ਪੱਤਰ ਪ੍ਰੇਰਕਤਰਨ ਤਾਰਨ, 13 ਅਪਰੈਲਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਸ਼ਹਿਰ ਨੂੰ ਸੂਬੇ ਦਾ ਨਮੂਨੇ ਦਾ ਸ਼ਹਿਰ ਬਨਾਉਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਸ਼ਹਿਰ ਦੇ ਵਿਕਾਸ ਲਈ ਛੇਤੀ ਹੀ ਹੋਰ ਵਿਕਾਸ ਪ੍ਰਾਜੈਕਟ ਸ਼ੁਰੂ ਕਰਵਾ ਰਹੇ ਹਨ| ਇਹ ਵਿਚਾਰ ਉਨ੍ਹਾਂ ਪੱਟੀ ਦੇ ਲੋਕਾਂ ਨੂੰ ਪੀਣ ਵਾਲੇ ਪੀਣ ਦੀ ਹੋਰ ਬਿਹਤਰ ਸਹੂਲਤ ਦੇਣ ਲਈ ਬੀਤੇ ਕੱਲ੍ਹ ਦੋ ਟਿਊਬਵੈੱਲ ਪੰਪਾਂ ਦਾ ਨੀਂਹ ਪੱਥਰ ਰੱਖਣ ਮੌਕੇ ਪੇਸ਼ ਕੀਤੇ। ਇਕ ਟਿਊਬਵੈੱਲ ਪੰਪ ਸ਼ਹਿਰ ਦੇ ਬੱਸ ਅੱਡੇ ’ਤੇ ਅਤੇ ਦੂਸਰਾ ਸ਼ਹਿਰ ਦੇ ਬੀਆਰ ਅੰਬੇਡਕਰ ਚੌਕ ’ਚ ਲਗਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ 4.52 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ ਇਨ੍ਹਾਂ ਦੋ ਟਿਊਬਵੈੱਲਾਂ ਦੇ ਕੰਮ ਸ਼ੁਰੂ ਕਰਨ ਤੇ ਨਗਰ ਕੌਂਸਲ ਪੱਟੀ ਦੇ ਘੇਰੇ ਅੰਦਰ ਆਉਂਦੇ 100 % ਵਸਨੀਕਾਂ ਨੂੰ ਪੀਣ ਦੇ ਪਾਣੀ ਦੀ ਵਧੀਆ ਸਹੂਲਤ ਮਿਲ ਸਕੇਗੀ| ਉਨ੍ਹਾਂ ਕਿਹਾ ਕਿ ਇਹ ਸਹੂਲਤ ਦੇਣ ਲਈ ਸ਼ਹਿਰ ਅੰਦਰ 14 ਕਿਲੋਮੀਟਰ ਉੱਚ ਗੁਣਵੱਤਾ ਦੀ ਪਾਈਪਲਾਈਨ ਵਿਛਾਏ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ|ਮੰਤਰੀ ਨੇ ਕਿਹਾ ਕਿ ਇਸ ਲਈ ਸ਼ਹਿਰ ਦੇ ਲੋਕ ਬੀਤੇ ਸਾਲਾਂ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਸਨ| ਉਨ੍ਹਾਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲੇਖਾ-ਜੋਖਾ ਗਿਣਾਉਂਦਿਆਂ ਕਿਹਾ ਕਿ ਲੋਕਾਂ ਨੂੰ 600 ਯੂਨਿਟ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਲੋੜੀਂਦੀਆਂ ਸਿਹਤ ਸੁਵਿਧਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਅੰਦਰ ਸਕੂਲ ਆਫ਼ ਐਮੀਨੈਂਸ ਅਤੇ ‘ਪੰਜਾਬ ਸਿੱਖਿਆ ਕ੍ਰਾਂਤੀ‘ ਤਹਿਤ ਰਾਜ ਭਰ ਦੇ ਸਕੂਲਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।