ਗੈਸ ਕੰਪਨੀ ਨੇ ਮੰਡੀ ਕਿੱਲਿਆਂਵਾਲੀ ’ਚ ਗੈਰਕਾਨੂੰਨੀ ਪਾਈਪ ਲਾਈਨ ਵਿਛਾਈ
ਇਕਬਾਲ ਸਿੰਘ ਸ਼ਾਂਤ
ਲੰਬੀ, 2 ਫਰਵਰੀ
ਹਰਿਆਣਾ ਦੇ ਕਸਬਾ ਮੰਡੀ ਡੱਬਵਾਲੀ ਵਿੱਚ ਐੱਲਪੀਜੀ ਗੈਸ ਦੀ ਜ਼ਮੀਦੋਜ਼ ਪਾਈਪ ਲਾਈਨ ਵਿਛਾ ਰਹੀ ਕੰਪਨੀ ਪੰਜਾਬ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਕਸਬੇ ਮੰਡੀ ਕਿੱਲਿਆਂਵਾਲੀ ਵਿੱਚ ਗੈਰਕਾਨੂੰਨੀ ਤੌਰ ’ਤੇ ਪਾਈਪਾਂ ਵਿਛਾਉਣ ਲੱਗੀ ਹੈ। ਕੰਪਨੀ ਕੋਲ ਐੱਨਐੱਚਏਆਈ ਹਿਸਾਰ ਤੋਂ ਹਰਿਆਣਾ ਖੇਤਰ ਦੇ ਡੱਬਵਾਲੀ, ਫਤਿਹਾਬਾਦ ਦੀ ਮਨਜ਼ੂਰੀ ਹੈ ਜਦਕਿ ਮੰਡੀ ਕਿੱਲਿਆਂਵਾਲੀ ਦਾ ਰਕਬਾ ਐੱਨਐੱਚਏਆਈ (ਬਠਿੰਡਾ) ਦੇ ਅਧੀਨ ਆਉਂਦਾ ਹੈ। ਬਿਨਾਂ ਕਿਸੇ ਮਨਜ਼ੂਰੀ ਤੋਂ ਪਾਈਪਾਂ ਵਿਛਾਉਣ ਸਮੇਂ ਮੰਡੀ ਕਿੱਲਿਆਂਵਾਲੀ ’ਚ ਜਲ ਤੇ ਸੈਨੀਟੇਸ਼ਨ ਵਿਭਾਗ ਦੀਆਂ ਪਾਣੀ ਸਪਲਾਈ ਵਾਲੀਆਂ ਪਾਈਪ ਲਾਈਨਾਂ ਨੂੰ ਨੁਕਸਾਨ ਪੁੱਜਿਆ ਹੈ। ਅੱਜ ਪਾਈਪ ਲਾਈਨ ਪਾਉਣ ਸਮੇਂ ਕੌਮੀ ਸ਼ਾਹ ਰਾਹ-9 ਡੱਬਵਾਲੀ-ਮਲੋਟ ਸੜਕ ’ਤੇ ਪਾਣੀ ਦੀ ਸਪਲਾਈ ਲਾਈਨ ਟੁੱਟਣ ਕਾਰਨ ਕਰੀਬ ਦਸ ਦੁਕਾਨਾਂ ਦੇ ਬਾਹਰ ਪਾਣੀ ਭਰ ਗਿਆ। ਮੰਡੀ ਕਿੱਲਿਆਂਵਾਲੀ ਦੇ ਸਰਪੰਚ ਗੁਰਮੇਲ ਸਿੰਘ ‘ਟੋਨੀ’ ਨੇ ਪਾਣੀ ਸਪਲਾਈ ਲਾਈਨ ਟੁੱਟਣ ਬਾਰੇ ਗੁਜਰਾਤ ਗੈਸ ਲਿਮਟਿਡ ਦੇ ਸਥਾਨਕ ਅਧਿਕਾਰੀਆਂ ਕੋਲ ਤਿੱਖਾ ਇਤਰਾਜ਼ ਜਤਾਇਆ ਅਤੇ ਮਨਜ਼ੂਰੀ ਦੀ ਕਾਪੀ ਮੰਗੀ ਹੈ। ਮੰਡੀ ਕਿੱਲਿਆਂਵਾਲੀ ਵਿੱਚ ਦੁਕਾਨਦਾਰ ਰਾਜੇਸ਼ ਕੁਮਾਰ ਨੇ ਕਿਹਾ ਕਿ ਗੈਸ ਪਾਈਪ ਲਾਈਨ ਵਿਛਾਉਣ ਦੌਰਾਨ ਪਾਣੀ ਸਪਲਾਈ ਦੀ ਮੁੱਖ ਲਾਈਨ ਟੁੱਟ ਗਈ ਜਿਸ ਕਾਰਨ ਪਾਣੀ ਭਰਨ ਨਾਲ ਉਨ੍ਹਾਂ ਸਮੇਤ ਕਈ ਦੁਕਾਨਦਾਰਾਂ ਦਾ ਸਾਮਾਨ ਨੁਕਸਾਨਿਆ ਗਿਆ ਹੈ। ਕੌਂਸਲਰ ਅਤੇ ਦੁਕਾਨਦਾਰ ਸੁਮਿਤ ਅਨੇਜਾ ਨੇ ਕਿਹਾ ਕਿ ਬਿਨ੍ਹਾਂ ਵਜ੍ਹਾ ਪਾਈਪਾਂ ਤੋੜ ਕੇ ਪਾਣੀ ਸਪਲਾਈ ਅਤੇ ਦੁਕਾਨਦਾਰਾਂ ਨੂੰ ਖੁਆਰ ਕੀਤਾ ਜਾ ਰਿਹਾ ਹੈ। ਜਲ ਸੈਨੀਟੇਸ਼ਨ ਵਿਭਾਗ ਦੇ ਜੇਈ ਰਵਿੰਦਰ ਦਾ ਕਹਿਣਾ ਸੀ ਕਿ ਕੰਪਨੀ ਪਾਣੀ ਦੀਆਂ ਪਾਈਪਾਂ ਨੂੰ ਜੋੜ ਰਹੀ ਹੈ। ਜਦੋਂ ਉਨ੍ਹਾਂ ਨੂੰ ਪਾਈਪ ਤੋੜਨ ਦੀ ਕਾਨੂੰਨੀ ਕਾਰਵਾਈ ਪੁੱਛਿਆ ਤਾਂ ਉਹ ਚੁੱਪ ਵੱਟ ਗਏ।
ਐੱਨਐੱਚਏਆਈ ਬਠਿੰਡਾ ਦੇ ਪ੍ਰਾਜੈਕਟ ਡਾਇਰੈਕਟਰ ਰਾਜੀਵ ਕੁਮਾਰ ਦਾ ਕਹਿਣਾ ਸੀ ਕਿ ਇਸ ਕੰਪਨੀ ਵੱਲੋਂ ਐੱਨਐੱਚਏਆਈ ਬਠਿੰਡਾ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਮੰਡੀ ਕਿੱਲਿਆਂਵਾਲੀ ਦਾ ਖੇਤਰ ਉਨ੍ਹਾਂ ਦੇ ਅਧੀਨ ਆਉਂਦਾ ਹੈ। ਇਸ ਕਰਕੇ ਇਹ ਪਾਈਪ ਦਾ ਕਾਰਜ ਗੈਰਕਾਨੂੰਨੀ ਹੈ। ਉਨ੍ਹਾਂ ਕੱਲ੍ਹ ਅਧਿਕਾਰੀਆਂ ਨੂੰ ਭੇਜ ਕੇ ਪੜਤਾਲ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਕੰਪਨੀ ਅਧਿਕਾਰੀ ਸੁਨੀਲ ਚਹਿਲ ਦਾ ਕਹਿਣਾ ਸੀ ਕਿ ਕੰਪਨੀ ਕੋਲ ਐੱਨਐੱਚ-9 ’ਤੇ ਪਾਈਪ ਪਾਉਣ ਦੀ ਮਨਜ਼ੂਰੀ ਹੈ। ਉਸ ਨੇ ਕਿਹਾ ਕਿ ਮਨਜ਼ੂਰੀ ਵਿੱਚ (ਐੱਨਐੱਚ 9) ਰੇਲਵੇ ਕਰਾਸਿੰਗ ਤੋਂ ਮੰਡੀ ਕਿੱਲਿਆਂਵਾਲੀ ਸਪੱਸ਼ਟ ਲਿਖਿਆ ਹੋਇਆ ਹੈ। ਇਹ ਕਸਬਾ ਵੀ ਇਸੇ ਮਨਜ਼ੂਰੀ ਅਧੀਨ ਆਉਂਦਾ ਹੈ।