ਮੌਸਮ ਦਾ ਮਿਜ਼ਾਜ: ਮਾਲਵਾ ਮੁੜ ਧੁੰਦ ਦੇ ਲਪੇਟੇ ’ਚ
ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ
ਮਾਨਸਾ/ਬਠਿੰਡਾ, 1 ਫਰਵਰੀ
ਪਹਾੜਾਂ ’ਤੇ ਹੋਈ ਬਰਫ਼ਬਾਰੀ ਕਾਰਨ ਮਾਲਵਾ ਖੇਤਰ ਵਿੱਚ ਬਰਫ਼ੀਲੀ ਹਵਾ ਚੱਲਣ ਨਾਲ ਠੰਢ ਅਤੇ ਧੁੰਦ ਵੱਧ ਗਈ ਹੈ। ਧੁੰਦ ਨੇ ਕਈ ਦਿਨਾਂ ਬਾਅਦ ਮਾਲਵਾ ਖੇਤਰ ਨੂੰ ਮੁੜ ਲਪੇਟ ਵਿੱਚ ਲੈ ਲਿਆ ਹੈ। ਫਰਵਰੀ ਮਹੀਨੇ ਦੇ ਪਹਿਲੇ ਦਿਨ ਅੱਜ ਮਾਲਵਾ ਖੇਤਰ ਵਿੱਚ ਸੰਘਣੀ ਧੁੰਦ ਛਾਈ ਰਹੀ। ਦੁਪਹਿਰ ਤੱਕ ਰਾਹਗੀਰਾਂ ਨੂੰ ਵਾਹਨਾਂ ਦੀਆਂ ਬੱਤੀਆਂ ਜਗਾ ਕੇ ਸਫ਼ਰ ਕਰਨਾ ਪਿਆ। ਪੇਂਡੂ ਖੇਤਰਾਂ ਵਿੱਚ ਧੁੰਦ ਦਾ ਪ੍ਰਭਾਵ ਹੋਰ ਵੀ ਵੱਧ ਵੇਖਣ ਨੂੰ ਮਿਲਿਆ। ਧੁੰਦ ਕਾਰਨ ਕਈ ਹਾਦਸੇ ਹੋਣੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਅੱਜ ਧੁੰਦ ਕਾਰਨ ਬਠਿੰਡਾ ਦੇ ਘਰੇਲੂ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਫਲਾਈਟਾਂ ਆਪਣੇ ਨਿਸ਼ਚਿਤ ਸਮੇਂ ਤੋਂ ਪਛੜ ਕੇ ਉੱਡੀਆਂ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਵੱਲੋਂ ਦਿੱਤੀ ਗਈ ਇੱਕ ਰਿਪੋਰਟ ਮੁਤਾਬਕ ਮਾਨਸਾ, ਬਠਿੰਡਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਲੁਧਿਆਣਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਅਗਲੇ 48 ਘੰਟੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਗਲੇ 2-3 ਦਿਨ ਬੱਦਲਬਾਈ ਬਣੀ ਰਹੇਗੀ। ਵੱਧ ਤੋਂ ਵੱਧ ਤਾਪਮਾਨ 16.0 ਤੋਂ 18.0 ਅਤੇ ਘੱਟ ਤੋਂ ਘੱਟ ਤਾਪਮਾਨ 8.0 ਤੋਂ 9.0 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਰਹੇਗਾ, ਜਦਕਿ ਹਵਾ ਵਿੱਚ ਨਮੀ ਦੀ ਔਸਤ ਮਾਤਰਾ 96 ਤੋਂ 80 ਪ੍ਰਤੀਸ਼ਤ ਦੇ ਵਿਚਕਾਰ ਅਤੇ ਹਵਾਵਾਂ ਦੀ ਰਫ਼ਤਾਰ 5.2 ਤੋਂ 9.7 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ। ਗੌਰਤਲਬ ਹੈ ਕਿ ਜਨਵਰੀ ਦੇ ਆਖਰੀ ਹਫ਼ਤੇ ਦੌਰਾਨ ਖਿੜੀਆਂ ਧੁੱਪਾਂ ਕਾਰਨ ਦਿਨ ਦਾ ਤਾਪਮਾਨ ਵੱਧ ਗਿਆ ਸੀ ਜਿਸ ਕਰਕੇ ਕਿਸਾਨ ਚਿੰਤਤ ਸਨ। ਗਰਮੀ ਦੇ ਮੱਦੇਨਜ਼ਰ, ਉਨ੍ਹਾਂ ਨੇ ਕਣਕ ਦੀ ਫ਼ਸਲ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਸੀ। ਫਰਵਰੀ ਮਹੀਨੇ ਦੇ ਪਹਿਲੇ ਦਿਨ ਪਈ ਸੰਘਣੀ ਧੁੰਦ ਨੇ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਹੈ।