ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 15 ਜੂਨਯੂਟੀ ਪ੍ਰਸ਼ਾਸਨ ਵੱਲੋਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਸ਼ਹਿਰ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਨਾਲੀਆਂ, ਸੁਖਨਾ ਚੋਅ, ਐੱਨ ਚੋਅ ਤੇ ਪਟਿਆਲਾ ਕੀ ਰਾਓ ਸਣੇ ਹੋਰਨਾਂ ਨਾਲਿਆਂ ਨੂੰ ਸਾਫ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਦਾ ਮਾੜਾ ਹਾਲ ਹੋਇਆ ਪਿਆ ਹੈ। ਇਸ ਵੱਲ ਕਿਸੇ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕਈ ਥਾਵਾਂ ’ਤੇ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜੋ ਕਿ ਮੀਂਹ ਪੈਣ ’ਤੇ ਹੋਰ ਵੀ ਵੱਡੇ ਹੋ ਸਕਦੇ ਹਨ ਅਤੇ ਇਨ੍ਹਾਂ ਥਾਵਾਂ ’ਤੇ ਮੀਂਹ ਪੈਣ ’ਤੇ ਸੜਕ ਦੱਬ ਵੀ ਸਕਦੀ ਹੈ।ਇੱਥੋਂ ਦੇ ਸੈਕਟਰ-48/49 ਵਾਲੇ ਚੌਕ ਵਿੱਚ ਗੋਲ ਚੱਕਰ ਦੇ ਨਜ਼ਦੀਕ ਸੜਕ ਦੀ ਖਸਤਾ ਹਾਲਤ ਹੋਈ ਪਈ ਹੈ, ਜੋ ਕਿ ਮੌਨਸੂਨ ਦੌਰਾਨ ਹੋਰ ਵੀ ਗੰਭੀਰ ਬਣ ਸਕਦੀ ਹੈ। ਹਾਲਾਂਕਿ ਯੂਟੀ ਪ੍ਰਸ਼ਾਸਨ ਵੱਲੋਂ ਆਰਜ਼ੀ ਤੌਰ ’ਤੇ ਬੈਰੀਕੇਟ ਲਗਾ ਕੇ ਲੋਕਾਂ ਨੂੰ ਥੋੜਾ ਦੂਰੀ ਤੋਂ ਲੰਘਣ ਦੀ ਅਪੀਲ ਜ਼ਰੂਰ ਕੀਤੀ ਜਾ ਰਹੀ ਹੈ, ਪਰ ਇਸ ਖਸਤਾ ਹਾਲ ਸੜਕ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ ਹੈ। ਜਦੋਂ ਕਿ ਅਗਾਮੀ ਮੌਨਸੂਨ ਦੌਰਾਨ ਇਹ ਸੜਕ ਕਿਸੇ ਵੀ ਸਮੇਂ ਦੱਬ ਸਕਦੀ ਹੈ, ਜਿਸ ਨਾਲ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ। ਹਾਲਾਂਕਿ ਇਸ ਸੜਕ ਤੋਂ ਪੰਜਾਬ ਤੇ ਚੰਡੀਗੜ੍ਹ ਦੇ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਅਧਿਕਾਰੀ ਗੁਜ਼ਰਦੇ ਹਨ, ਪਰ ਕਿਸੇ ਨੂੰ ਵੀ ਖਸਤਾ ਹਾਲ ਸੜਕ ਦਿਖਾਈ ਨਹੀਂ ਦਿੰਦੀ ਹੈ।ਇਸੇ ਤਰ੍ਹਾਂ ਹੱਲੋਮਾਜਰਾ ਤੋਂ ਇੰਡਸਟਰੀਅਲ ਏਰੀਆ ਫੇਜ਼-1 ਵੱਲ ਜਾਣ ਵਾਲੀ ਸੜਕ ’ਤੇ ਵੀ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜੋ ਕਿ ਕਿਸੇ ਵੀ ਵੱਡੇ ਸੜਕ ਹਾਦਸੇ ਨੂੰ ਸੱਦਾ ਦੇ ਸਕਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਅਧੀਨ ਆਏ ਪਿੰਡਾਂ ਵਿੱਚ ਵੀ ਕਈ ਥਾਵਾਂ ’ਤੇ ਸੜਕਾਂ ਦੀ ਹਾਲਤ ਬੁਰੀ ਹਾਲਤ ਹੈ। ਦੂਜੇ ਪਾਸੇ ਸ਼ਹਿਰ ਵਿੱਚ ਕਈ ਹੋਰਨਾਂ ਥਾਵਾਂ ’ਤੇ ਖਸਤਾ ਹਾਲ ਸੜਕਾਂ ’ਤੇ ਪ੍ਰਸ਼ਾਸਨ ਵੱਲੋਂ ਸਿਰਫ ਪੈਚ ਵਰਕ ਕਰਕੇ ਹੀ ਗੁਜ਼ਾਰਾ ਕੀਤਾ ਜਾ ਰਿਹਾ ਹੈ। ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।