ਯਮੁਨਾਨਗਰ ਵਿੱਚ ਸੁਮਨ ਬਹਿਮਣੀ ਭਾਜਪਾ ਦੀ ਮੇਅਰ ਬਣੀ
ਪੱਤਰ ਪ੍ਰੇਰਕ
ਯਮੁਨਾਨਗਰ, 12 ਮਾਰਚ
ਯਮੁਨਾਨਗਰ ਦੀ ਮੇਅਰ ਬਣੀ ਭਾਜਪਾ ਦੀ ਸੁਮਨ ਬਹਿਮਣੀ ਨੇ ਕਾਂਗਰਸ ਉਮੀਦਵਾਰ ਕਿਰਨ ਬਾਲਾ ਨੂੰ 73,319 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ 22 ਵਾਰਡਾਂ ਵਿੱਚੋਂ ਭਾਜਪਾ ਨੇ 21 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਦਕਿ ਇੱਕ ਇਨੈਲੋ ਸਮਰਥਕ ਨੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਯਮੁਨਾਨਗਰ ਅਤੇ ਜਗਾਧਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਜੇਤੂ ਉਮੀਦਵਾਰਾਂ ਨੇ ਰੈਲੀਆਂ ਅਤੇ ਮਾਰਚ ਕੀਤੇ। ਇਸ ਮੌਕੇ ਮੇਅਰ ਉਮੀਦਵਾਰ ਸੁਮਨ ਬਾਹਮਣੀ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਅਤੇ ਸਾਬਕਾ ਮੰਤਰੀ ਕੰਵਰਪਾਲ ਗੁੱਜਰ ਮੌਜੂਦ ਸਨ। ਵਰਕਰਾਂ ਨੇ ਖੁਸ਼ੀ ਵਿਚ ਭੰਗੜੇ ਪਾਏ ਅਤੇ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ। ਸਾਬਕਾ ਮੰਤਰੀ ਕੰਵਰਪਾਲ ਗੁੱਜਰ ਨੇ ਇਸ ਜਿੱਤ ਨੂੰ ਜਨਤਾ ਦੇ ਵਿਸ਼ਵਾਸ ਅਤੇ ਪਾਰਟੀ ਦੀਆਂ ਨੀਤੀਆਂ ਦੀ ਸਫਲਤਾ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਯਮੁਨਾਨਗਰ ਜਗਾਧਰੀ ਖੇਤਰ ਵਿੱਚ ਵਿਕਾਸ ਦੀ ਲਹਿਰ ਲਿਆਂਦੀ ਜਿਸ ਕਾਰਨ ਇਸ ਨੂੰ ਜਨਤਾ ਦਾ ਸਮਰਥਨ ਮਿਲਿਆ ਹੈ। ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਿੱਤ ਸਾਰਿਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ।
ਮੇਅਰ ਉਮੀਦਵਾਰ ਸੁਮਨ ਬਾਹਮਣੀ ਨੇ ਆਪਣੀ ਜਿੱਤ ਨੂੰ ਜਨਤਾ ਦੀ ਸੇਵਾ ਕਰਨ ਦਾ ਮੌਕਾ ਮੰਨਿਆ ਅਤੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਨਾਗਰਿਕ ਸਹੂਲਤਾਂ ਦੇ ਸੁਧਾਰ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸਾਰੇ 22 ਵਾਰਡਾਂ ਵਿੱਚ ਬਰਾਬਰ ਵਿਕਾਸ ਹੋਵੇਗਾ ਅਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਹੋਵੇਗਾ । ਇਸ ਮੌਕੇ ਰਿਟਰਨਿੰਗ ਅਫ਼ਸਰ ਸੋਨੂੰ ਰਾਮ ਨੇ ਕਿਹਾ ਕਿ ਇਹ ਚੋਣ ਅਤੇ ਵੋਟਾਂ ਦੀ ਗਿਣਤੀ ਸਾਰੇ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਸ਼ਾਂਤੀਪੂਰਵਕ ਮੁਕੰਮਲ ਹੋਈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦੌਰਾਨ ਕੁਝ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੇ ਇਤਰਾਜ਼ ਦਰਜ ਕਰਵਾਏ ਸਨ, ਜਿਸ ਕਾਰਨ ਦੋ-ਤਿੰਨ ਥਾਵਾਂ ‘ਤੇ ਮੁੜ ਗਿਣਤੀ ਕਰਵਾਈ ਗਈ। 21 ਵਾਰਡਾਂ ਵਿੱਚ ਭਾਜਪਾ ਦੇ ਮੇਅਰ ਅਤੇ ਭਾਜਪਾ ਕੌਂਸਲਰਾਂ ਦੀ ਚੋਣ ਤੋਂ ਬਾਅਦ, ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਜਲੂਸ ਕੱਢਿਆ। ਇਸ ਦੌਰਾਨ ਯਮੁਨਾਨਗਰ ਜਗਾਧਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਮੇਅਰ ਸੁਮਨ ਬਹਿਮਣੀ ਅਤੇ ਕੌਂਸਲਰਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ।