ਮੰਤਰੀ ਦੀ ਕਰਤਾਰਪੁਰ ਫੇਰੀ ਮੌਕੇ ਕੌਂਸਲ ਅਧਿਕਾਰੀ ਪੱਬਾਂ ਭਾਰ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 20 ਮਈ
ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਕਰਤਾਰਪੁਰ ਦੀ ਫੇਰੀ ਮੌਕੇ ਪੱਬਾਂ ਭਾਰ ਹੋਏ ਨਗਰ ਕੌਂਸਲ ਕਰਤਾਰਪੁਰ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਹਿਰ ਵਿੱਚ ਸਫਾਈ ਕਰਵਾ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਰਹੇ।
ਇਸ ਮੌਕੇ ਡਾਕਟਰ ਰਵਜੋਤ ਸਿੰਘ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ ਸਮੇਂ ਸਿਰ ਕੂੜਾ ਚੁੱਕਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਰੱਖਣ। ਮੰਤਰੀ ਨੇ ਜਲੰਧਰ ਨਗਰ ਨਿਗਮ ਵੱਲੋਂ ਬਣਾਈ ਜਾ ਰਹੀ ਗਊਸ਼ਾਲਾ ਦਾ ਨਿਰੀਖਣ ਕਰਨ ਮਗਰੋਂ ਕਿਹਾ ਕਿ ਇਸ ਨਾਲ ਆਵਾਰਾ ਪਸ਼ੂਆਂ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ ਅਤੇ ਕੌਮੀ ਮਾਰਗਾਂ ’ਤੇ ਹੋ ਰਹੇ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ।
ਵਿਧਾਇਕ ਬਲਕਾਰ ਸਿੰਘ ਨੇ ਸ਼ਹਿਰ ਦੇ ਵਿਕਾਸ ਲਈ ਪਹਿਲ ਕਦਮੀ ਕਰਦਿਆਂ ਨਵੀਆਂ ਤਜਵੀਜ਼ਾਂ ਰੱਖੀਆਂ ਅਤੇ ਇਸ ਨੂੰ ਕੈਬਨਿਟ ਮੰਤਰੀ ਨੇ ਤੁਰੰਤ ਮਨਜ਼ੂਰ ਕਰਕੇ ਲੋੜੀਂਦੀ ਗਰਾਂਟ ਦੇਣ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਵੱਲੋਂ ਸ਼ਹਿਰ ਦੇ ਨਿਰੀਖਣ ਉਪਰੰਤ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਕਾਰਜ ਸਾਧਕ ਅਫਸਰ ਰਾਜੀਵ ਉਬਰਾਏ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਮਨਜਿੰਦਰ ਕੌਰ ਯੂਥ ਆਗੂ ਵਰੁਣ ਬਾਵਾ ਓੰਕਾਰ ਸਿੰਘ ਲਖਵਿੰਦਰ ਸਿੰਘ ਮੌਜੂਦ ਸਨ।