ਯਕੀਨ
ਸੁਪਿੰਦਰ ਸਿੰਘ ਰਾਣਾ
ਪਿੰਡ ਗੇੜਾ ਮਾਰ ਰਿਹਾ ਸੀ, ਪਿੱਛੋਂ ਆਵਾਜ਼ ਆਈ... ਮਾਮਾ ਹਾਕਾਂ ਮਾਰ ਰਿਹਾ ਸੀ। ਮਾਮੇ ਦਾ ਪਿੰਡ ਨਾਨਕਿਆਂ ਕੋਲ ਹੋਣ ਕਾਰਨ ਮਾਂ ਉਸ ਨੂੰ ਵੀਰ ਆਖਦੀ ਸੀ, ਇਸੇ ਕਾਰਨ ਅਸੀਂ ਤਿੰਨੋਂ ਭੈਣ ਭਰਾ ਉਸ ਨੂੰ ਮਾਮਾ ਆਖਣ ਲੱਗ ਪਏ। ਮਾਮੇ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹ ਆਖਣ ਲੱਗਿਆ, “ਕਿਆ ਗੱਲ ਭਾਣਜਿਆ, ਘਰ ਅੱਗਿਓਂ ਬਿਨਾਂ ਮਿਲਿਆਂ ਨਿੱਕਲ ਚੱਲਿਆਂ। ਤੈਨੂੰ ਜਾਂਦੇ ਨੂੰ ਤੇਰੀ ਮਾਮੀ ਨੇ ਦੇਖ ਲਿਆ; ਆਖਣ ਲੱਗੀ ਭੂਰਡਿ਼ਆਂ ਆਲੀ ਬੀਬੀ ਦਾ ਮੁੰਡਾ ਜਾ ਰਿਹਾ, ਤਾਂ ਮੈਂ ਤੇਰੇ ਮਗਰ ਭੱਜਿਆ।”
ਉਹ ਮੇਰੀ ਬਾਂਹ ਫੜ ਕੇ ਮੱਲੋ-ਮੱਲੀ ਘਰ ਲੈ ਗਿਆ। ਮਾਮੀ ਨੇ ਘੁੱਟ ਕੇ ਜੱਫੀ ਪਾ ਲਈ ਜਿਵੇਂ ਕਾਫ਼ੀ ਚਿਰ ਬਾਅਦ ਮਿਲਿਆ ਹੋਵਾਂ। ਆਖਣ ਲੱਗੀ, “ਕਿਆ ਗੱਲ, ਜੇ ਬੀਬੀ ਤੇ ਡਾਕਟਰ ਨਹੀਂ ਰਹੇ, ਸਾਡਾ ਘਰ ਹੀ ਭੁੱਲਗੇ ਤੁਸੀਂ।” ਮੈਂ ਸ਼ਰਮਿੰਦਾ ਜਿਹਾ ਹੋ ਗਿਆ। ਜਦੋਂ ਪਿੰਡ ਰਹਿੰਦੇ ਸੀ, ਹਰ ਰੋਜ਼ ਮਾਮੇ ਦੇ ਘਰ ਵੜੇ ਰਹਿੰਦੇ, ਉਨ੍ਹਾਂ ਦੇ ਬੱਚਿਆਂ ਨਾਲ ਖੇਡਦੇ। ਹੁਣ ਕੰਮਾਂ ਵਿੱਚ ਅਜਿਹੇ ਗਵਾਚੇ ਕਿ ਪਿੰਡ ਵਿੱਚ ਇੱਕ ਦੋ ਘਰਾਂ ਵਿੱਚ ਜਾ ਕੇ ਹੋਰ ਪਾਸੇ ਧਿਆਨ ਹੀ ਨਹੀਂ ਜਾਂਦਾ। ਦਰਅਸਲ, ਹੁਣ ਅਸੀਂ ਨੇੜੇ ਹੀ ਸ਼ਹਿਰ ਵਿੱਚ ਘਰ ਬਣਾ ਲਿਆ ਸੀ। ਪਿੰਡ ਕਦੇ ਕਦਾਈਂ ਗੇੜਾ ਲਗਦਾ।
ਮਾਮੀ ਦੇ ਘਰ ਬੈਠ ਕੇ ਪੁਰਾਣੇ ਦਿਨਾਂ ਦੀ ਯਾਦ ਆ ਗਈ। ਮਾਮਾ ਆਖਣ ਲੱਗਿਆ, “ਅਸੀਂ ਤੈਨੂੰ ਕਈ ਦਿਨਾਂ ਦੇ ਯਾਦ ਕਰਦੇ ਸੀ।... ਸਾਡੇ ਪੁੱਤ ਦੇ ਧੋਖੇ ਨੇ ਸਾਨੂੰ ਕਿਤੇ ਦਾ ਨਾ ਛੱਡਿਆ।” ਮੈਂ ਪੁੱਛਿਆ, “ਅਜਿਹੀ ਕੀ ਗੱਲ ਹੋ ਗਈ?” ਉਹ ਆਖਣ ਲੱਗਿਆ, “ਇਹਨੇ ਮਕਾਨ ਦੇ ਕਾਗਜ਼ਾਂ ’ਤੇ ਬਾਰਾਂ ਲੱਖ ਦਾ ਕਰਜ਼ ਲੈ ਲਿਆ। ਦੋ ਮਹੀਨੇ ਤਾਂ ਕਿਸ਼ਤ ਮੋੜੀ ਗਿਆ, ਹੁਣ ਹੱਥ ਖੜ੍ਹੇ ਕਰ ਗਿਆ।” ਉਹਦੀਆਂ ਅੱਖਾਂ ਭਰ ਆਈਆਂ, “ਪੁੱਤ ਨੇ ਵਿਸ਼ਵਾਸਘਾਤ ਕੀਤਾ, ਪੰਜ ਲੱਖ ਕਹਿ ਕੇ ਕਾਗਜ਼ ’ਤੇ ਦਸਤਖ਼ਤ ਕਰਵਾ ਲਏ। ਮਗਰੋਂ ਪਤਾ ਲੱਗਿਆ, ਉਹਨੇ ਬਾਰਾਂ ਲੱਖ ਦਾ ਕਰਜ਼ ਲਿਆ ਹੈ। ਇਹੋ ਜਿਹੇ ਬੈਂਕ ਵਾਲੇ ਨੇ ਜਿਨ੍ਹਾਂ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਹੁਣ ਮੁੜਨ ਦਾ ਕੋਈ ਸਾਧਨ ਦਿਸਦਾ ਨਹੀਂ। ਅਸੀਂ ਉਹਨੂੰ ਬੇਦਖ਼ਲ ਕਰ ਦਿੱਤਾ ਹੈ।” ਦੋਵੇਂ ਜੀਆਂ ਦੀਆਂ ਅੱਖਾਂ ਨਮ ਸਨ। ਮੈਂ ਹੌਸਲਾ ਦਿੱਤਾ, “ਕੁੱਝ ਨਹੀਂ ਹੁੰਦਾ ਮਾਮੇ” ਪਰ ਉਹ ਡੁਸਕ ਪਿਆ, “ਭਾਣਜੇ, ਕੱਲ੍ਹ ਹੀ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਕਿ ਜੇ ਨਾ ਕਿਸ਼ਤ ਭਰੀ ਤਾਂ ਅਗਲੀ ਕਾਰਵਾਈ ਕਰਾਂਗੇ।” ਬੈਂਕ ਦਾ ਨਾਂ-ਥੇਹ ਪਤਾ ਕੀਤਾ।
ਮੈਂ ਜਦੋਂ ਉੱਠਣ ਲੱਗਿਆ ਤਾਂ ਮਾਮੀ ਨੇ ਬਾਂਹ ਤੋਂ ਫੜ ਲਿਆ, “ਇੰਝ ਨਹੀਂ ਜਾਣਾ। ਦੁੱਧ ਰੱਖਿਆ, ਪੀ ਕੇ ਜਾਈਂ।” ਨਾਂਹ-ਨਾਂਹ ਕਰਦਿਆਂ ਮਾਮੀ ਨੇ ਖਿੱਚ ਕੇ ਮੁੜ ਮੰਜੇ ’ਤੇ ਬਿਠਾ ਲਿਆ। ਥੋੜ੍ਹੀ ਦੇਰ ਮਗਰੋਂ ਮਾਮੀ ਦੋ ਗਲਾਸ ਦੁੱਧ ਅਤੇ ਪਿੰਨੀਆਂ ਲੈ ਆਈ। ਮਾਮਾ ਆਖਣ ਲੱਗਿਆ, “ਧੀਆਂ ਆਪਣੇ ਘਰ ਖੁਸ਼ ਨੇ। ਹੁਣ ਤਾਂ ਬਹੂ ਦੋ ਦਿਨਾਂ ਤੋਂ ਪੋਤੇ ਪੋਤੀ ਨੂੰ ਲੈ ਕੇ ਪੇਕੇ ਗਈ ਹੋਈ ਹੈ। ਰਿਸ਼ਤੇਦਾਰ ਵੀ ਕੀ ਸੋਚਦੇ ਹੋਣਗੇ... ਹੁਣ ਤਾਂ ਘਰੋਂ ਨਿਕਲਣ ਨੂੰ ਵੀ ਜੀਅ ਨਹੀਂ ਕਰਦਾ।” ਖ਼ੈਰ! ਉਨ੍ਹਾਂ ਨੂੰਂ ਹੌਸਲਾ ਦਿੰਦਾ ਉਥੋਂ ਤੁਰ ਪਿਆ। ਰਾਹ ਵਿੱਚ ਮਾਮੇ ਮਾਮੀ ਦੀ ਸੰਘਰਸ਼ਮਈ ਜ਼ਿੰਦਗੀ ਦਾ ਵਾਰ-ਵਾਰ ਜ਼ਿਕਰ ਆਉਂਦਾ ਗਿਆ। ਘਰ ਪੁੱਜਿਆ। ਕੁਝ ਕਰਨ ਨੂੰ ਜੀਅ ਨਹੀਂ ਕਰ ਰਿਹਾ ਸੀ।
ਦੂਜੇ ਦਿਨ ਸਬੰਧਿਤ ਬੈਂਕ ਵਿੱਚ ਜਾ ਕੇ ਕਰਜ਼ ਬਾਰੇ ਪਤਾ ਕੀਤਾ। ਪੁੱਤਰ ਨੇ ਮਾਮੇ ਦੇ ਅਨਪੜ੍ਹ ਹੋਣ ਦਾ ਲਾਭ ਲੈ ਲਿਆ ਸੀ। ਪਤਾ ਲੱਗਿਆ ਕਿ ਉਹਨੇ ਕੰਮ ਲਈ ਕਰਜ਼ ਲਿਆ ਸੀ ਪਰ ਹੁਣ ਕੰਮ ਨਾ ਚੱਲਣ ਕਾਰਨ ਉਹਦੀ ਇਹ ਹਾਲਤ ਹੋ ਗਈ ਸੀ। ਸ਼ਰਮ ਦਾ ਮਾਰਿਆ ਘਰ ਵੀ ਨਹੀਂ ਸੀ ਆ ਰਿਹਾ। ਮੇਰਾ ਫੋਨ ਵੀ ਨਾ ਚੁੱਕਿਆ। ਇੰਨੇ ਨੂੰ ਪਿਤਾ ਜੀ ਦੀ ਯਾਦ ਆ ਗਈ। ਨੌਕਰੀ ਤੋਂ ਸੇਵਾਮੁਕਤੀ ਮਗਰੋਂ ਉਨ੍ਹਾਂ ਨੂੰ ਅਧਰੰਗ ਹੋ ਗਿਆ ਸੀ, ਤੁਰਨ-ਫਿਰਨ ਤੋਂ ਵੀ ਅਸਮਰਥ ਹੋ ਗਏ। ਛੇ ਕੁ ਮਹੀਨੇ ਮਗਰੋਂ ਸੋਟੀ ਦੀ ਸਹਾਇਤਾ ਨਾਲ ਤੁਰਨ ਲੱਗ ਪਏ। ਕਈ ਵਾਰ ਪੈਨਸ਼ਨ ਲੈਣ ਉਨ੍ਹਾਂ ਨੂੰ ਸਕੂਟਰ ’ਤੇ ਲਿਜਾਂਦਾ ਰਿਹਾ। ਫਿਰ ਮਰੂਤੀ ਕਾਰ ਲੈ ਲਈ। ਹਰ ਮਹੀਨੇ ਜਾਣ ਕਾਰਨ ਬੈਂਕ ਵਾਲੇ ਜਾਣੂ ਹੋ ਗਏ। ਕਈ ਵਾਰ ਸਮਾਂ ਬਚਾਉਣ ਦਾ ਮਾਰਾ ਪੈਸੇ ਕਢਵਾਉਣ ਵਾਲੇ ਫਾਰਮ ’ਤੇ ਘਰੋਂ ਹੀ ਪਿਤਾ ਜੀ ਦੇ ਦਸਤਖ਼ਤ ਕਰਵਾ ਕੇ ਲੈ ਜਾਂਦਾ। ਪਿਤਾ ਜੀ ਬੈਂਕ ਦੇ ਬਾਹਰ ਕਾਰ ਵਿੱਚ ਮੇਰੇ ਭਰਾ ਨਾਲ ਬੈਠੇ ਰਹਿੰਦੇ। ਬੈਂਕ ਦਾ ਖਜ਼ਾਨਚੀ ਹਰ ਵਾਰ ਪੁੱਛਦਾ, “ਤੁਹਾਡੇ ਪਿਤਾ ਜੀ ਆਏ ਹਨ?” ਮੈਂ ਆਖਦਾ, “ਬਾਹਰ ਕਾਰ ਵਿੱਚ ਬੈਠੇ।” ਇੰਨਾ ਕਹਿਣ ਦੀ ਲੋੜ ਸੀ, ਉਹ ਪੈਸੇ ਮੇਰੇ ਹੱਥ ਫੜਾ ਦਿੰਦਾ।
ਅਗਲੀ ਵਾਰ ਗਏ ਤਾਂ ਖਜ਼ਾਨਚੀ ਨਵਾਂ ਸੀ। ਜਦੋਂ ਫਾਰਮ ਦਿੱਤਾ ਤਾਂ ਆਖਣ ਲੱਗਿਆ, “ਰਤਨ ਸਿੰਘ ਕਿੱਥੇ ਨੇ?” ਮੈਂ ਆਖਿਆ, “ਬਾਹਰ ਕਾਰ ਵਿੱਚ ਬੈਠੇ।” ਖਜ਼ਾਨਚੀ ਨੇ ਫਾਰਮ ਹੇਠਾਂ ਰੱਖ ਲਿਆ। ਹੋਰਾਂ ਨੂੰ ਪੈਸੇ ਦੇਣ ਲੱਗ ਪਿਆ। ਮੈਂ ਕਤਾਰ ਵਿੱਚੋਂ ਥੋੜ੍ਹਾ ਹਟ ਕੇ ਖੜ੍ਹ ਗਿਆ। ਥੋੜ੍ਹੀ ਦੇਰ ਬਾਅਦ ਖਜ਼ਾਨਚੀ ਬਾਹਰ ਚਲੇ ਗਿਆ। ਉਹਨੂੰ ਦੇਖ ਕੇ ਮੈਂ ਵੀ ਮਗਰ ਹੋ ਲਿਆ।
ਬਾਹਰ ਨਿੱਕਲ ਕੇ ਉਹ ਪੁੱਛਣ ਲੱਗਿਆ, “ਕਿੱਥੇ ਨੇ ਰਤਨ ਸਿੰਘ?” ਮੈਂ ਕਾਰ ਵੱਲ ਇਸ਼ਾਰਾ ਕੀਤਾ, “ਅਹੁ ਸਾਹਮਣੇ...।” ਉਹ ਕਾਰ ਕੋਲ ਪਹੁੰਚ ਗਿਆ, ਪੁੱਛਣ ਲੱਗਿਆ, “ਰਤਨ ਸਿੰਘ ਤੁਸੀਂ ਹੋ?” ਪਿਤਾ ਜੀ ਨੇ “ਹਾਂਜੀ” ਆਖਿਆ।
“ਤੁਸੀਂ ਕਿੰਨੇ ਪੈਸੇ ਕਢਾ ਰਹੇ ਹੋ?”
“ਵੀਹ ਹਜ਼ਾਰ।”
ਖਜ਼ਾਨਚੀ ਕਹਿੰਦਾ, “ਫਾਰਮ ’ਚ ਤਾਂ ਤੀਹ ਹਜ਼ਾਰ ਭਰੇ ਨੇ।”
“ਅਜਿਹਾ ਨਹੀਂ ਹੋ ਸਕਦਾ। ਮੈਨੂੰ ਭਾਵੇਂ ਘੱਟ ਦਿਸਦਾ ਏ ਪਰ ਮੈਨੂੰ ਬੱਚਿਆਂ ’ਤੇ ਯਕੀਨ ਐ।”
ਖਜ਼ਾਨਚੀ ਆਖਣ ਲੱਗਿਆ, “ਮੈਂ ਤਾਂ ਸਿਰਫ਼ ਅਜ਼ਮਾ ਰਿਹਾ ਸੀ। ਕਈ ਵਾਰ ਅਜਿਹੀ ਹਾਲਤ ਵਿੱਚ ਬੱਚੇ ਮਾਪਿਆਂ ਨਾਲ ਝੂਠ ਬੋਲ ਕੇ ਪੈਸੇ ਵੱਧ ਕਢਵਾ ਲੈਂਦੇ।” ਇੰਨਾ ਆਖਦਿਆਂ ਉਹ ਬੈਂਕ ਵੱਲ ਤੁਰ ਪਿਆ ਅਤੇ ਅੰਦਰ ਜਾ ਕੇ ਪੈਸੇ ਮੇਰੇ ਹੱਥ ਫੜਾਏ, “ਮਾਪਿਆਂ ਦਾ ਯਕੀਨ ਕਦੇ ਟੁੱਟਣ ਨਾ ਦੇਣਾ।”
ਇਹ ਘਟਨਾ ਨੂੰ ਯਾਦ ਕਰ ਕੇ ਸੋਚ ਰਿਹਾ ਸਾਂ, ਜੇ ਕਿਤੇ ਅਜਿਹਾ ਖਜ਼ਾਨਚੀ ਮਾਮੇ ਵਾਲੇ ਕੇਸ ਵਿੱਚ ਵੀ ਹੁੰਦਾ ਤਾਂ ਸ਼ਾਇਦ ਉਸ ਦਾ ਪੁੱਤਰ ਪੰਜ ਦੀ ਥਾਂ ਬਾਰਾਂ ਲੱਖ ਕਰਜ਼ ਨਾ ਲੈਂਦਾ ਤੇ ਮਾਮੇ ਦੀ ਇਹ ਹਾਲਤ ਨਾ ਹੁੰਦੀ।
ਸੰਪਰਕ: 98152-33232