For the best experience, open
https://m.punjabitribuneonline.com
on your mobile browser.
Advertisement

ਯਾਦਾਂ ਦੀਆਂ ਤੰਦਾਂ

04:51 AM Feb 13, 2025 IST
ਯਾਦਾਂ ਦੀਆਂ ਤੰਦਾਂ
Advertisement

ਜਗਜੀਤ ਸਿੰਘ ਲੋਹਟਬੱਦੀ
ਸਾਲ 1978-79 ਯਾਦਾਂ ਵਿੱਚ ਵਸੇ ਹੋਏ ਨੇ... ਲੱਗਦੈ, ਉਦੋਂ ਸਮਾਂ ਸਹਿਜ ਹੁੰਦਾ ਸੀ। ਤਕਨਾਲੋਜੀ ਦੀ ਚਕਾਚੌਂਧ ਨੇ ਅਜੇ ਤੇਜ਼ ਗਤੀ ਨਹੀਂ ਸੀ ਫੜੀ। ਚਿੱਟੇ-ਕਾਲੇ ਟੈਲੀਵਿਜ਼ਨ, ਤਾਰ ਨਾਲ ਬੰਨ੍ਹੇ ਫੋਨ… ਨਾ ਕੰਪਿਊਟਰ, ਨਾ ਮੋਬਾਈਲ ਫੋਨ, ਨਾ ਮਾਰੂਤੀ! ਪਰ ਯੂਨੀਵਰਸਿਟੀ ਵਿੱਚ ਜ਼ਿੰਦਗੀ ਧੜਕਦੀ ਸੀ। ਗੁਰੂ ਤੇਗ਼ ਬਹਾਦਰ ਹਾਲ ਵਿੱਚ ਕੁਲਦੀਪ ਮਾਣਕ ਦਾ ਅਖਾੜਾ, ਕੌਫੀ ਹਾਊਸ ਦੇ ਬਾਹਰ ਖੁੱਲ੍ਹੇ ਆਡੀਟੋਰੀਅਮ ਵਿੱਚ ਭੰਡ/ਨਕਲਚੀ ਅਤੇ ਬਲਵੰਤ ਗਾਰਗੀ ਦੇ ਨਾਟਕਾਂ ਦੀ ਪੇਸ਼ਕਾਰੀ ਦੇਖਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਿਰ ਭਿੜਦੇ। ਕਲਾਸੀਕਲ ਫਿਲਮਾਂ ‘ਗਰਮ ਹਵਾ’, ‘ਨਿਸ਼ਾਂਤ’, ‘ਗਾਈਡ’ ਦੀ ਸਕਰੀਨਿੰਗ ਦੇਖ ਦਰਸ਼ਕ ਕਲਾ ਦੇ ਕਮਾਲ ਨੂੰ ਸਿਜਦਾ ਕਰਦੇ। ਮਨੋਰੰਜਨ ਮਾਣਦਾ ਹਰ ਸ਼ਖ਼ਸ ਧੁਰ ਅੰਦਰ ਤੱਕ ਕੀਲਿਆ ਜਾਂਦਾ, ਜਿਵੇਂ ਉਹ ਆਪ ਫਿਲਮ ਜਾਂ ਨਾਟਕ ਦਾ ਪਾਤਰ ਹੋਵੇ। ਯੂਥ ਫੈਸਟੀਵਲ ਨਾਲ ਮੇਲਾ ਸਿਖਰ ’ਤੇ ਪਹੁੰਚ ਜਾਂਦਾ।
ਹੋਸਟਲਾਂ ਦੇ ਮੈੱਸ ਵਿੱਚ ਟੇਪ ਰਿਕਾਰਡਰਾਂ ’ਤੇ ਵੱਜਦੀਆਂ ਮਾਣਕ ਦੀਆਂ ਕਲੀਆਂ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਦੋਗਾਣੇ ਅਤੇ ਢਾਡੀ ਅਮਰ ਸਿੰਘ ਸ਼ੌਂਕੀ ਦੀਆਂ ਵਾਰਾਂ ਰੰਗ ਬੰਨ੍ਹੀ ਰੱਖਦੀਆਂ। ਭਾਈ ਵੀਰ ਸਿੰਘ ਹੋਸਟਲ ਦੇ ਕਾਮਨ ਰੂਮ ਵਿੱਚ ਲੱਗੇ ਟੀਵੀ ਤੇ ‘ਚਿੱਤਰਹਾਰ’ ਅਤੇ ‘ਰੰਗੋਲੀ’ ਦੇਖਣ ਲਈ ਪਾੜ੍ਹਿਆਂ ਦੀ ਭੀੜ ਮੂਹਰੇ ਹਾਲ ਕਮਰਾ ਸੁੰਗੜਿਆ ਲੱਗਦਾ। ਸਕਰੀਨ ਉੱਤੇ ਦਾਣੇ ਜਿਹੇ ਆਉਣੇ ਤਾਂ ਐਨਟੀਨਾ ਠੀਕ ਕਰਨ ਬਾਹਰ ਭੱਜਣਾ। ਵਿਦਿਆਰਥੀਆਂ ਦੇ ‘ਪ੍ਰਤਿਭਾ ਖੋਜ ਪ੍ਰੋਗਰਾਮ’ ਵਿੱਚ ਨਵੇਂ ਸ਼ਾਇਰਾਂ/ਕਲਾਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦੀ ਤਾਂਘ ਰਹਿੰਦੀ।
... ਸ਼ਨਿਚਰਵਾਰੀ ਸਭਾ ਜੁੜੀ ਹੋਈ ਸੀ। ਕਾਮਨ ਰੂਮ ਖਚਾਖਚ ਭਰਿਆ ਹੋਇਆ। ਸੁਰਜੀਤ ਭੱਟੀ (ਡਾ.) ਦੇ ਹੱਥ ਮਾਈਕ। ਹਰ ਪੇਸ਼ਕਾਰੀ ਤੋਂ ਬਾਅਦ ਵਾਹ-ਵਾਹ, ਚੋਭਾਂ ਟਕੋਰਾਂ ਨਾਲ ਡਾਢੀ ਰੌਚਿਕਤਾ ਬਣੀ ਰਹਿੰਦੀ। ਭੱਟੀ ਦੀ ਬੇਬਾਕ ਭਾਸ਼ਣ ਸ਼ੈਲੀ, ਮਹਿਫ਼ਲ ਦਾ ਮੀਲ ਪੱਥਰ ਬਣਦੀ। ਨਵਾਂ ਸ਼ਾਇਰ ‘ਹੀਰ’ ਸੁਣਾਉਣ ਲਈ ਉੱਠਿਆ। ਉਹ ਹੀਰ ਗਾਈ ਜਾਵੇ, ਸੁਣਨ ਵਾਲਿਆਂ ਦੇ ਅੰਦਰੋਂ ਹਾਸੇ ਦੇ ਫੁਹਾਰੇ ਛੁੱਟੀ ਜਾਣ। ਕਈ ਉਹਨੂੰ ‘ਬਹਿ ਜਾ, ਬਹਿ ਜਾ’ ਕਹਿਣ ਲਈ ਤਿਆਰ। ਗਾਇਨ ਖ਼ਤਮ ਹੋਇਆ। ਹਾਜ਼ਰੀਨ ਇਸ ਕਲਾਕਾਰੀ ਉੱਤੇ ਭੱਟੀ ਦੀ ਟਿੱਪਣੀ ਸੁਣਨ ਲਈ ਬੇਤਾਬ। ਭੱਟੀ ਨੇ ਆਪਣਾ ‘ਨਜ਼ਰੀਆ’ ਪੇਸ਼ ਕੀਤਾ- ਸ਼ਬਦਾਂ ਦੇ ਤੀਰ ਗੁੜ ਵਿੱਚ ਲਪੇਟੇ ਹੋਏ: “ਹੁਣੇ-ਹੁਣੇ ਤੁਸੀਂ ਬਾਈ ਬਲਵੰਤ ਸਿੰਘ ਜੀ ਹੁਰਾਂ ਪਾਸੋਂ ਹੀਰ ਸਿੱਖਾਂ ਵਾਲੀ ਬੋਲੀ ਵਿੱਚ ਸਰਵਣ ਕੀਤੀ…।” ਹਾਸੇ ਅਤੇ ਤਾੜੀਆਂ ਨਾਲ ਹਾਲ ਗੂੰਜ ਉੱਠਿਆ। ਲੰਮਾ ਸਮਾਂ ਇਸ ਯਾਦਗਾਰੀ ਸਮਾਰੋਹ ਦੀ ਚਰਚਾ ਚੱਲਦੀ ਰਹੀ।
ਹੁਣ ਜਦੋਂ ਅਸੀਂ ਬੇਲਗਾਮ ਤਰੱਕੀ ਦੀ ਰਾਹ ’ਤੇ ਅਗਾਂਹ ਤੋਂ ਅਗਾਂਹ ਵਧ ਰਹੇ ਹਾਂ, ਸੋਸ਼ਲ ਮੀਡੀਆ ਆਪਣੇ ਸਿਖਰ ’ਤੇ ਹੈ, ਦੁਨੀਆ ਸੁੰਗੜ ਗਈ ਹੈ, ਨਿੱਜ ਭਾਰੂ ਹੈ ਤਾਂ ਪੁਰਾਣੇ ਸਮਿਆਂ ਵਿੱਚ ਸਿਰ ਜੋੜ ਕੇ ਬੈਠਣਾ, ਕਲਾਸੀਕਲ ਫਿਲਮਾਂ, ਰੰਗਮੰਚ, ਅਖਾੜੇ, ਨਕਲਾਂ ਅਤੇ ਮਹਿਫ਼ਲਾਂ ਸਜਾਉਣਾ ਜਿੱਥੇ ਸੁਫਨੇ ਦੀ ਨਿਆਈਂ ਲੱਗਦੀਆਂ ਹਨ, ਉੱਥੇ ਨਵੀਂ ਪੀੜ੍ਹੀ ਲਈ ਤਾਂ ਚਾਰ, ਸਾਢੇ ਚਾਰ ਦਹਾਕੇ ਪਹਿਲਾਂ ਦਾ ਇਹ ਵਰਤਾਰਾ ਸਤਜੁਗੀ ਪਰੀ ਕਹਾਣੀਆਂ ਵਰਗਾ ਜਾਪੇਗਾ...!
ਸੰਪਰਕ: 89684-33500

Advertisement

Advertisement
Advertisement
Author Image

Jasvir Samar

View all posts

Advertisement