ਯਕਮੁਸ਼ਤ ਰਾਹਤ ਨੀਤੀ ਨਾਲ ਅਲਾਟੀਆਂ ਨੂੰ ਮਿਲੀ ਵੱਡੀ ਰਾਹਤ: ਡਾ. ਰਵਜੋਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਪਰੈਲ
ਪੰਜਾਬ ਸਰਕਾਰ ਨੇ ਸੂਬੇ ਦੇ ਨਗਰ ਸੁਧਾਰ ਟਰੱਸਟਾਂ ਦੇ ਅਲਾਟੀਆਂ ਲਈ ਗੈਰ-ਨਿਰਮਾਣ ਫੀਸ ਅਤੇ ਬਕਾਇਆ ਅਲਾਟਮੈਂਟ ਰਕਮ ਸਬੰਧੀ ਯਕਮੁਸ਼ਤ ਰਾਹਤ (ਓਟੀਆਰ) ਦੇਣ ਦੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਲਾਭ ਲੈਣ ਲਈ ਅਲਾਟੀ 31 ਜੁਲਾਈ, 2025 ਤੱਕ ਸਬੰਧਤ ਨਗਰ ਸੁਧਾਰ ਟਰੱਸਟ ਨੂੰ ਦਸਤੀ ਜਾਂ ਈਮੇਲ ਰਾਹੀਂ ਬੇਨਤੀ ਭੇਜਣਾ ਯਕੀਨੀ ਬਣਾਏਗਾ ਅਤੇ 31 ਦਸੰਬਰ, 2025 ਤੱਕ ਰਹਿੰਦੀ ਬਕਾਇਆ ਰਕਮ ਨਗਰ ਸੁਧਾਰ ਟਰੱਸਟ ਵਿਖੇ ਜਮ੍ਹਾਂ ਕਰਵਾਏਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਯਕਮੁਸ਼ਤ ਰਾਹਤ ਨੀਤੀ ਤਹਿਤ ਜਿਨ੍ਹਾਂ ਅਲਾਟੀਆਂ ਨੂੰ ਅਲਾਟਮੈਂਟ ਪੱਤਰ ਜਾਰੀ ਹੋਣ ਦੀ ਮਿਤੀ ਤੋਂ 15 ਸਾਲ ਤੋਂ ਘੱਟ ਜਾਂ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਉਨ੍ਹਾਂ ਨੂੰ ਬਣਦੀ ਗੈਰ ਨਿਰਮਾਣ ਫੀਸ ਦੀ ਕੁੱਲ (ਮੂਲ ਰਕਮ ਜਮ੍ਹਾਂ ਵਿਆਜ) ’ਤੇ 50 ਫੀਸਦੀ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਸਬੰਧਤ ਦੀ 15 ਸਾਲ ਤੋਂ ਵੱਧ ਸਮੇਂ ਦੀ ਬਣਦੀ ਗੈਰ ਨਿਰਮਾਣ ਫੀਸ, ਰਿਜ਼ਰਵ ਰੇਟ ਦੇ 5 ਫੀਸਦੀ ਦੀ ਦਰ ਨਾਲ ਮੁਕੱਰਰ ਕੀਤੀ ਜਾਵੇਗੀ। ਇਹ ਨੀਤੀ ਸੀਨੀਅਰ ਸਿਟੀਜ਼ਨਾਂ, ਔਰਤਾਂ ਅਤੇ ਕਿਸੇ ਕਾਰਵਾਈ ਵਿੱਚ ਮਾਰੇ ਗਏ ਹਥਿਆਰਬੰਦ ਜਾਂ ਅਰਧ ਸੈਨਿਕ ਬਲਾਂ ਦੇ ਕਾਨੂੰਨੀ ਵਾਰਸਾਂ ਆਦਿ ਨੂੰ ਗੈਰ ਨਿਰਮਾਣ ਫੀਸ ਸਬੰਧੀ ਦਿੱਤੀ ਗਈ ਛੋਟ ਦੇ ਉੱਪਰ ਵਾਧੂ ਤੌਰ ’ਤੇ ਲਾਗੂ ਹੋਵੇਗੀ ਅਤੇ ਗੈਰ ਨਿਰਮਾਣ ਫੀਸ ’ਤੇ 25 ਫੀਸਦੀ ਵਾਧੂ ਤੌਰ ’ਤੇ ਛੋਟ ਦਿੱਤੀ ਜਾਵੇਗੀ। ਇਸ ਨੀਤੀ ਤਹਿਤ ਪੀਨਲ ਵਿਆਜ ’ਤੇ ਮੁਕੰਮਲ ਛੋਟ ਦਿੱਤੀ ਗਈ ਹੈ।