ਮੰਡੀ ਗੋਬਿੰਦਗੜ੍ਹ ’ਚ ਅਮਨ-ਕਾਨੂੰਨ ਦੀ ਹਾਲਤ ਵਿਗੜੀ: ਰਾਜੂ ਖੰਨਾ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 8 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਗੈਂਗਸਟਰਾਂ ਦੇ ਹਮਲੇ ਦਾ ਸ਼ਿਕਾਰ ਨਵਾਬ ਬਿੱਲਾ ਢਾਬੇ ਦੇ ਮਾਲਕ ਰਣਦੀਪ ਸਿੰਘ ਉਰਫ਼ ਪ੍ਰਿੰਸ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੈ। ਰੋਜ਼ਾਨਾ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗਣ ਕਾਰਨ ਵਪਾਰੀ ਵਰਗ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਔਰਤਾਂ ਦੀਆਂ ਸੋਨੇ ਦੀਆਂ ਚੇਨੀਆਂ ਅਤੇ ਮਜ਼ਦੂਰਾਂ ਤੋਂ ਤਨਖ਼ਾਹ ਖੋਹੇ ਜਾਣ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਤਾਂ ਪੁਲੀਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਆਗੂ ਹਰਮੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਭੰਗੂ, ਜਰਨੈਲ ਸਿੰਘ ਮਾਜਰੀ, ਜਤਿੰਦਰਪਾਲ ਸਿੰਘ ਮੰਡੀ, ਕਰਮਜੀਤ ਸਿੰਘ ਗਾਂਧੀ, ਰਾਮ ਸਿੰਘ ਮੰਡੀ, ਐੱਸਓਆਈ ਦੇ ਜ਼ੋਨਲ ਪ੍ਰਧਾਨ ਗੁਰਕੀਰਤ ਸਿੰਘ ਪਨਾਗ, ਗੁਰਪ੍ਰੀਤ ਸਿੰਘ ਨੋਨੀ ਅਤੇ ਚਰਨਜੀਤ ਚੰਨਾ ਆਦਿ ਹਾਜ਼ਰ ਸਨ।