ਮੰਦਰ ’ਚ ਚੋਰੀ: ਕਮੇਟੀ ਮੈਂਬਰ ਅਤੇ ਸ਼ਿਵ ਸੈਨਾ ਕਾਰਕੁਨ ਆਹਮੋ-ਸਾਹਮਣੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਫਰਵਰੀ
ਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਸਥਿਤ ਸ੍ਰੀ ਸ਼ੀਤਲਾ ਮਾਤਾ ਮੰਦਿਰ ’ਚ ਹੋਈ ਬੇਅਦਬੀ ਅਤੇ ਚੋਰੀ ਦੀ ਘਟਨਾ ਸਬੰਧੀ ਮਾਮਲੇ ’ਚ ਇਨਸਾਫ਼ ਦੀ ਮੰਗ ਲਈ ਇਕੱਠੇ ਹੋਏ ਮੰਦਰ ਕਮੇਟੀ ਦੇ ਮੈਂਬਰ ਅਤੇ ਉਨ੍ਹਾਂ ਦੇ ਸਮਰਥਨ ’ਚ ਆਏ ਸ਼ਿਵ ਸੈਨਾ ਆਗੂ ਆਹਮੋ-ਸਾਹਮਣੇ ਹੋ ਗਏ। ਮੰਦਰ ਕਮੇਟੀ ਦੇ ਮੈਂਬਰਾਂ ਦਾ ਦੋਸ਼ ਸੀ ਕਿ ਸ਼ਿਵ ਸੈਨਾ ਵਾਲੇ ਪੈਸੇ ਲੈ ਕੇ ਮਾਮਲੇ ਨੂੰ ਦੂਜੇ ਪਾਸੇ ਮੋੜਨਾ ਚਾਹੁੰਦੇ ਹਨ ਜਦਕਿ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਉਹ ਧਰਮ ਲਈ ਖੜ੍ਹੇ ਹਨ ਅਤੇ ਅੱਗੇ ਵੀ ਖੜ੍ਹੇ ਰਹਿਣਗੇ। ਕੁੱਝ ਲੋਕਾਂ ਨੇ ਮਾਮਲੇ ਵਿੱਚ ਦਖ਼ਲ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਸ ਤੋਂ ਪਹਿਲਾਂ ਮੰਦਰ ਕਮੇਟੀ ਦੇ ਮੈਂਬਰਾਂ ਨੇ ਫਿਰੋਜ਼ਪੁਰ ਰੋਡ ’ਤੇ ਸਰਕਟ ਹਾਊਸ ਨੇੜੇ ਧਰਨਾ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਦੀ ਨਾ ਸੁਣੀ ਤੇ ਕਰੀਬ ਡੇਢ ਘੰਟਾ ਟਰੈਫਿਕ ਜਾਮ ਰੱਖਿਆ। ਇਸ ਦੌਰਾਨ ਮੰਦਰ ਕਮੇਟੀ ਅਤੇ ਸ਼ਿਵ ਸੈਨਾ ਦੇ ਆਗੂਆਂ ਵਿਚਕਾਰ ਝੜਪ ਦੌਰਾਨ ਜਦੋਂ ਪੁਲੀਸ ਦਖ਼ਲ ਦੇਣ ਆਈ ਤਾਂ ਇੱਕ ਨੌਜਵਾਨ ਨੇ ਉੱਥੇ ਮੌਜੂਦ ਅਧਿਕਾਰੀ ਨੂੰ ਧੱਕਾ ਮਾਰ ਦਿੱਤਾ ਜਿਸ ਤੋਂ ਬਾਅਦ ਪੁਲੀਸ ਨੇ ਨੌਜਵਾਨ ਨੂੰ ਭਜਾ ਦਿੱਤਾ। ਬਾਅਦ ਵਿੱਚ ਪੁਲੀਸ ਨਾਲ ਮੀਟਿੰਗ ਹੋਈ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਮਿਲਣ ਮਗਰੋਂ ਸਾਰੇ ਉੱਥੋਂ ਚਲੇ ਗਏ।
ਜ਼ਿਕਰਯੋਗ ਹੈ ਕਿ ਪਹਿਲਾਂ ਸ਼ਿਵ ਸੈਨਾ ਆਗੂਆਂ ਵੱਲੋਂ ਸੋਮਵਾਰ ਨੂੰ ਪੁਲੀਸ ਕਮਿਸ਼ਨਰ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਸੀ ਪਰ ਬਾਅਦ ਵਿੱਚ ਸੁਨੇਹਾ ਆਇਆ ਕਿ ਪੁਲੀਸ ਅਧਿਕਾਰੀਆਂ ਨਾਲ ਸਰਕਟ ਹਾਊਸ ਵਿੱਚ ਮੀਟਿੰਗ ਹੋਵੇਗੀ। ਇਸ ਮਾਮਲੇ ’ਤੇ ਪਹਿਲਾਂ ਮੰਦਰ ਕਮੇਟੀ ਅਤੇ ਸ਼ਿਵ ਸੈਨਾ ਆਗੂ ਆਹਮੋ-ਸਾਹਮਣੇ ਹੋ ਗਏ। ਮੰਦਰ ਕਮੇਟੀ ਦੇ ਮੈਂਬਰ ਧਰਨੇ ’ਤੇ ਬੈਠੇ ਸਨ ਜਦਕਿ ਸ਼ਿਵ ਸੈਨਾ ਆਗੂ ਧਰਨਾ ਨਹੀਂ ਲਗਾਉਣਾ ਚਾਹੁੰਦੇ ਸਨ। ਪੁਲੀਸ ਸ਼ਿਵ ਸੈਨਾ ਆਗੂਆਂ ’ਤੇ ਬੈਠ ਕੇ ਗੱਲਬਾਤ ਕਰਨ ਲਈ ਦਬਾਅ ਪਾ ਰਹੀ ਸੀ ਪਰ ਮੰਦਰ ਕਮੇਟੀ ਦੇ ਮੈਂਬਰ ਉੱਥੇ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਸਨ। ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਬੇਅਦਬੀ ਅਤੇ ਚੋਰੀ ਦੇ ਮਾਮਲੇ ਵਿੱਚ ਪਹਿਲਾਂ ਹੀ ਕੇਸ ਦਰਜ ਕੀਤਾ ਗਿਆ ਹੈ। ਸਰਾਭਾ ਨਗਰ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਟਰੈਫਿਕ ਜਾਮ ਕਾਰਨ ਲੋਕਾਂ ਦਾ ਬੁਰਾ ਹਾਲ
ਮੰਦਰ ਕਮੇਟੀ ਮੈਂਬਰਾਂ ਅਤੇ ਸ਼ਿਵ ਸੈਨਿਕਾਂ ਵੱਲੋਂ ਦਿੱਤੇ ਧਰਨੇ ਕਾਰਨ ਫਿਰੋਜ਼ਪੁਰ ਰੋਡ ’ਤੇ ਲੰਮਾ ਜਾਮ ਲੱਗਾ ਰਿਹਾ। ਲੋਕਾਂ ਨੇ ਇਧਰੋਂ-ਉਧਰੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਫਿਕ ਜਾਮ ਵਿੱਚ ਫਸ ਗਏ। ਪ੍ਰਦਰਸ਼ਨਕਾਰੀਆਂ ਨਾਲ ਕਈ ਲੋਕਾਂ ਦੀ ਬਹਿਸ ਵੀ ਹੋਈ। ਪ੍ਰਦਰਸ਼ਨ ਦੌਰਾਨ ਸਿਰਫ਼ ਐਂਬੂਲੈਂਸਾਂ ਨੂੰ ਹੀ ਲੰਘਣ ਦਿੱਤਾ ਗਿਆ। ਅਧਿਕਾਰੀਆਂ ਨੇ ਮੀਟਿੰਗ ਵਿੱਚ ਮੁਲਜ਼ਮ ਫੜੇ ਜਾਣ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ।