ਮੰਤਰੀਆਂ ਵੱਲੋਂ ਲੋਕਾਂ ਨੂੰ ਮੁਸ਼ਕਲਾਂ ਨਾ ਆਉਣ ਦੇਣ ਦਾ ਭਰੋਸਾ
ਗੁਰਬਖ਼ਸ਼ਪੁਰੀ
ਤਰਨ ਤਾਰਨ, 9 ਮਈ
ਤਰਨ ਤਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਸਰਹੱਦਾਂ ’ਤੇ ਚਲਦੀ ਸਥਿਤੀ ਤੋਂ ਕਿਸੇ ਕਿਸਮ ਨਾਲ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕਰਨ ਲਈ ਅੱਜ ਸ਼ਹਿਰ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਦੇਸ਼ ਅੰਦਰ ਹਾਲਾਤ ਪੂਰੀ ਤਰ੍ਹਾਂ ਸ਼ਾਂਤ ਹਨ ਅਤੇ ਕੇਂਦਰ ਤੇ ਸੂਬਾ ਸਰਕਾਰ ਨੇ ਲੋਕਾਂ ਦੀਆਂ ਸਭ ਕਿਸਮ ਦੀਆਂ ਸੁਵਿਧਾਵਾਂ ਦੇਣ ਲਈ ਸਾਰੇ ਬੰਦੋਬਸਤ ਕੀਤੇ ਹੋਏ ਹਨ| ਮੰਤਰੀਆਂ ਨੇ ਤਰਨ ਤਾਰਨ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਹਸਪਤਾਲਾਂ ਸਭ ਕਿਸਮ ਦੀਆਂ ਸਹੂਲਤਾਂ ਦੇਣ ਲਈ ਲੋੜੀਂਦੇ ਬੰਦੋਬਸਤ ਕੀਤੇ ਹੋਏ ਹਨ| ਉਨ੍ਹਾਂ ਜਿਥੇ ਕਾਲਾਬਾਜਾਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਉਥੇ ਉਨ੍ਹਾਂ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕਰਨ ਮੌਕੇ ਸੰਜਮ ਤੋਂ ਕੰਮ ਲੈਣ ਦੀ ਵੀ ਅਪੀਲ ਕੀਤੀ| ਡਿਪਟੀ ਕਮਿਸ਼ਨਰ ਰਾਹੁਲ ਨੇ ਜ਼ਿਲ੍ਹਾ ਤਰਨ ਤਾਰਨ ਦੇ ਜ਼ੀਰੋ ਤੋਂ 10 ਕਿਲੋਮੀਟਰ ਤੱਕ ਦੇ ਸਰਹੱਦੀ ਇਲਾਕਿਆਂ ਨੂੰ ਖਾਲੀ ਕਰਾਉਣ ਸਬੰਧੀ ਇੱਕ ਫਰਜ਼ੀ ਸੂਚੀ ਦੇ ਮੀਡੀਆ ’ਤੇ ਵਾਇਰਲ ਹੋਣ ਬਾਰੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਕੀਤਾ ਹੈ। ਅਧਿਕਾਰੀਆਂ ਦੀ ਟੀਮ ਨੇ ਖਾਲੜਾ ਇਲਾਕੇ ਅੰਦਰ ਸਰਹੱਦੀ ਖੇਤਰ ਦੇ ਐਨ ਬਾਰਡਰ ਨਾਲ ਲੱਗਦੇ ਪਿੰਡ ਥੇਹ ਕਲਾਂ ਜਾ ਕੇ ਲੋਕਾਂ ਨੂੰ ਕਿਸੇ ਕਿਸਮ ਦੀ ਅਫਵਾਹ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ| ਇਸ ਪ੍ਰਤੀਨਿਧੀ ਵਲੋਂ ਅੱਜ ਸਰਹੱਦੀ ਖੇਤਰ ਦੇ ਪਿੰਡ ਭਿੱਖੀਵਿੰਡ, ਪਹੁਵਿੰਡ, ਖਾਲੜਾ, ਡੱਲ, ਮਾੜੀ ਮੇਘਾ, ਮਾੜੀ ਉੱਦੋਕੇ, ਕਲਸ ਆਦਿ ਜਾ ਕੇ ਦੇਖਿਆ ਕਿ ਕਿਸਾਨਾਂ ਵਲੋਂ ਅਗਲੀ ਫ਼ਸਲ ਬੀਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ|
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਭਾਰਤ ਪਾਕਿਸਤਾਨ ਦੌਰਾਨ ਜੰਗ ਵਰਗੇ ਹਾਲਾਤ ਦੇ ਮੱਦੇਨਜ਼ਰ ਅੱਜ ‘ਆਪ’ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਰਾਵੀ ਦਰਿਆ ਤੋਂ ਪਾਰ ਪਿੰਡ ਘਣੀਏ ਕੇ ਬੇਟ, ਪਿੰਡ ਗੁਰਚੱਕ, ਡਾਲਾ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਹ ਪਿੰਡ ਐਨ ਸੀਮਾ ਦੇ ਨੇੜੇ ਹਨ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਸੁਣਿਆ ਅਤੇ ਹੌਸਲਾ ਦਿੱਤਾ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸਾਸ਼ਨ ਇਸ ਮੁਸ਼ਕਲ ਘੜੀ ’ਚ ਉਨ੍ਹਾਂ ਨਾਲ ਹੈ। ‘ਆਪ’ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਪਹਿਲੀ ਵਾਰੀ ਰਾਵੀ ਦਰਿਆ ਤੋਂ ਪਾਰ ਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹਾਇਤਾ ਲਈ ਰਾਹਤ ਕੈਂਪ ਬਣਾਏ ਗਏ ਹਨ। ਜਦੋਂਕਿ ਪਸ਼ੂਆਂ ਦੇ ਰੱਖ-ਰਖਾਅ ਅਤੇ ਚਾਰੇ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਡੇੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਅਜਿਹੇ ਦੌਰ ’ਚ ਹਲਕੇ ਖ਼ਾਸਕਰ ਸੀਮਾ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ। ਇਸ ਮੌਕੇ ਏਡੀਸੀ (ਜ) ਕਮ ਐਸਡੀਐਮ ਡੇਰਾ ਬਾਬਾ ਨਾਨਕ ਅਦਿੱਤਿਆ ਅਤੇ ਤਹਿਸੀਲਦਾਰ ਲਛਮਣ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਬਾਠ, ਤਹਿਸੀਲਦਾਰ ਲਛਮਣ ਸਿੰਘ, ਡੀਐਸਪੀ ਜੋਗਾ ਸਿੰਘ ਆਦਿ ਅਧਿਕਾਰੀ ਮੌਜੂਦ ਸਨ।
ਧਮਾਕਿਆਂ ਦੀ ਗੂੰਜ ਦੇ ਬਾਵਜੂਦ ਲੋਕਾਂ ਦੇ ਹੌਸਲੇ ਬੁਲੰਦ
ਦਸੂਹਾ (ਭਗਵਾਨ ਦਾਸ ਸੰਦਲ): ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਇਥੇ ਰਾਤ ਵੇਲੇ ਕਈ ਥਾਵਾਂ ’ਤੇ ਧਮਾਕਿਆਂ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ। ਇਸ ਦੇ ਬਾਵਜੂਦ ਜਿਥੇ ਲੋਕਾਂ ਦੇ ਹੌਸਲੇ ਬੁਲੰਦ ਹਨ। ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ, ਦਸੂਹਾ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ, ਡੀਪੀਸੀ ਦੇ ਪ੍ਰਧਾਨ ਸੰਜੇ ਰੰਜਨ ਤੇ ਭਾਰਤੀ ਮਜ਼ਦੂਰ ਸੰਘ ਦੇ ਆਗੂ ਕਾਮਰੇਡ ਵਿਜੈ ਸ਼ਰਮਾ ਦਾ ਕਹਿਣਾ ਹੈ ਕਿ ਅਤਿਵਾਦ ਨੂੰ ਹਮਾਇਤ ਦੇਣ ਵਾਲਿਆਂ ਨੂੰ ਢੁੱਕਵਾਂ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਜਮ੍ਹਾਂਖੋਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ।
ਭਾਜਪਾ ਵਿਧਾਇਕ ਅਸ਼ਵਨੀ ਵੱਲੋਂ ਬਮਿਆਲ ਦਾ ਦੌਰਾ
ਪਠਾਨਕੋਟ (ਐੱਨਪੀ ਧਵਨ): ਵਿਧਾਇਕ ਅਸ਼ਵਨੀ ਸ਼ਰਮਾ ਨੇ ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਅਤੇ ਲੰਘੀ ਰਾਤ ਪਾਕਿਸਤਾਨ ਵੱਲੋਂ ਪਠਾਨਕੋਟ ਏਅਰਬੇਸ ਤੇ ਮਾਮੂਨ ਮਿਲਟਰੀ ਸਟੇਸ਼ਨ ’ਤੇ ਕੀਤੇ ਗਏ ਹਮਲਿਆਂ ਨੂੰ ਲੈ ਕੇ ਅੱਜ ਏਅਰਬੇਸ ਨਾਲ ਲੱਗਦੇ ਪਿੰਡਾਂ ਧੀਰਾ, ਦਰਸ਼ੋਪੁਰ, ਅਕਾਲਗੜ੍ਹ ਅਤੇ ਕੌਮਾਂਤਰੀ ਸਰਹੱਦ ਦੇ ਪਿੰਡ ਬਮਿਆਲ ਦਾ ਦੌਰਾ ਕੀਤਾ। ਉਨ੍ਹਾਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਨੂੰ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਬੀਐਸਐਫ ਅਤੇ ਆਰਮੀ ਦਾ ਸਹਿਯੋਗ ਕਰਨ ਦੀ ਜ਼ਰੂਰਤ ਹੈ। ਇਸ ਕਰਕੇ ਉਹ ਸੁਰੱਖਿਆ ਫੋਰਸਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਉਹ ਅਤੇ ਸਾਰੇ ਪਿੰਡਾਂ ਦੇ ਵਾਸੀ ਫੋਰਸਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ। ਇਸ ਮੌਕੇ ਸਾਬਕਾ ਵਿਧਾਇਕ ਸੀਮਾ ਕੁਮਾਰੀ, ਮੰਡਲ ਪ੍ਰਧਾਨ ਵਿਸ਼ਾਲ ਸਿੰਘ ਰਿੰਕੂ, ਮੰਗਤ ਰਾਮ ਕੋਹਲੀ, ਰਾਜ ਕੁਮਾਰ, ਤ੍ਰਿਲੋਕ ਸਿੰਘ, ਜਗਦੇਵ ਸਿੰਘ ਮਿੰਟੂ ਆਦਿ ਵੀ ਹਾਜ਼ਰ ਸਨ।