For the best experience, open
https://m.punjabitribuneonline.com
on your mobile browser.
Advertisement

ਮੱਲ ਸਿੰਘ ਦਾ ਢਹਿਣਾ

04:11 AM May 25, 2025 IST
ਮੱਲ ਸਿੰਘ ਦਾ ਢਹਿਣਾ
Advertisement

ਸਿੱਧੂ ਦਮਦਮੀ

Advertisement

ਆਖ਼ਰ ਰੁਲ਼ ਹੀ ਗਿਆ ਜੱਜਲਵਾਲਾ ਮੱਲ ਸਿੰਘ ਤੇ ਵਿਚੇ ਰਹਿ ਗਿਆ ਉਸ ਦੁਆਰਾ ਰਚਿਆ ਜਾਣ ਵਾਲਾ ਵਾਰਿਸ ਸ਼ਾਹ ਦੀ ਹੀਰ ਦਾ ਸ਼ਬਦਕੋਸ਼!
ਪਾਠਕੋ, ਇਹ ਉਸੇ ਮੱਲ ਸਿੰਘ ਦੀ ਗੱਲ ਹੈ, ਜੋ ਮੇਰੇ ਪਿੰਡ ਤਲਵੰਡੀ ਸਾਬੋ ਤੋਂ ਲਹਿੰਦੇ ਵੱਲ ਨੂੰ ਚਾਰ ਕੁ ਕਿਲੋਮੀਟਰ ’ਤੇ ਵਸਦੇ ਛੋਟੇ ਜਿਹੇ ਪਿੰਡ ਜੱਜਲ ਵਿੱਚ ਰਹਿੰਦਾ ਸੀ। ਤੇ ਜਿਸ ਨੇ ‘ਕੇਰਾਂ ਆਪਣੇ ਨਾਂਅ ਨਾਲ ‘ਪਾਗਲ’ ਦਾ ਤਖੱਲਸ ਵੀ ਜੋੜ ਲਿਆ ਸੀ। ਉਹੀ ਮੱਲ ਸਿੰਘ, ਜਿਸ ਨੂੰ ਮੇਰੇ ਜਿਹੇ ਤਾਂ ਜਮਾਂਦਰੂ ਕਲਾਕਾਰ ਸਮਝਦੇ ਰਹੇ ਪਰ ਜੋ ਉਸ ਦੇ ਪੇਂਡੂ ਆਲੇ-ਦੁਆਲੇ ਲਈ ਝੱਲ-ਵਲੱਲੀਆਂ ਮਾਰਨ ਵਾਲਾ ਪਿੰਡ ਦੇ ਮਿਸਤਰੀਆਂ ਦਾ ਮੁੰਡਾ ਹੀ ਰਿਹਾ। ਉਹੀ ਮੱਲ ਸਿੰਘ ਜਿਸ ਦੀ ਖਰ੍ਹਵੀ ਵਿਦਵਤਾ ਦੇ ਕੀਲੇ ਹੋਏ ਮੇਰੇ ਕਈ ਪੱਤਰਕਾਰ ਦੋਸਤਾਂ ਲਈ ਉਸ ਨੂੰ ਮਿਲਣਾ ਤੇ ਉਸ ਦੀਆਂ ਬਾਟੀਆਂ ਵਿੱਚ ਗੁੜ ਦੀ ਚਾਹ ਪੀਣੀ ਲਾਜ਼ਮੀ ਹੋ ਗਈ ਸੀ। ਉੁਹੀ ਮਲਵਈ ਚਾਦਰੇ ਤੇ ਟੌਰੇਦਾਰ ਪੱਗ ਵਾਲਾ ਮੱਲ ਸਿੰਘ ਜਿਸ ਨੂੰ ਕੇਵਲ ਦਸਵੀਂ ਪੜ੍ਹੇ ਹੋਣ ਦੇ ਬਾਵਜੂਦ ਪੰਜਾਬੀ/ਅੰਗਰੇਜ਼ੀ ਦੀਆਂ ਕਿਤਾਬਾਂ/ਰਸਾਲੇ ਪੜ੍ਹਨ ਦੀ ਕਦੇ ਨਾ ਮਿਟਣ ਵਾਲੀ ਭੁੱਖ ਲਗਦੀ ਸੀ।
ਭਾਵੇਂ ਪਹਿਲਾਂ ਮੱਲ ਸਿੰਘ ਨੇ ਹੀ ਮੈਨੂੰ ਲੱਭਿਆ ਸੀ - ਜਦੋਂ ਕਾਲਜ ਪੜ੍ਹਦਿਆਂ ਮੈਂ ਇਧਰ-ਉਧਰ ਛਪਣਾ ਸ਼ੁਰੂ ਹੋ ਗਿਆ ਸੀ ਪਰ ਪਿੱਛੋਂ ਜਦੋਂ ਮੇਰਾ ਉਸ ਨਾਲ ਭਰਵਾਂ ਵਾਹ ਪਿਆ ਤਾਂ ਪਤਾ ਨਹੀਂ ਮੈਂ ਕਿਵੇਂ ਇਹ ਸੋਚ ਲਿਆ ਕਿ ਮੱਲ ਸਿੰਘ ਮੇਰਾ ਲੱਭਿਆ ਉਹ ਰੋਹੀ ਦਾ ਫੁੱਲ ਸੀ ਜਿਸ ਦੀ ਗੱਲ ਕਦਰਦਾਨਾਂ ਵਿੱਚ ਚਲਾਉਣੀ ਮੇਰਾ ਧਰਮ ਸੀ। ਪਰ ਸ਼ਰਮਨਾਕ ਗੱਲ ਇਹ ਕਿ ਜ਼ਿੰਦਗੀ ਦੇ ਹੋਰ ਰੁਝੇਵਿਆਂ ਵਿੱਚ ਫਸਦਾ ਫਸਦਾ ਇਹ ‘ਧਰਮ’ ਵਾਲੀ ਗੱਲ ਮੈਂ ਭੁੱਲ ਹੀ ਗਿਆ।
ਪਿਛਲੇ ਕੁਝ ਸਾਲ ਮੇਰਾ ਮੱਲ ਸਿੰਘ ਨਾਲ ਕੋਈ ਵਾਸਤਾ ਹੀ ਨਹੀਂ ਸੀ ਰਿਹਾ। ਉਸ ਬਾਰੇ ਕੀਤੀ ਮੇਰੀ ਹਰੇਕ ਪੁੱਛ ਦੇ ਜੁਆਬ ਵਿੱਚ ਮੋਟੇ ਤੌਰ ’ਤੇ ਇਹੀ ਸੁਣਨ ਨੂੰ ਮਿਲਦਾ ਰਿਹਾ- ‘ਉਹ ਤਾਂ ਜੀ ਬਸ ਰੁਲ਼ ਗਿਆ, ਹੁਣ ਤਾਂ...’। ਪਰ ਜਿੰਨਾ ਚਿਰ ਮੇਰੇ ਪਿਤਾ ਜੀ ਤੇ ਬੇਜੀ ਜਿਊਂਦੇ ਸਨ ਤਦ ਤਕ ਮੇਰੇ ਵੱਲੋਂ ਪਿੰਡ ਦਾ ਗੇੜਾ ਮਾਰਨ ਦੀ ਪੂਰੀ ਟੋਹ ਰੱਖਦਾ ਰਿਹਾ ਸੀ। ਪਿੰਡ ਜਾ ਕੇ ਹੋਰ ਗੱਲਾਂ ਤੋਂ ਇਲਾਵਾ ਮੈਨੂੰ ਪਿਤਾ ਜੀ/ਬੇਜੀ ਦੀ ਇਸ ਹਾਕ ਦੀ ਉਡੀਕ ਰਹਿੰਦੀ ਸੀ, ‘‘ਭਾਈ ਮੱਲ ਸਿੰਘ ਆਇਐ ਤੈਨੂੰ ਮਿਲਣ!’’ ਤੇ ਇਕਹਿਰੇ ਸਰੀਰ ਵਾਲਾ ਮੱਲ ਸਿੰਘ ਨੱਕ ਦੀ ਸੇਧੇ ਚੱਲਦਾ ਮੇਰੇ ਕੋਲ ਆ ਧਮਕਦਾ- ਧੌੜੀ ਦੀ ਨੋਕਾਂ ਵਾਲੀ ਜੁੱਤੀ, ਕੁਝ ਕੁ ਉੱਚਾ ਕਰਕੇ ਬੰਨ੍ਹਿਆ ਚਾਦਰਾ, ਟੌਰੇਦਾਰ ਪੱਗ ਤੇ ਦੇਸੀ ਝੋਲੇ ਵਿੱਚ ਤੂਸੇ ਕਾਗਜ਼/ ਕਿਤਾਬਾਂ/ ਰਸਾਲੇ।
ਆਉਣ ਸਾਰ ਗੱਲ ਉਹ ਇੰਜ ਸ਼ੁਰੂ ਕਰਦਾ ਜਿਵੇਂ ਸੂਈ ਗਰਾਮੋਫੋਨ ਰਿਕਾਰਡ ਦੇ ਅੱਧ ਵਿਚਾਲਿਉਂ ਧਰੀ ਗਈ ਹੋਵੇ, ‘‘ਕੁਸ਼ ਨਹੀਂ ਕੀਤਾ ਉਨ੍ਹਾਂ ਨੇ, ਖਰੜਾ ਭੇਜੇ ਨੂੰ ਕਈ ਮਹੀਨੇ ਹੋਗੇ ਤੇਰੇ ਕਹਿਣ ਮੁਤਾਬਕ ਲਿਖ ਦਿੱਤਾ ਸੀ, ਉਨ੍ਹਾਂ ਨੂੰ ਵੀ ਪਰ...।’’ ਕਿਉਂਕ ਉਸ ਨੇ ਪਿਤਾ-ਪੁਰਖੀ ਤਰਖਾਣੀ ਕਿੱਤਾ ਕਰਨ ਦੀ ਥਾਂ ਆਪਣੀ ਥੋੜ੍ਹੀ ਜਿਹੀ ਜ਼ਮੀਨ ਦੀ ਕਿਸਾਨੀ ਦੇ ਸਿਰ ’ਤੇ ਗੁਜ਼ਾਰਾ ਚਲਾ ਕੇ ਲਿਖਣ ਦਾ ਸ਼ੌਕ ਪਾਲਣ ਨੂੰ ਚੁਣਿਆ ਸੀ, ਇਸ ਲਈ ਅਕਸਰ ਉਸ ਦੀ ਆਰਥਿਕਤਾ ਡੋਲਦੀ ਰਹਿੰਦੀ। ਪਰ ਇਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਉਹ ਏਨੀਆਂ ਲਿਖਣ ਯੋਜਨਾਵਾਂ ਨਾਲ ਭਰਿਆ ਹੁੰਦਾ ਕਿ ਇਨ੍ਹਾਂ ਨੂੰ ਮੇਰੇੇ ਨਾਲ ਸਾਂਝੀਆਂ ਕਰਨ ਦੀ ਤੀਬਰਤਾ ਵਿੱਚ ਸਾਡੀ ਮੁਲਾਕਾਤ ਦੇ ਪਹਿਲੇ ਕੁਝ ਮਿੰਟ ਤਾਂ ਉਹ ਇਨ੍ਹਾਂ ਦੇ ਉੱਘੜ-ਦੁੱਘੜ ਜੋੜੇ ਟੋਟਿਆਂ ਦਾ ਜਿਵੇਂ ਕੋਲਾਜ ਪੇਸ਼ ਕਰਦਾ। ਅਜਿਹਾ ਕਰ ਕੇ ਜਿਵੇਂ ਉਹ ਆਪਣੀਆਂ ਯੋਜਨਾਵਾਂ ਬਾਰੇ ਜਾਨਣ ਲਈ ਜਿਵੇਂ ਮੇਰੇ ਵਿੱਚ ਉਤਸੁਕਤਾ ਭਰਦਾ।
ਮੱਲ ਸਿੰਘ ਦੀਆਂ ਇਨ੍ਹਾਂ ਲਿਖਣ ਯੋਜਨਾਵਾਂ ਵਿੱਚ ਕਦੇ ਕਿਸੇ ਪੁਰਾਤਨ ਕਿੱਸੇ ਬਾਰੇ ਖੋਜ ਕਰਨ ਦਾ ਕੋਈ ਖਾਕਾ ਹੁੰਦਾ, ਕਦੇ ਮਲਵਈ ਬੋਲੀ ਦਾ ਸ਼ਬਦਕੋਸ਼ ਤਿਆਰ ਕਰਨ ਦੀ ਵਿਉਂਤ ਹੁੰਦੀ। ਜੇ ਕਦੇ ਤਾਜ਼ੇ ਲਿਖੇ ਛੰਦ/ਬੈਂਤ/ਗਜ਼ਲ ਹੁੰਦੇ ਤਾਂ ਵਾਰਿਸ ਸ਼ਾਹ ਦੀ ਹੀਰ ਦੇ ਲਿਖੇ ਜਾ ਰਹੇ ਸ਼ਬਦਕੋਸ਼ ਦੇ ਕੁਝ ਨਵੇਂ ਇੰਦਰਾਜ ਵੀ ਹੁੰਦੇ। ਉਸ ਕੋਲ ਸਾਹਿਤ ਬਾਰੇ, ਸਾਹਿਤਕ ਸੰਸਥਾਵਾਂ ਦੇ ਕੰਮਕਾਜ ਬਾਰੇ, ਸਾਹਿਤਕ ਖੋਜੀਆਂ ਦੇ ਦਾਅਵਿਆਂ ਬਾਰੇ ਬੇਅੰਤ ਸੁਆਲ ਤੇ ਬੇਅੰਤ ਸ਼ੱਕ ਹੁੰਦੇ। ਇਨ੍ਹਾਂ ਦਾ ਬਿਨਾਂ ਲੱਗ-ਲਪੇਟ ਦੇ ਜ਼ਿਕਰ ਕਰਦਿਆਂ ਉਸ ਦੀ ਆਵਾਜ਼ ਪੈਰੋ-ਪੈਰ ਉੱਚੀ ਹੁੰਦੀ ਜਾਂਦੀ ਤੇ ਅੰਤ ਕੌੜੀ ਹੋ ਜਾਂਦੀ। ਚਿਹਰਾ ਦਗਣ ਲਗਦਾ। ਪਰ ਉਹ ਆਪਣੀ ਚੱਲ ਰਹੀ ਗੱਲ ਦੀ ਇਕਾਗਰਤਾ ਨਹੀਂ ਸੀ ਉਖੜਨ ਦਿੰਦਾ।
ਮਾਲਵੇ ਦੇ ਪ੍ਰਸਿੱਧ ਕਿੱਸਾਕਾਰ ਸਾਧੂ ਸੱਦਾ ਰਾਮ ਬਾਰੇ ਕੀਤੇ ਮੱਲ ਸਿੰਘ ਦੇ ਕੰਮ ਨੂੰ ਪੰਜਾਬੀ ਯੂਨੀਵਰਸਿਟੀ ਦੇ ਲਿਟਰੇਰੀ ਸਟੱਡੀਜ਼ ਵਿਭਾਗ ਨੇ ਦਰਜਨਾਂ ਚਿੱਠੀਆਂ ਤੇ ਗੇੜਿਆਂ ਦੇ ਬਾਵਜੂਦ ਗੌਲਿਆ ਹੀ ਨਹੀਂ ਸੀ। ਇਹ ਕੰਮ ਜੇ ਕਿਸੇ ਐਮ.ਏ. ਪਾਸ ਨੇ ਕੀਤਾ ਹੁੰਦਾ ਤਾਂ ਨਾ ਸਿਰਫ਼ ਉਹ ਪੀਐੱਚ.ਡੀ. ਕਰ ਗਿਆ ਹੁੰਦਾ ਸਗੋਂ ਕਿਸੇ ਯੂਨੀਵਰਸਿਟੀ ਵਿੱਚ ਨੌਕਰੀ ਦਾ ਹੱਕਦਾਰ ਵੀ ਬਣ ਗਿਆ ਹੁੰਦਾ। (ਅਜਿਹਾ ਹੋ ਤਾਂ ਹੁਣ ਵੀ ਸਕਦਾ ਹੈ ਬਸ਼ਰਤੇ ਕਿ ਵਿਭਾਗ ਦੀਆਂ ਫਾਈਲਾਂ ਵਿੱਚ ਦੱਬਿਆ ਮੱਲ ਸਿੰਘ ਦੇ ਖੋਜ ਕਾਰਜ ਦਾ ਖਰੜਾ ਕਿਸੇ ਚਾਲੂ ਖੋਜੀ ਜਾਂ ਗਾਈਡ ਦੇ ਹੱਥ ਲਗ ਜਾਏ)। ਇਵੇਂ ਉਸ ਵੱਲੋਂ ਪੇਸ਼ ਕੀਤੇ ਗਏ ਵਾਰਿਸ ਸ਼ਾਹ ਦੀ ਹੀਰ ਦੇ ਸ਼ਬਦਕੋਸ਼ ਤਿਆਰ ਕਰਨ ਦੀ ਯੋਜਨਾ ਵੀ ਭਾਸ਼ਾ ਵਿਭਾਗ ਨੇ ਫਾਈਲਾਂ ਵਿੱਚ ਹੀ ਰੋਲ ਦਿੱਤੀ। ਪਰ ਮੱਲ ਸਿੰਘ ਆਪਣੇ ਨਾਂ ਦੇ ਅਰਥਾਂ ਅਨੁਸਾਰ ਆਪਣੇ ਵਿਉਂਤੇ ਕਾਰਜ ਪੂਰੇ ਕਰਨ ਲਈ ਆਪ ਹੀ ਸਾਹਿਤਕ ਮੱਲ ਬਣਿਆ ਧਰਤੀ ਪਕੜ ਕੇ ਜ਼ੋਰ ਕਰਦਾ ਰਿਹਾ।
ਮੱਲ ਸਿੰਘ ਦੇ ਅੰਦਰਲੀ ਜਮਾਂਦਰੂ ਖੋਜੀ ਵਾਲੀ ਚੇਟਕ ਦੀ ਭਿੰਨਤਾ ਵੀ ਕਮਾਲ ਦੀ ਸੀ। ਉਸ ਦੇ ਘਰ ਉਪਰੋਥਲੀ ਦੋ ਬੇਟੀਆਂ ਦੇ ਜਨਮ ਲੈਣ ਕਾਰਨ ਉਸ ’ਤੇ ਬੇਟਾ ਪੈਦਾ ਕਰਨ ਲਈ ਪਏ ਪਰਿਵਾਰਕ ਦਬਾਅ ਨੇ ਮਨੁੱਖੀ ਗਰਭ ਗਿਆਨ ਵੱਲ ਅਜਿਹਾ ਪ੍ਰੇਰਿਆ ਕਿ ਉਹ ਇਸ ਵਿਸ਼ੇ ਦੇ ਵੀ ਡੂੰਘੇ ਅਧਿਐਨ ਵਿੱਚ ਉਤਰ ਗਿਆ। ਰੋਚਕ ਗੱਲ ਇਹ ਕਿ ਇਸ ਦੇ ਫਲਸਰੂਪ ਨਾ ਸਿਰਫ਼ ਬਿਨਾ ਕਿਸੇ ਓਹੜ-ਪੋਹੜ ਦੇ ਉਹ ਆਪ ਬੇਟਾ ਪੈਦਾ ਕਰਨ ਵਿੱਚ ਕਾਮਯਾਬ ਹੋ ਗਿਆ ਸਗੋਂ ਇਸ ਮੁੱਦੇ ’ਤੇ ਆਮ ਲੋਕਾਂ ਲਈ ਇੱਕ ਤਰਕਸ਼ੀਲ ਕਿਤਾਬ ਲਿਖਣ ਦਾ ਬੀੜਾ ਵੀ ਉਸ ਨੇ ਚੁੱਕ ਲਿਆ ਸੀ।
ਪਰ ਇਸ ਪਿੱਛੋਂ ਮੱਲ ਸਿੰਘ ਦੀ ਕਬੀਲਦਾਰੀ ਉਲਝਦੀ ਚਲੀ ਗਈ। ਮੇਰੇ ਵਰਗੇ ਦੀਆਂ ਸੱਚੀਆਂ ਸਿਫ਼ਾਰਸ਼ਾਂ ਨੇ ਵੀ ਉਸਦਾ ਸੁੱਕਾ ਹੌਸਲਾ ਬੰਨ੍ਹਾਉਣ ਤੋਂ ਸਿਵਾਏ ਕੁਝ ਨਾ ਸੰਵਾਰਿਆ।
ਉਹ ਜਦੋਂ ਕਦੇ ਵੀ ਮੈਨੂੰ ਮਿਲਦਾ ਤਾਂ ਹਸਬੇ ਦਸਤੂਰ ਉਸ ਦੀਆਂ ਖੋਜ ਯੋਜਨਾਵਾਂ ਦਾ ਕੋਲਾਜ ਸੁਣਨ ਉਪਰੰਤ ਮਨ ਗਿਲਾਨੀ ਨਾਲ ਭਰ ਜਾਂਦਾ। ਮਨ ਕਹਿੰਦਾ ਕਿ ਮੱਲ ਸਿੰਘ ਨੂੰ ਸਿੱਧੇ ਸਪੱਸ਼ਟ ਸ਼ਬਦਾਂ ਵਿੱਚ ਮੈਂ ਕਿਉਂ ਨਹੀਂ ਦੱਸ ਦਿੰਦਾ ਕਿ ਅਜੋਕਾ ਸਿਸਟਮ ਸਾਹਿਤ/ਕਲਾ ਦੀਆਂ ਗਲੈਮਰਸ ਕੁਸ਼ਤੀਆਂ ਦਾ ਜੋ ਡਬਲਯੂ ਡਬਲਯੂੂ ਐੱਫ ਚਲਾ ਰਿਹਾ ਹੈ ਉਸ ਵਿੱਚ ਮੱਲ ਸਿੰਘ ਜਿਹੇ ਦੇਸੀ ਮੱਲਾਂ ਨੂੰ ਸ਼ਾਮਲ ਕੀਤੇ ਜਾਣ ਦਾ ਮੂਲੋਂ ਕੋਈ ਸਕੋਪ ਨਹੀਂ। ਪਰ ਨਾਲ ਹੀ ਜਾਪਣ ਲਗਦਾ ਕਿ ਇੰਜ ਕਰਕੇ ਨਾ ਕੇਵਲ ਮੈਂ ਉਸ ਦਾ ਹੌਸਲਾ ਤੋੜ ਦੇਵਾਂਗਾ ਸਗੋਂ ਉਸ ਕੋਲੋਂ ਉਸ ਦੇ ਜਿਊਣ ਦੇ ਅਰਥ ਵੀ ਖੋਹ ਲਵਾਂਗਾ। ਸੋ ਮੱਲ ਸਿੰਘ ਆਪਣੀ ਧੁਨ ਵਿੱਚ ਰਮਿਆ, ਨਾ ਢਹਿਣ ਦੀ ਜ਼ਿੱਦ ਫੜੀ ਧਰਤੀ ਪਕੜ ਕੇ ਘੁਲਦਾ ਰਿਹਾ/ ਲਿਖਦਾ ਰਿਹਾ/ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਦੇ ਗੇੜੇ ਮਾਰਦਾ ਰਿਹਾ।
ਇਸੇ ਦੌਰਾਨ ਪਤਾ ਲੱਗਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਸੀ। ਗੁਆਂਢੀ ਪਿੰਡ ਲਾਲੇਆਣਾ ਤੋਂ ਬੱਸ ਦੀ ਛੱਤ ’ਤੇ ਬਹਿ ਕੇ ਆ ਰਿਹਾ ਸੀ ਕਿ ਸੜਕ ਤੋਂ ਲੰਘਦੀਆਂ ਨੀਵੀਆਂ ਤਾਰਾਂ ਵਿੱਚ ਸਿਰ ਫਸ ਗਿਆ ਸੀ। ਇਸ ਹਾਦਸੇ ਪਿੱਛੋਂ ਉਸ ਨਾਲ ਮੇਰੀ ਇੱਕੋ ਆਖ਼ਰੀ ਮੁਲਾਕਾਤ ਹੋਈ। ਕਿਉਂਕਿ ਤਦ ਤਕ ਸਾਡੇ ਘਰ ਉਸ ਦੇ ਆਉਣ ਦੀ ਖ਼ਬਰ ‘ਭਾਈ ਮੱਲ ਸਿੰਘ ਆਇਐ ਤੈਨੂੰ ਮਿਲਣ’ ਕਹਿ ਕੇ ਦੇਣ ਵਾਲੇ ਮੇਰੇ ਮਾਪੇ ਵੀ ਤੁਰ ਗਏ ਸਨ, ਇਸ ਲਈ ਘਰ ਵਿਚਲੇ ਇਕੱਠ ਵਿੱਚੋਂ ਦੀ ਪੁੱਛਦਾ-ਪੁਛਾਉਂਦਾ ਉਹ ਮੇਰੇ ਤੱਕ ਪਹੁੰਚਿਆ ਸੀ। ਕੁਝ ਚਿਰ ਇਧਰ ਓਧਰ ਡੌਰ-ਭੌਰਾ ਜਿਹਾ ਵੇਖਣ ਪਿੱਛੋਂ ਉਸ ਦੱਸਿਆ ਕਿ ਐਕਸੀਡੈਂਟ ਨਾਲ ਉਸ ਦੇ ਸਿਰ ਨੂੰ ਗਹਿਰੀ ਚੋਟ ਪਹੁੰਚੀ ਸੀ ਜਿਸ ਦੇ ਨਾਲ ਉਸ ਦੇ ਦਿਮਾਗ਼ ਵਿੱਚ ਨੁਕਸ ਪੈ ਗਿਆ ਸੀ।
ਫੇਰ ਉਸ ਦੀਆਂ ਗੱਲਾਂ ਦੀ ਰਫ਼ਤਾਰ ਤੇਜ਼ ਤੇ ਆਵਾਜ਼ ਉੱਚੀ ਹੁੰਦੀ ਗਈ, ਜਿਵੇਂ ਪੀਟਰ ਇੰਜਣ ਦਾ ਗਵਰਨਰ ਖੁੱਲ੍ਹ ਗਿਆ ਹੋਵੇ। ਪਹਿਲਾਂ ਦੇ ਉਲਟ ਹੁਣ ਉਸ ਦੀਆਂ ਗੱਲਾਂ ਵਿੱਚੋਂ ਤਰਤੀਬ ਗਾਇਬ ਹੋ ਗਈ ਸੀ। ਆਪਣੀਆਂ ਲਿਖਣ ਯੋਜਨਾਵਾਂ ਦਾ ਪਹਿਲਾਂ ਵਾਂਗ ਕੋਲਾਜ ਪੇਸ਼ ਕਰਨ ਦੀ ਥਾਂ ਹੁਣ ਉਸ ਦੇ ਮੂੰਹੋਂ ਸ਼ਬਦਾਂ ਦਾ ਕਚਰਾ ਡਿੱਗ ਰਿਹਾ ਸੀ...।

Advertisement
Advertisement

Advertisement
Author Image

Ravneet Kaur

View all posts

Advertisement