ਮੌਸਮ ਦਾ ਬਿਗੜਿਆ ਮਿਜਾਜ਼, ਬੱਦਲਵਾਈ ਨੇ ਕਿਸਾਨਾਂ ਦੇ ਸਾਹ ਸੂਤੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਪਰੈਲ
ਖੇਤਾਂ ਵਿਚ ਕਣਕ ਦੀ ਫ਼ਸਲ ਪੂਰੀ ਤਰਾਂ ਪੱਕ ਕੇ ਵਾਢੀ ਲਈ ਤਿਆਰ ਹੈ ਅਤੇ ਅਨਾਜ ਮੰਡੀਆਂ ਵਿੱਚ ਕਣਕ ਦੀ ਟਾਵੀਂ ਟਾਵੀਂ ਢੇਰੀ ਪੁੱਜਣੀ ਸ਼ੁਰੂ ਵੀ ਹੋ ਗਈ ਹੈ ਪਰ ਮੌਸਮ ਦੇ ਵਿਗੜੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਹਾਲਾਂਕਿ ਮੰਡੀਆਂ ਵਿੱਚ ਵੀ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਮੌਸਮ ਵੱਲ ਦੇਖ ਕੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਮੀਂਹ ਪੈ ਗਿਆ ਤਾਂ ਫ਼ਸਲ ਕੱਟਣ ਵਿੱਚ ਹਫ਼ਤਾ ਦਸ ਦਿਨ ਦੀ ਦੇਰੀ ਝੱਲਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਤੇਜ਼ ਧੁੱਪਾਂ ਨਾ ਪਈਆਂ ਤਾਂ ਇਸ ਮਾਰ ਮੁੜ ਉਨ੍ਹਾਂ ਨੂੰ ਫ਼ਸਲ ਖਰਾਬੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬੀਤੀ ਰਾਤ ਅਤੇ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਵਗ ਰਹੀਆਂ ਹਨ ਅਤੇ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਕੁੱਝ ਥਾਵਾਂ ’ਤੇ ਹਲਕੀ ਜਿਹੀ ਕਿਣ-ਮਿਣ ਵੀ ਹੋਈ ਹੈ ਜਿਸ ਨੇ ਅੰਨਦਾਤਾ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਿਸਾਨ ਇਨ੍ਹੀਂ ਦਿਨੀਂ ਕਣਕ ਦੀ ਕਟਾਈ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿਚ ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫਸਲ ਵਿਛਣ ਦਾ ਖ਼ਤਰਾ ਹੈ। ਅਜਿਹੇ ਵਿਚ ਕਣਕ ਦੀ ਫਸਲ ਦਾ ਝਾੜ ਘਟਣ ਦਾ ਵੀ ਖਦਸ਼ਾ ਹੈ। ਪਿੰਡ ਬਡਰੁੱਖਾਂ ਦੇ ਕਿਸਾਨ ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਕਣਕ ਦੀ ਵਾਢੀ ਲਈ ਤਿਆਰੀਆਂ ’ਚ ਜੁਟੇ ਹਨ ਪਰੰਤੂ ਅੱਜ ਅਚਾਨਕ ਮੌਸਮ ਖਰਾਬ ਹੋਣ ਕਾਰਨ ਚਿੰਤਾ ਜ਼ਰੂਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਮੌਸਮ ’ਚ ਕਣਕ ਦੀ ਫਸਲ ਡਿੱਗ ਜਾਂਦੀ ਹੈ ਤਾਂ ਝਾੜ ਉਪਰ ਮਾੜਾ ਅਸਰ ਪੈਂਦਾ ਹੈ। ਪਿੰਡ ਮੰਗਵਾਲ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹਕੂਮਤਾਂ ਤਾਂ ਪਹਿਲਾਂ ਹੀ ਕਿਸਾਨ ਵਿਰੋਧੀ ਸਾਬਤ ਹੋ ਚੁੱਕੀਆਂ ਹਨ। ਕਿਸਾਨ ਦਾ ਤਾਂ ਰੱਬ ਹੀ ਰਾਖਾ ਹੈ, ਬੱਸ ਮਿਹਰ ਬਣਾਈ ਰੱਖੇ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਜ਼ਿਲ੍ਹੇ ’ਚ ਕਣਕ ਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੈ। ਜੇਕਰ ਤੇਜ਼ ਹਵਾਵਾਂ ਨਾਲ ਮੀਂਹ ਪੈਂਦਾ ਹੈ ਤਾਂ ਫ਼ਸਲ ਦਾ ਨੁਕਸਾਨ ਹੋਣਾ ਸੁਭਾਵਿਕ ਹੈ।
ਮੰਡੀਆਂ ’ਚ ਤਰਪਾਲਾਂ ਦੇ ਪ੍ਰਬੰਧ ਕੀਤੇ: ਜ਼ਿਲ੍ਹਾ ਮੰਡੀ ਅਫ਼ਸਰ
ਜ਼ਿਲ੍ਹਾ ਮੰਡੀ ਅਧਿਕਾਰੀ ਕੁਲਜੀਤ ਸਿੰਘ ਨੇ ਦੱਸਿਆ ਕਿ ਮੀਂਹ ਦੇ ਮੱਦੇਨਜ਼ਰ ਅਨਾਜ ਮੰਡੀਆਂ ਵਿੱਚ ਤਰਪਾਲਾਂ ਦੇ ਸਮੁੱਚੇ ਪ੍ਰਬੰਧ ਕਰ ਲਏ ਹਨ। ਸਾਰੇ ਆੜਤੀਆਂ ਨੂੰ ਕਹਿ ਦਿੱਤਾ ਗਿਆ ਹੈ ਅਤੇ ਉਹਨ੍ਹਾਂ ਕੋਲੋਂ ਸਰਟੀਫਿਕੇਟ ਵੀ ਲਏ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਮੰਡੀਆਂ ’ਚ ਕਣਕ ਦੀ ਆਮਦ ਚੰਗੀ ਤਰਾਂ ਸ਼ੁਰੂ ਨਹੀਂ ਹੋਈ। ਜ਼ਿਲ੍ਹੇ ’ਚ ਹਾਲੇ ਤੱਕ ਸਿਰਫ਼ 485 ਮੀਟਰਕ ਟਨ ਦੀ ਆਮਦ ਹੀ ਹੋਈ ਹੈ ਜੋ ਕਿ ਜ਼ਿਆਦਾਤਰ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦੀ ਗਈ ਹੈ ਅਤੇ ਨਾਲ ਹੀ ਲਿਫਟਿੰਗ ਵੀ ਹੋ ਚੁੱਕੀ ਹੈ।