਆ ਤਾਂ ਬੀਬੀ ਨੇ ਨਵੇਂ ਕੱਪੜੇ ਮੇਜ਼ ’ਤੇ ਰੱਖੇ ਹੋਏ ਸਨ। ਥੋੜ੍ਹੇ ਦਿਨ ਪਹਿਲਾਂ ਬੀਬੀ ਨੇ ਖੁੱਲ੍ਹੇ ਪੈਸੇ ਦਿੱਤੇ ਸੀ ਮਨਪਸੰਦ ਕੱਪੜਿਆਂ ਵਾਸਤੇ। ਪਿਛਲੇ ਹਫ਼ਤੇ ਟੇਲਰ ਤੋਂ ਲੈ ਕੇ ਆਇਆ ਤਾਂ ਬੀਬੀ ਨੇ ਫੜ ਕੇ ਟਰੰਕ ’ਚ ਰੱਖ ਲਏ ਸੀ। ਜੋ ਨਵੀਂ ਗੁਲਾਬੀ ਪੱਗ ਸਮੇਤ ਮੇਜ਼ ’ਤੇ ਪਏ ਸਨ। ਪੱਗ ਬੰਨ੍ਹਣ ਅੰਦਰ ਗਿਆ ਤਾਂ ਨਾ ਉੱਥੇ ਮਿਠਾਈ ਸੀ ਤੇ ਨਾ ਉਹ ਢਕਿਆ ਹੋਇਆ ਟੋਕਰਾ।
ਟੋਕਰਾ ਕਾਰ ਵਿੱਚ ਰੱਖਿਆ ਹੋਊ, ਮੈਨੂੰ ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗੀ ਤੇ ਨਾਲ ਹੀ ਡਰ ਪੈਦਾ ਹੋਣ ਲੱਗਾ, ਇਹ ਜ਼ਰੂਰ ਮੇਰੀ ਮੰਗਣੀ ਕਰਨ ਲੱਗੇ ਹੋਣਗੇ, ਪਰ ਕਿਸ ਦੇ ਨਾਲ, ਮੈਂ ਤਾਂ ਜੱਸੀ ਬਿਨਾਂ ਕਿਸੇ ਬਾਰੇ ਸੋਚ ਵੀ ਨਹੀਂ ਸਕਦਾ। ਜ਼ਰੂਰ ਸਰਪੰਚ ਦੀ ਕੋਈ ਚਾਲ ਹੋਊ, ਉਸ ਨੂੰ ਮੇਰੀ ਤੇ ਜੱਸੀ ਦੀ ਗੱਲ ਦਾ ਪਤਾ ਲੱਗ ਗਿਆ ਹੋਊ, ਉਹਨੇ ਹੀ ਕਿਤੇ ਹੋਰ ਰਿਸ਼ਤਾ ਤੈਅ ਕਰਵਾਇਆ ਹੋਣਾ। ਨਹੀਂ ਨਹੀਂ ਮੈਂ ਇੰਜ ਨਹੀਂ ਹੋਣ ਦਿਆਂਗਾ, ਜੇ ਇਹੋ ਜਿਹੀ ਗੱਲ ਹੋਈ ਤਾਂ ਮੈਂ ਉੱਥੋਂ ਭੱਜ ਜਾਊਂਗਾ, ਪਰ ਭੱਜੂੰ ਕਿੱਧਰ ਨੂੰ, ਐਨੇ ਜਣੇ ਭੱਜਣ ਦੇਣਗੇ, ਫਿਰ ਕੀ ਕਰਾਂ? ਪਤਾ ਨਹੀਂ ਮੇਰੇ ਮਨ ਵਿੱਚ ਕਿੰਨੇ ਸਵਾਲ ਘੁੰਮਣਘੇਰੀ ਬਣਾ ਰਹੇ ਸਨ।
ਸਾਢੇ ਕੁ ਗਿਆਰਾਂ ਵਜੇ ਹੋਣਗੇ। ਵੱਡੀ ਭੈਣ ਤੇ ਜੀਜਾ ਜੀ ਆਣ ਪਹੁੰਚੇ। ਭਾਪੇ ਨੇ ਸਾਰਿਆਂ ਨੂੰ ਕਾਰ ’ਚ ਬੈਠਣ ਲਈ ਕਿਹਾ। ਗੁਰਦੁਆਰੇ ਪਹੁੰਚ ਕੇ ਅਸੀਂ ਅਜੇ ਮੱਥਾ ਟੇਕ ਕੇ ਬੈਠੇ ਹੀ ਸੀ। ਸਜੀ ਧਜੀ ਜੱਸੀ ਸਮੇਤ ਸਰਪੰਚ ਦਾ ਪਰਿਵਾਰ ਤੇ ਰਿਸ਼ਤੇਦਾਰ ਅੰਦਰ ਆ ਰਹੇ ਸਨ। ਗੁਰੂ ਦੀ ਹਜ਼ੂਰੀ ਵਿੱਚ ਇੱਕ ਪਾਸੇ ਅਸੀਂ ਤੇ ਦੂਜੇ ਪਾਸੇ ਉਹ ਸਾਰੇ ਬੈਠ ਗਏ। ਭਾਈ ਜੀ ਨੇ ਅਰਦਾਸ ਸ਼ੁਰੂ ਕੀਤੀ ਤੇ ਆਖਰ ਵਿੱਚ ਮੇਰਾ ਤੇ ਜੱਸੀ ਦਾ ਨਾਂ ਲੈ ਕੇ ਗੁਰੂ ਤੋਂ ਮੰਗਣੀ ਦੀ ਆਗਿਆ ਮੰਗੀ। ਸੱਚ ਦੱਸਦਾਂ, ਮੈਨੂੰ ਲੱਗਿਆ ਗੁਰੂ ਸਾਹਿਬ ਸਾਖਸ਼ਾਤ ਮੇਰੇ ਸਾਹਮਣੇ ਖੜ੍ਹੇ ਹੋ ਗਏ ਨੇ। ਅੱਖਾਂ ’ਚੋਂ ਸਿੰਮਿਆ ਕੋਸਾ ਪਾਣੀ ਮੇਰੇ ਤੋਂ ਰੋਕ ਨਾ ਹੋਇਆ। ਲੱਗਿਆ, ਮੁਰਾਦ ਅੱਖਾਂ ਮੂਹਰੇ ਕਿਵਾੜ ਖੋਲ੍ਹੀ ਖੜ੍ਹੀ ਹੈ। ਸੱਜੇ ਪਾਸੇ ਵੇਖਿਆ, ਹਾਲ ਜੱਸੀ ਦਾ ਵੀ ਮੇਰੇ ਵਾਲਾ ਸੀ। ਸਵੇਰੇ ਵਾਲੀਆਂ ਬੁਝਾਰਤਾਂ ਦੇ ਜਵਾਬ ਮੇਰੇ ਸਾਹਮਣੇ ਸਨ। ਦੁਵੱਲੀ ਰਸਮ ਹੋਈ। ਵਧਾਈਆਂ ਗੂੰਜਣ ਤੇ ਜੱਫੀਆਂ ਪੈਣ ਲੱਗੀਆਂ, ਪਰ ਮੈਂ ਤੇ ਜੱਸੀ ਨੇ ਕੋਲ ਬੈਠ ਕੇ ਵੀ ਬੋਲ ਸਾਂਝੇ ਨਹੀਂ ਸੀ ਕੀਤੇ। ਮੱਥਾ ਟੇਕ ਕੇ ਬਾਹਰ ਆਏ, ਸਰਪੰਚ ਸਾਹਿਬ ਨੇ ਸਾਨੂੰ ਦੋਹਾਂ ਨੂੰ ਵੱਖਰੇ ਕਮਰੇ ਵੱਲ ਭੇਜ ਦਿੱਤਾ। ਅੰਦਰ ਵੜਦੇ ਈ ਸਾਨੂੰ ਨਹੀਂ ਪਤਾ ਲੱਗਾ ਅਸੀਂ ਕਦ ਦੋ ਬਦਨ ਇੱਕ ਜਾਨ ਹੋ ਗਏ। ਲੱਗਦਾ ਸੀ ਸਾਹ ਲੈ ਇੱਕ ਰਿਹਾ ਤੇ ਬਾਹਰ ਦੂਜਾ ਕੱਢ ਰਿਹਾ ਹੋਵੇ। ਕਿੰਨੀ ਦੇਰ ਜੁੜੇ ਰਹੇ। ਅਚਾਨਕ ਦਰਵਾਜ਼ੇ ’ਤੇ ਠੱਕ ਠੱਕ ਹੋਈ। ਦੋਹੇਂ ਕੁੜਮਣੀਆਂ ਅੰਦਰ ਆਈਆਂ। ਅਸੀਂ ਦੋਹਾਂ ਦੇ ਪੈਰੀਂ ਹੱਥ ਲਾਏ ਤੇ ਉਨ੍ਹਾਂ ਸਾਨੂੰ ਜੱਫੀਆਂ ’ਚ ਘੁੱਟ ਲਿਆ। ਜੱਸੀ ਨੇ ਇੱਕ ਵਾਰ ਦੱਸਿਆ ਸੀ ਕਿ ਉਸ ਦੀ ਮੰਮੀ ਸਹਿਤਕ ਕਿਤਾਬਾਂ ਪੜ੍ਹਦੀ ਆ। ਮੇਰੇ ਤੋਂ ਪੁੱਛਣੋਂ ਰਹਿ ਨਾ ਹੋਇਆ।
‘‘ਮੰਮੀ, ਹੁਣ ਤੱਕ ਅਸੀਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ ਦੀਆਂ ਪ੍ਰੇਮ ਕਹਾਣੀਆਂ ਸੁਣਦੇ ਆਏ ਆਂ, ਪਰ ਆਹ ਸਾਡੇ ਵਾਲੀ ਤੁਸੀਂ ਕਿੱਥੋਂ ਲੱਭੀ ਸੀ। ਸਾਨੂੰ ਉਨ੍ਹਾਂ ਦੇ ਨਾਂ ’ਤੇ ਦੱਸ ਦਿਓ।’’
‘‘ਅਸੀਂ ਆਪਣੇ ਬੱਚਿਆਂ ਨੂੰ ਕਿਸੇ ਦੀ ਨਕਲ ਕਿਉਂ ਕਰਨ ਦਿੰਦੇ। ਲੋਕ ਉਸੇ ਨੂੰ ਯਾਦ ਕਰਦੇ ਨੇ, ਜਿਹੜੇ ਹੋਰਾਂ ਤੋਂ ਵੱਖਰਾ ਕਰਦੇ ਨੇ ਤੇ ਸਾਡੇ ਬੱਚਿਆਂ ਨੇ ਉਹ ਕਰ ਵਿਖਾਇਆ। ਤੁਸੀਂ ਆਪਣੀ ਕਹਾਣੀ ਆਪ ਲਿਖ ਲਈ ਤੇ ਤੁਹਾਡੇ ਮਾਪਿਆਂ ਨੂੰ ਉਸ ’ਤੇ ਫੁੱਲ ਚੜ੍ਹਾਉਣੇ ਚੰਗੇ ਲੱਗੇ, ਪਰ ਕਹਾਣੀ ਨੂੰ ਸਿਰੇ ਲਾਉਣ ’ਚ ਅਸੀਂ ਜਾਸੂਸਾਂ ਤੋਂ ਵੱਧ ਚੌਕਸੀ ਵਰਤੀ। ਪ੍ਰੇਮੀਆਂ ਨੂੰ ਭਿਣਕ ਵੀ ਨਹੀਂ ਪੈਣ ਦਿੱਤੀ ਤੇ ਮੁਰਾਦ ਵੀ ਪੂਰੀ ਕਰ ਦਿੱਤੀ। ਵਿਆਹ ਤੋਂ ਬਾਅਦ ਇਸ ਦਾ ਨਾਮਕਰਨ ਤੁਸੀਂ ਆਪੇ ਕਰ ਲੈਣਾ।’’ ਮੰਮੀ ਦਾ ਉੱਤਰ ਬੜਾ ਸਪੱਸ਼ਟ ਤੇ ਸਾਫ਼ ਸੀ।
ਮੰਗਣੀ ਤੋਂ ਚਾਰ ਮਹੀਨੇ ਬਾਅਦ ਅਸੀਂ ਵਿਆਹੇ ਗਏ। ਕਿਸ ਦੀ ਚੱਲਿਆ ਕਰੂ ਵਾਲੀ ਗੱਲ ਸਾਨੂੰ ਵਿਸਰ ਗਈ ਤੇ ਜੱਸੀ ਦੇ ਆਖਰੀ ਸਾਹ ਤੱਕ ਦੋਹਾਂ ਦੀ ਚੱਲਦੀ ਰਹੀ। ਲੋਕਾਂ ਦੇ ਘਰਾਂ ਵਿੱਚ ਦੋ ਬਦਨ ਇੱਕ ਜਾਨ ਦੀ ਉਦਾਹਰਨ ਮੌਕੇ ਸਾਡਾ ਨਾਂ ਲਿਆ ਜਾਂਦਾ। ਆਪਣੇ ਦੋਵੇਂ ਬੱਚਿਆਂ ਦੇ ਪਾਲਣ ਪੋਸ਼ਣ ’ਚ ਅਸੀਂ ਕੋਈ ਕਸਰ ਨਾ ਛੱਡੀ। ਭੇਜੇ ਤਾਂ ਕੈਨੇਡਾ ਪੜ੍ਹਨ ਸੀ, ਪਰ ਇੱਥੋਂ ਦੇ ਹੋ ਕੇ ਰਹਿ ਗਏ। ਬਾਅਦ ਵਿੱਚ ਸਾਨੂੰ ਵੀ ਆਉਣਾ ਪਿਆ।
ਬੇਟੇ ਕੋਲ ਕੈਨੇਡਾ ਆਉਣ ਦਾ ਦ੍ਰਿਸ਼ ਸ਼ੁਰੂ ਹੁੰਦੇ ਹੀ ਰਾਜੇ ਨੂੰ ਲੱਗਿਆ ਸੀਨ ਭਾਰੇ ਹੋ ਗਏ ਹੋਣ। ਜ਼ਿੰਦਗੀ ਦੀ ਗੱਡੀ ਬਿਖੜੇ ਪੈਂਡੇ ਪੈਣ ਵਾਲੀ ਸੀ। ਰਾਜੇ ਦੀਆਂ ਅੱਖਾਂ ਮੂਹਰੇ ਜ਼ਿੰਦਗੀ ਦੇ ਦ੍ਰਿਸ਼ਾਂ ਦੀ ਉਹੀ ਲੜੀ ਅੱਗੇ ਵਧਣ ਲੱਗੀ।
ਉਸ ਦਿਨ ਜੱਸੀ ਪੋਤਰੇ ਨੂੰ ਸਕੂਲ ਛੱਡਣ ਗਈ ਸੀ। ਸੜਕ ਪਾਰ ਕਰਦਿਆਂ ਕਾਰ ਨੇ ਟੱਕਰ ਮਾਰੀ ਤੇ ਉਹ ਮੈਨੂੰ ਜ਼ਿੰਦਗੀ ਵਾਲੇ ਪੰਧ ’ਤੇ ਅੱਧ ਵਿਚਾਲੇ ਛੱਡ ਕੇ ਤੁਰ ਗਈ। ਮੇਰੀ ਦੁਨੀਆ ਉੱਜੜ ਗਈ। ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ। ਸਾਲ ਕੁ ਬਾਅਦ ਮੈਨੂੰ ਯਾਦ ਆਇਆ, ਐਕਸੀਡੈਂਟ ਤੋਂ ਥੋੜ੍ਹੇ ਦਿਨ ਪਹਿਲਾਂ ਜੱਸੀ ਨੇ ਕੈਨੇਡਾ ਦੇ ਲੰਮੇ ਰੇਲ ਸਫ਼ਰ ਦੀ ਪਲੈਨਿੰਗ ਕੀਤੀ ਸੀ। ਮੈਂ ਆਪਣੇ ਮਨ ਵਿੱਚ ਉਸ ਦੇ ਨਾਲ ਹੋਣ ਦਾ ਅਹਿਸਾਸ ਜਗਾਉਣ ਲਈ ਉਸ ਦੀ ਇੱਛਾ ਪੂਰਤੀ ਦਾ ਮਨ ਬਣਾ ਲਿਆ ਤੇ ਵੈਨਕੂਵਰ ਤੋਂ ਟੋਰਾਂਟੋ ਤੱਕ ਚੱਲਦੀ ਵੀਆ ਰੇਲ ਦੀ ਪ੍ਰੈਸਟੀਜ ਕਲਾਸ ਦੀਆਂ ਟਿਕਟਾਂ ਬੁੱਕ ਕੀਤੀਆਂ। ਪ੍ਰੈਸਟੀਜ ਕਲਾਸ ਦੇ ਡਬਲ ਡੈਕਰ ਡੱਬੇ ਨੂੰ ਮੈਂ ਸਟੇਸ਼ਨ ਕੋਲੋਂ ਲੰਘਦਿਆਂ ਵੇਖਿਆ ਸੀ।
ਯਾਤਰਾ ਵਾਲੇ ਦਿਨ ਸਮੇਂ ਤੋਂ ਘੰਟਾ ਕੁ ਪਹਿਲਾਂ ਬੱਚੇ ਮੈਨੂੰ ਸਟੇਸ਼ਨ ਲਾਹ ਗਏ। ਤਿੰਨ ਪਾਸੇ ਦੇ ਨਜ਼ਾਰਿਆਂ ਦੇ ਅਨੰਦ ਲਈ ਪ੍ਰੈਸਟੀਜ ਕਲਾਸ ਡੱਬਾ ਮੂਹਰੇ ਲੱਗਦਾ ਸੀ। ਇਸੇ ਕਰਕੇ ਉਸ ਦੀ ਟਿਕਟ ਮਹਿੰਗੀ ਸੀ। ਕਈ ਦਿਨਾਂ ਦੀ ਬੱਦਲਵਾਈ ਤੋਂ ਬਾਅਦ ਧੁੱਪ ਖਿੜੀ ਹੋਈ ਸੀ। 11 ਵਜੇ ਗੱਡੀ ਨੇ ਵਿਸਲ ਦਿੱਤੀ ਤੇ ਪਹੀਏ ਘਿਸਰਣ ਲੱਗ ਪਏ। ਵੈਨਕੂਵਰ ਦੇ ਮੋੜ ਘੋੜ ਹੌਲੀ ਹੌਲੀ ਪਾਰ ਕਰਕੇ ਗੱਡੀ ਨੇ ਬਰਨਬੀ ਤੇ ਕੁਇਟਲਮ ਸ਼ਹਿਰ ਲੰਘੇ ਤਾਂ ਸਪੀਡ ਫੜਨ ਲੱਗੀ। ਅਦਭੁੱਤ ਕੁਦਰਤੀ ਨਜ਼ਾਰਿਆਂ ਨਾਲ ਅੱਖਾਂ ਤਰੋਤਾਜ਼ਾ ਹੋਣ ਲੱਗੀਆਂ। ਜੱਸੀ ਦੇ ਨਾਲ ਬੈਠੇ ਹੋਣ ਦਾ ਅਹਿਸਾਸ ਮੇਰੇ ’ਤੇ ਭਾਰੂ ਹੋ ਗਿਆ। ਉਸ ਦੀ ਰੂਹ ਨੇ ਮੇਰੀ ਚੇਤਨਾ ਨੂੰ ਪੂਰੀ ਤਰ੍ਹਾਂ ਜਕੜ ਲਿਆ ਸੀ। ਮੈਨੂੰ ਪਤਾ ਨਾ ਲੱਗਾ ਕਦੋਂ ਮੈਂ ਅੱਖਾਂ ਰਾਹੀਂ ਮਨ ’ਚ ਵੜੇ ਨਜ਼ਾਰਿਆਂ ਦਾ ਵਿਵਰਣ ਬੋਲ ਕੇ ਜੱਸੀ ਨਾਲ ਸਾਂਝਾ ਕਰਨ ਲੱਗਿਆ। ਨਾਲ ਦੀ ਸੀਟ ’ਤੇ ਬੈਠੀ ਹੋਣ ਦੇ ਅਹਿਸਾਸ ਕਾਰਨ ਵਿਚਵਾਰ ਮੇਰਾ ਸੱਜਾ ਹੱਥ ਸੀਟ ਦੀ ਬਾਹੀ ’ਤੇ ਰੱਖੇ ਉਸ ਦੇ ਹੱਥ ’ਤੇ ਜਾ ਟਿਕਦਾ। ਮੇਰੇ ਕੰਨ ਉਸ ਦਾ ਹੁੰਗਾਰਾ ਧਿਆਨ ਨਾਲ ਸੁਣਨ ਲੱਗੇ। ਜੱਸੀ ਨੂੰ ਫਰੇਜ਼ਰ ਦਰਿਆ ਦਾ ਕਲ ਕਲ ਵਹਿੰਦਾ ਨੀਰ ਬੜਾ ਚੰਗਾ ਲੱਗਦਾ ਸੀ। ਪਤਾ ਨਹੀਂ ਕਿੰਨੀ ਦੇਰ ਮੈਂ ਉਸ ਨਾਲ ਗੱਲਾਂ ਕਰਦਾ ਰਿਹਾ ਤੇ ਉਹ ਹੁੰਗਾਰੇ ਭਰਦੀ ਰਹੀ।
ਗੱਡੀ ਨੇ ਦਰਮਿਆਨੀ ਰਫ਼ਤਾਰ ਫੜੀ ਹੋਈ ਸੀ। ਸੱਜੇ ਪਾਸੇ ਟਰਾਂਸ ਕੈਨੇਡਾ ਹਾਈਵੇਅ ’ਤੇ ਵਾਹਨ ਦੌੜ ਰਹੇ ਸੀ। ਸੜਕ ਮੋੜ ਕੱਟ ਕੇ ਰੇਲ ਲਾਈਨ ਦੇ ਬਿਲਕੁਲ ਨੇੜੇ ਆ ਗਈ ਸੀ। ਅਚਾਨਕ ਆਪਸ ਵਿੱਚ ਟਕਰਾਈਆਂ ਦੋ ਕਾਰਾਂ ਦਾ ਮਲਬਾ ਨਜ਼ਰੀਂ ਪਿਆ। ਅੱਖਾਂ ਰਾਹੀਂ ਦਿਮਾਗ਼ ਤੱਕ ਪੁੱਜੇ ਦ੍ਰਿਸ਼ ਨੇ ਝਟਕਾ ਦਿੰਦੇ ਹੋਏ ਮੇਰੀ ਸੁਰਤ ਨੂੰ ਵਾਪਸ ਲੈ ਆਂਦਾ। ਜੱਸੀ ਵਾਲੇ ਐਕਸੀਡੈਂਟ ਤੋਂ ਬਾਅਦ ਇੰਜ ਦੇ ਦ੍ਰਿਸ਼ ਵੇਖ ਮੈਂ ਅਕਸਰ ਪਰੇਸ਼ਾਨ ਹੋ ਜਾਂਦਾ ਸੀ। ਮੈਂ ਗਹੁ ਨਾਲ ਵੇਖਿਆ, ਨਾਲ ਦੀ ਸੀਟ ਤਾਂ ਖਾਲੀ ਸੀ। ਮੇਰੀ ਜੱਸੀ ਕਿੱਥੇ ਗਈ, ਫਿਰ ਚੇਤਾ ਆਇਆ, ਜੱਸੀ ਤਾਂ ਉੱਥੇ ਪਹੁੰਚੀ ਹੈ, ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਦਾ, ਪਰ ਮੇਰੇ ਮਨ ਨੇ ਵਾਪਸ ਨਾ ਮੁੜਨ ਵਾਲੀ ਗੱਲ ਨਾ ਮੰਨੀ, ਉਸ ਦਾ ਜਿਸਮ ਹੀ ਮੁੱਕਿਆ ਸੀ, ਰੂਹ ਤਾਂ ਐਥੇ ਈ ਹੈ, ਮੇਰੇ ਨਾਲ ਨਾਲ। ਅਜੇ ਹੁਣੇ ਤੇ ਉਹ ਮੇਰੀਆਂ ਗੱਲਾਂ ਦੇ ਹੁੰਗਾਰੇ ਭਰ ਰਹੀ ਸੀ।
ਮੈਂ ਸਵਾਲਾਂ ਜਵਾਬਾਂ ਵਿੱਚ ਉਲਝ ਗਿਆ ਸੀ। ਮੈਨੂੰ ਹੇਠੋਂ ਕਿਸੇ ਦੇ ਉੱਪਰ ਆਉਣ ਦੀ ਆਹਟ ਸੁਣੀ। ਵਿਕਟੋਰੀਆ ਵਾਲਾ ਜੌਰਜ ਮਾਈਕਲ ਸੀ। ਉਸੇ ਦਿਨ ਸਟੇਸ਼ਨ ’ਤੇ ਉਸ ਨਾਲ ਹੋਈ ਵਾਕਫੀ ਸਾਂਝ ਵਿੱਚ ਬਦਲੀ ਸੀ।
‘‘ਟੂ ਹੂਮ ਯੂ ਵਰ ਕਨਵਰਸਿੰਗ ਸੋ ਸੀਰੀਅਸਲੀ?’’ (ਤੂੰ ਐਨਾ ਗੰਭੀਰ ਹੋ ਕੇ ਕਿਸ ਨਾਲ ਗੱਲਾਂ ਕਰ ਰਿਹਾ ਸੀ) ਉਸ ਨੇ ਮੋਢਾ ਥਾਪੜਦੇ ਹੋਏ ਪੁੱਛਿਆ।
‘‘ਵਿਦ ਮਾਈ ਵਾਈਫ ਜੱਸੀ।’’ (ਆਪਣੀ ਪਤਨੀ ਜੱਸੀ ਨਾਲ) ਮੇਰੇ ਮੂੰਹੋਂ ਆਪ ਮੁਹਾਰੇ ਈ ਨਿਕਲ ਗਿਆ।
‘‘ਬਟ ਯੂ ਟੋਲਡ ਮੀ ਦੈਟ ਸ਼ੀ ਇਜ਼ ਨੋ ਮੋਰ।’’ ਮਾਈਕਲ ਨੇ ਮੇਰੇ ਚਿਹਰੇ ’ਤੇ ਨਜ਼ਰਾਂ ਗੱਡ ਲਈਆਂ। ਸ਼ਾਇਦ ਤਾੜ ਰਿਹਾ ਸੀ ਕਿ ਮੈਂ ਮਾਨਸਿਕ ਬਿਮਾਰ ਤਾਂ ਨਹੀਂ। ਉਸ ਨੇ ਖਾਣ ਪੀਣ ਦੀ ਗੱਲ ਸ਼ਾਇਦ ਮੇਰੀ ਬੁੱਧੀ ਪਰਖਣ ਲਈ ਕਹੀ।
‘‘ਯੂ ਵਾਂਟ ਟੂ ਟੇਕ ਸਮਥਿੰਗ ਈਟ ਓਰ ਡਰਿੰਕ, ਫਾਲੋ ਮੀ ਟੂ ਸਰਵਿੰਗ ਕਾਰ’’, ਤੇ ਮੈਂ ਉੱਠ ਕੇ ਉਸ ਦੇ ਪਿੱਛੇ ਹੋ ਤੁਰਿਆ। ਕਿਚਨ ਐਂਡ ਸਰਵਿੰਗ ਕਾਰ (ਖਾਣ ਪੀਣ ਦਾ ਡੱਬਾ) ਚੌਥੇ ਨੰਬਰ ’ਤੇ ਪਿੱਛੇ ਸੀ। ਅਸੀਂ ਕੌਫੀ ਦੇ ਕੱਪ ਫੜੇ ਈ ਸੀ ਕਿ ਨਾਲ ਦੇ ਟੇਬਲ ’ਤੇ ਚਾਹ ਪੀ ਰਹੀ ਕ੍ਰਿਸਟੀ ਵੀ ਸਾਡੇ ਕੋਲ ਆ ਬੈਠੀ। ਮੈਨੂੰ ਲੱਗਿਆ ਜਿਵੇਂ ਉਸ ਨਾਲ ਕਦੇ ਜਾਣ ਪਹਿਚਾਣ ਰਹੀ ਹੋਵੇ।
‘‘ਮਿਸਟਰ ਸਿੰਘ, ਟੂ ਹੂਮ ਵਾਜ਼ ਯੂ ਟਾਕਿੰਗ ਵਿਦ ਓਨ ਯੂਅਰ ਸੀਟ?’’ (ਮਿਸਟਰ ਸਿੰਘ ਤੁਸੀਂ ਆਪਣੀ ਸੀਟ ’ਤੇ ਬੈਠੇ ਕਿਸ ਨਾਲ ਗੱਲਾਂ ਕਰਦੇ ਸੀ) ਉਸ ਨੇ ਬੈਠਦੇ ਸਾਰ ਮੈਨੂੰ ਸਵਾਲ ਕੀਤਾ।
‘‘ਵਿਦ ਮਾਈ ਲਾਈਫ ਪਾਰਟਨਰ, ਹੂ ਵਾਜ਼ ਸਿਟਿੰਗ ਵਿਦ ਮੀ’’ (ਆਪਣੇ ਨਾਲ ਬੈਠੀ ਜੀਵਨ ਸਾਥਣ ਨਾਲ) ਮੈਨੂੰ ਖ਼ੁਦ ਪਤਾ ਨਾ ਲੱਗਿਆ ਕਿ ਮੇਰੇ ਤੋਂ ਇਹ ਜਵਾਬ ਕਿਉਂ ਦਿੱਤਾ ਗਿਆ।
‘‘ਯੂ ਨੋ, ਆਈ ਵਾਜ਼ ਸਿਟਿੰਗ ਵਿਦ ਯੂ, ਐਂਡ ਯੂ ਵਰ ਪੁਟਿੰਗ ਯੂਅਰ ਹੈਂਡ ਓਨ ਮਾਈ ਹੈਂਡ?’’(ਤੁਹਾਨੂੰ ਪਤੈ ਕਿ ਤੇਰੇ ਨਾਲ ਤਾਂ ਮੈਂ ਬੈਠੀ ਹੋਈ ਸੀ ਤੇ ਕਦੇ ਕਦੇ ਤੂੰ ਮੇਰੇ ਹੱਥਾਂ ’ਤੇ ਹੱਥ ਰੱਖ ਕੇ ਆਪਣੀ ਗੱਲ ਪੂਰੀ ਕਰਦਾ ਸੀ) ਗੰਭੀਰਤਾ ਕ੍ਰਿਸਟੀ ਦੇ ਮੱਥੇ ਤੋਂ ਪੜ੍ਹੀ ਜਾ ਰਹੀ ਸੀ।
ਸਾਡੇ ਕੌਫ਼ੀ ਦੇ ਗਲਾਸ ਖਾਲੀ ਹੋ ਗਏ ਸੀ ਤੇ ਮਾਈਕਲ ਮੇਰਾ ਹੱਥ ਫੜ ਕੇ ਪ੍ਰੈਸਟੀਜ ਕਲਾਸ ਦੇ ਡੱਬੇ ਵੱਲ ਤੁਰ ਪਿਆ ਤੇ ਅਸੀਂ ਹੇਠਾਂ ਵਾਲੀਆਂ ਸੀਟਾਂ ’ਤੇ ਜਾ ਬੈਠੇ। ਉਸ ਨੇ ਮੇਰੇ ਤੇ ਜੱਸੀ ਬਾਰੇ ਸਭ ਕੁਝ ਪੁੱਛਣ ਤੋਂ ਬਾਅਦ ਮੈਨੂੰ ਦੱਸਿਆ ਕਿ ਥੋੜ੍ਹੀ ਦੇਰ ਪਹਿਲਾਂ ਕ੍ਰਿਸਟੀ ਉੱਪਰੋਂ ਹੇਠਾਂ ਆਈ ਸੀ। ਉਸੇ ਨੇ ਦੱਸਿਆ ਕਿ ਉੱਪਰ ਬੈਠਾ ਮਿਸਟਰ ਸਿੰਘ ਇਕੱਲਾ ਕਿਸੇ ਜੱਸੀ ਨਾਲ ਗੱਲਾਂ ਕਰ ਰਿਹੈ। ਮਿਸਟਰ ਸਿੰਘ ਸ਼ਾਇਦ ਤੇਰਾ ਅਵਚੇਤਨ ਮਨ ਕ੍ਰਿਸਟੀ ਨੂੰ ਜੱਸੀ ਸਮਝ ਕੇ ਉਸ ਦਾ ਹੱਥ ਪਲੋਸ ਰਿਹਾ ਸੀ।
ਮਾਈਕਲ ਨੇ ਦੱਸਿਆ ਕਿ ਕ੍ਰਿਸਟੀ ਦੀ ਹਾਲਤ ਵੀ ਤੇਰੇ ਵਰਗੀ ਹੈ। ਉਸ ਦਾ ਪਤੀ ਪਿਛਲੇ ਸਾਲ ਕੈਂਸਰ ਨਾਲ ਮਰ ਗਿਆ ਸੀ। ਉਨ੍ਹਾਂ ਦੋਹਾਂ ਵੀ ਤੁਹਾਡੇ ਵਾਂਗ ਇਸੇ ਗੱਡੀ ਦੇ ਸਫ਼ਰ ਦੀ ਇੱਛਾ ਪਾਲੀ ਹੋਈ ਸੀ। ਪਤੀ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਉਹ ਅਮਰੀਕਾ ਤੋਂ ਆ ਕੇ ਇਹ ਸਫ਼ਰ ਕਰ ਰਹੀ ਹੈ। ਤੇਰੀਆਂ ਕੁਝ ਗੱਲਾਂ ਉਸ ਨੂੰ ਸਮਝ ਆ ਰਹੀਆਂ ਸਨ। ਤੇਰੇ ਨਾਲ ਬੈਠਿਆਂ ਉਸ ਦੇ ਮਨ ’ਚ ਵੀ ਤੇਰੇ ਵਰਗੇ ਅਹਿਸਾਸ ਜਾਗ ਆਏ ਸੀ, ਜਿਵੇਂ ਉਹ ਆਪਣੇ ਪਤੀ ਨਾਲ ਬੈਠੀ ਹੋਵੇ। ਤੇਰੀਆਂ ਗੱਲਾਂ ਸੁਣ ਕੇ ਉਸ ਦਾ ਮਨ ਪਿਘਲ ਗਿਆ ਤੇ ਉਹ ਤੇਰੇ ਨਾਲ ਦੋਸਤੀ ਦੀ ਇੱਛੁਕ ਹੈ। ਇੰਨਾ ਕੁਝ ਦੱਸ ਕੇ ਮਾਈਕਲ ਆਖਰੀ ਕਤਾਰ ਵਿੱਚ ਆਪਣੇ ਸਲੀਪਰ ’ਤੇ ਜਾ ਕੇ ਢੋਅ ਲਾ ਕੇ ਬੈਠ ਗਿਆ ਤੇ ਮੈਂ ਸੋਚਾਂ ਤੇ ਸਵਾਲਾਂ ਦੀ ਘੁੰਮਣਘੇਰੀ ਵਿੱਚ ਗੋਤੇ ਖਾਣ ਲੱਗਾ।
ਮੇਰਾ ਤੇ ਕ੍ਰਿਸਟੀ ਦਾ ਸਲੀਪਰ ਆਹਮੋ ਸਾਹਮਣੇ ਸੀ। ਕੁਝ ਮਿੰਟ ਲੰਘੇ ਹੋਣਗੇ, ਉਹ ਆਪਣੇ ਸਲੀਪਰ ’ਤੇ ਆ ਬੈਠੀ। ਗੱਡੀ ਕੈਮਲੂਪ ਲੰਘ ਰਹੀ ਸੀ ਤੇ ਹਨੇਰਾ ਪਸਰਨ ਲੱਗਿਆ ਸੀ। ਪਤਾ ਨਹੀਂ ਕਿਉਂ, ਮੈਨੂੰ ਕ੍ਰਿਸਟੀ ਨਾਲ ਅੱਖ ਮਿਲਾਉਣ ਤੋਂ ਝਿਜਕ ਆਉਣ ਲੱਗੀ, ਪਰ ਵੇਖੇ ਬਿਨਾਂ ਰਹਿ ਵੀ ਨਹੀਂ ਸੀ ਹੋ ਰਿਹਾ। ਬੇਸ਼ੱਕ ਬਾਹਰ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਸੀ ਤੇ ਘਰਾਂ ਦੀ ਥਾਂ ਜਾਨਵਰਾਂ ਦੇ ਝੁੰਡ ਤੇ ਘੁਰਨੇ ਦਿਸਣ ਲੱਗ ਪਏ ਸਨ, ਪਰ ਸਾਡੇ ਮਨ ਕਿਸੇ ਹੋਰ ਦੁਨੀਆ ਵਿੱਚ ਵਿਚਰ ਰਹੇ ਸਨ।
‘‘ਮਿਸਟਰ ਸਿੰਘ, ਵ੍ਹੀ ਆਰ ਗੋਇੰਗ ਥਰੂ ਸਿਮੀਲਰ ਸਿਚੂਏਸ਼ਨ, ਕੈਨ ਯੂ ਅਕਸੈਪਟ ਮਾਈ ਲਾਈਫ ਟਾਈਮ ਫਰੈਂਡਸ਼ਿੱਪ ਔਫਰ।’’ (ਸਾਡੇ ਦੋਵਾਂ ਦੇ ਹਾਲਾਤ ਇੱਕੋ ਨੇ, ਕੀ ਤੂੰ ਮੇਰੀ ਉਮਰ ਭਰ ਦੋਸਤੀ ਦੀ ਪੇਸ਼ਕਸ਼ ਸਵੀਕਾਰ ਕਰ ਸਕਦੈਂ) ਉਮਰ ਭਰ ਦਾ ਸਵਾਲ ਪਾ ਕੇ ਕ੍ਰਿਸਟੀ ਨੇ ਅੱਖਾਂ ਮੇਰੇ ਚਿਹਰੇ ’ਤੇ ਗੱਡ ਲਈਆਂ।
‘‘ਇਹੀ ਸਵਾਲ ਤਾਂ ਮੈਂ ਤੈਨੂੰ ਕਰਨ ਈ ਲੱਗਾ ਸੀ ਕਿ ਤੂੰ ਲੇਡੀ ਫਸਟ ਵਾਲੀ ਪਹਿਲ ਕਰ ਲਈ?’’
ਮੇਰੀ ਗੱਲ ਸੁਣ ਕੇ ਕ੍ਰਿਸਟੀ ਦੀਆਂ ਅੱਖਾਂ ਦੀ ਤੇਜ਼ ਹੋਈ ਚਮਕ ’ਚੋਂ ਬੜਾ ਕੁਝ ਝਲਕਣ ਲੱਗ ਪਿਆ ਸੀ। ਉਸ ਨੇ ਹੱਥ ਮੇਰੇ ਵੱਲ ਵਧਾਇਆ। ਜੱਸੀ ਦੀ ਚੈਨ ’ਚ ਫਸੀ ਚੁੰਨੀ ਵਾਲਾ ਦ੍ਰਿਸ਼ ਤਾਜ਼ਾ ਹੋ ਕੇ ਮੇਰੀਆਂ ਅੱਖਾਂ ਮੂਹਰੇ ਸਾਕਾਰ ਹੁੰਦੇ ਹੀ ਮੇਰੀ ਸੁਰਤ ਪਰਤ ਆਈ। ਮੈਂ ਅੱਬੜਵਾਹੇ ’ਚ ਕੰਬਲ ਲਾਹ ਕੇ ਅਹੁ ਮਾਰਿਆ ਤੇ ਉੱਠ ਕੇ ਬੈਠ ਗਿਆ, ਮੈਨੂੰ ਕ੍ਰਿਸਟੀ ਦੇ ਸਵਾਲ ਦਾ ਜਵਾਬ ਮਿਲ ਗਿਆ ਸੀ। ਆਪਣੇ ਆਪ ਫਰੋਲੀਆਂ ਯਾਦਾਂ ਦੀਆਂ ਪਰਤਾਂ ਦੇ ਨਿਵੇਕਲੇ ਅਹਿਸਾਸ ਨੇ ਮੈਨੂੰ ਤਰੋਤਾਜ਼ਾ ਕਰ ਦਿੱਤਾ ਸੀ। ਜੀਅ ਕਰੇ ਕਿ ਨਾਲ ਦੇ ਬੈੱਡ ’ਤੇ ਸੁੱਤੀ ਕ੍ਰਿਸਟੀ ਨੂੰ ਉਠਾ ਕੇ ਇਹ ਗੱਲ ਦੱਸਾਂ, ਪਰ ਉਸ ਦੀ ਨੀਂਦ ਕਿਉਂ ਖ਼ਰਾਬ ਕਰਨੀ, ਸੋਚ ਕੇ ਮੈਂ ਲੇਟ ਗਿਆ।
ਸੰਪਰਕ: +16044427676