ਮੱਕੀ ਦਾ ਬੀਜ ਨਾ ਮਿਲਣ ’ਤੇ ਕਿਸਾਨਾਂ ’ਚ ਰੋਸ
ਸ਼ਸ਼ੀ ਪਾਲ ਜੈਨ
ਖਰੜ, 3 ਫਰਵਰੀ
ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਦੀ ਰਹਿਨੁਮਾਈ ਹੇਠ ਖਰੜ ਵਿੱਚ ਹੋਈ। ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਕੋਈ ਵੀ ਖੇਤੀ ਲਈ ਜ਼ਰੂਰੀ ਚੀਜ਼ ਪੈਸੇ ਲੈ ਕੇ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਬਹਾਦਰ ਸਿੰਘ ਨਿਆਮੀਆਂ ਜਰਨਲ ਸਕੱਤਰ ਅਤੇ ਹਕੀਕਤ ਸਿੰਘ ਘੜੂੰਆਂ ਪ੍ਰੈੱਸ ਸਕੱਤਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਕਣਕ ਬੀਜਣ ਲਈ ਡੀਏਪੀ ਦੀ ਲੋੜ ਸੀ ਉਸ ਸਮੇਂ ਕਿਸਾਨ ਨੂੰ ਡੀਏਪੀ ਨਹੀਂ ਮਿਲਿਆ। ਹੁਣ ਜਦੋਂ ਕਿਸਾਨ ਨੇ ਕਣਕ ਝੋਨੇ ਫਸਲੀ ਚੱਕਰ ਵਿਚੋਂ ਨਿਕਲਣ ਲਈ ਮੱਕੀ ਬੀਜਣ ਲਈ ਖੇਤ ਤਿਆਰ ਕਰ ਲਏ ਤਾਂ ਮੱਕੀ ਦਾ ਬੀਜ ਬਾਜ਼ਾਰ ਵਿਚੋਂ ਗਾਇਬ ਕਰ ਦਿੱਤਾ। ਮੱਕੀ ਦੇ ਬੀਜ ਨਾਲ ਤਾਂ ਡੀਲਰ ਕਿਸਾਨਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਬੀਜ ਦੀ ਥੈਲੀ ਵੱਧ ਰੇਟ ’ਤੇ ਦੇਣ ਦੇ ਨਾਲ-ਨਾਲ ਗੈਰ-ਜ਼ਰੂਰੀ ਪ੍ਰੋਡੈਕਟ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ ਤੇ ਖੇਤੀਬਾੜੀ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ। ਕਿਸਾਨਾਂ ਵਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਨਕਲੀ ਖਾਦ ਦੀ ਕੀਮਤ ਕਿਸਾਨ ਨੂੰ ਵਾਪਸ ਨਹੀਂ ਕੀਤੀ। ਸੀਜ਼ਨ ਮਗਰੋਂ ਜੇਕਰ ਕਿਸਾਨ ਨਕਲੀ ਖਾਦ ਦੀ ਕੀਮਤ ਸਹਿਕਾਰੀ ਸਭਾ ਨੂੰ ਜਮ੍ਹਾਂ ਨਹੀਂ ਕਰਨਗੇ ਤਾਂ ਸਭਾਵਾਂ ਕਿਸਾਨਾਂ ਨੂੰ ਡਿਫਾਲਟਰ ਕਰਨਗੀਆਂ ਤਾਂ ਕਿਸਾਨ ਸੰਘਰਸ ਕਰਨਗੇ ਤਾਂ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਮੀਟਿੰਗ ਵਿਚ ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਮੱਕੀ ਦਾ ਚੰਗਾ ਬੀਜ ਤੁਰੰਤ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ, ਜਸਵੰਤ ਸਿੰਘ, ਰਾਣਾ ਚੌਧਰੀ ਤੋਂ ਇਲਾਵਾ, ਸੁਰਮੁੱਖ ਸਿੰਘ, ਰਾਜਾ ਨੱਗਲ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ ਹਾਜ਼ਰ ਸਨ।