ਮੌੜ ਬੰਬ ਕਾਂਡ: ਇਨਸਾਫ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਨਿਰਾਸ਼

ਜਗਤਾਰ ਅਣਜਾਣ
ਮੌੜ ਮੰਡੀ, 28 ਜਨਵਰੀ
ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਅਤੇ ਪੀੜਤ ਪਰਿਵਾਰਾਂ ਨੇ ਅੱਜ ਦੇਰ ਸ਼ਾਮ ਮੀਟਿੰਗ ਕਰਕੇ ਸਰਕਾਰ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਸੰਘਰਸ਼ ਕਮੇਟੀ ਦੇ ਆਗੂ ਗੁਰਮੇਲ ਸਿੰਘ ਮੇਲਾ ਨੇ ਦੱਸਿਆ ਕਿ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੇ ਹੰਝੂ ਪੂੰਝਣ ਲਈ ਜੋ ਐਂਬੂਲੈਂਸ ਦਿੱਤੀ ਗਈ ਸੀ, ਉਸ ਨੂੰ ਰੋਸ ਵਜੋਂ ਵਾਪਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਵਿੱਚ ਸਰਕਾਰ ਵਿਰੁੱਧ ਗੁੱਸਾ ਹੈ ਕਿ ਪੀੜਤ ਪਰਿਵਾਰਾਂ ’ਚੋਂ ਕਿਸੇ ਨੂੰ ਵੀ ਸਰਕਾਰ ਵੱਲੋਂ ਬਣਾਏ ਲਾਲ ਕਾਰਡਾਂ ਦਾ ਕੋਈ ਲਾਭ ਨਹੀਂ ਹੋਇਆ। ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ 31 ਜਨਵਰੀ ਨੂੰ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਸਟੇਜ ਲਗਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਤੇ ਰੋਸ ਵਜੋਂ ਵਿਸ਼ਵਕਰਮਾ ਮਾਰਕੀਟ ਨੂੰ ਬੰਦ ਰੱਖਿਆ ਜਾਵੇਗਾ ਤੇ ਕਮੇਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ ਜਾਵੇਗਾ ਕਿਉਂਕਿ ਪੀੜਤ ਪਰਿਵਾਰਾਂ ਨੂੰ ਤਿੰਨ ਸਾਲ ਬੀਤਣ ’ਤੇ ਵੀ ਕੋਈ ਇਨਸਾਫ਼ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ 31 ਜਨਵਰੀ 2017 ਨੂੰ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੇ ਚੋਣ ਜਲਸੇ ਸਮੇਂ ਕਾਰ ਬੰਬ ਧਮਾਕਾ ਹੋਇਆ ਸੀ ਜਿਸ ਵਿਚ ਪੰਜ ਬੱਚਿਆਂ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਸੈਂਕੜੇ ਵਿਅਕਤੀ ਜ਼ਖਮੀ ਹੋ ਗਏ ਸਨ। ਸੰਘਰਸ਼ ਕਮੇਟੀ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।