ਮੌਨਸੂਨ ਆਉਣ ਦੇ ਬਾਵਜੂਦ ਨਾਲਿਆਂ ਦੀ ਨਾ ਹੋਈ ਸਫ਼ਾਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮੌਨਸੂਨ ਸਰਗਰਮ ਹੋ ਚੁੱਕਿਆ ਹੈ ਪਰ ਦਿੱਲੀ ਨਗਰ ਨਿਗਮ ਅਜੇ ਵੀ ਕੌਮੀ ਰਾਜਧਾਨੀ ਦੀਆਂ ਨਾਲੀਆਂ ਨੂੰ ਸਾਫ਼ ਨਹੀਂ ਕਰ ਸਕਿਆ ਹੈ। ਅਜੇ ਵੀ ਨਿਗਮ ਵੱਲੋਂ ਕਈ ਇਲਾਕਿਆਂ ਵਿੱਚ ਨਾਲੀਆਂ ਸਾਫ ਕਰਨ ਦਾ ਕੰਮ ਰਹਿੰਦਾ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੌਨਸੂਨ ਆਉਣ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਦਿੱਲੀ ਦੀਆਂ ਨਾਲੀਆਂ ਅਤੇ ਨਾਲਿਆਂ ਨੂੰ ਸਾਫ਼ ਕੀਤਾ ਜਾਵੇਗਾ ਤਾਂ ਜੋ ਦਿੱਲੀ ਅੰਦਰ ਪਾਣੀ ਭਰਨ ਦੀ ਸਮੱਸਿਆ ਦਾ ਆਮ ਲੋਕਾਂ ਨੂੰ ਸਾਹਮਣਾ ਨਾ ਕਰਨਾ ਪਵੇ। ਮੌਨਸੂਨ ਸ਼ੁਰੂ ਹੋਣ ਦੇ ਬਾਵਜੂਦ ਅਜੇ ਵੀ ਕਈ ਥਾਵਾਂ ’ਤੇ ਮੁਲਾਜ਼ਮ ਨਾਲਿਆਂ ਅਤੇ ਨਾਲੀਆਂ ਨੂੰ ਸਾਫ਼ ਕਰਦੇ ਦਿਖਾਈ ਦਿੰਦੇ ਹਨ। ਉਨ੍ਹਾਂ ਵੱਲੋਂ ਜੋ ਗਾਰਾ ਨਾਲੀਆਂ ਵਿੱਚੋਂ ਕੱਢਿਆ ਜਾਂਦਾ ਹੈ ਉਹ ਮੀਂਹ ਪੈਣ ਦੇ ਨਾਲ ਹੀ ਮੁੜ ਖੁਰ ਕੇ ਨਾਲੀਆਂ ਵਿੱਚ ਹੀ ਚਲਿਆ ਜਾਂਦਾ ਹੈ। ਇਸ ਤਰ੍ਹਾਂ ਨਿਗਮ ਨੂੰ ਦੁਬਾਰਾ ਨਾਲੀਆਂ ਸਾਫ਼ ਕਰਨੀਆਂ ਪੈਂਦੀਆਂ। ਦੱਖਣੀ ਦਿੱਲੀ ਵਿੱਚ ਅਜੇ ਕਈ ਇਲਾਕੇ ਹਨ ਜਿਨ੍ਹਾਂ ਦੀਆਂ ਨਾਲੀਆਂ ਅਤੇ ਨਾਲੇ ਸਾਫ਼ ਨਹੀਂ ਕੀਤੇ ਜਾ ਸਕੇ। ਇਸ ਇਲਾਕੇ ਵਿੱਚ ਅਜੇ ਵੀ ਨਿਗਮ ਦੇ ਮੁਲਾਜ਼ਮ ਨਾਲੀਆਂ ਸਾਫ਼ ਕਰ ਰਹੇ ਹਨ।
ਐੱਸਡੀਐੱਮ ਵੱਲੋੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਐੱਸਡੀਐੱਮ ਡਾ. ਚਿਨਾਰ ਚਹਿਲ ਨੇ ਕਿਹਾ ਹੈ ਕਿ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾ ਰਿਹਾ ਹੈ। ਇਸ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਬਰਸਾਤ ਪ੍ਰਭਾਵਿਤ ਇਲਾਕਿਆਂ ’ਤੇ 24 ਘੰਟੇ ਨਜ਼ਰ ਰਖੱਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਅੱਜ ਮੀਂਹ ਤੋਂ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਜੰਦੇੜੀ, ਜੋਗੀ ਮਾਜਰਾ, ਲਾਡਵਾ ਰੋਡ, ਕਲਸਾਣਾ, ਫ਼ਤਹਿਗੜ੍ਹ ਝਰੌਲੀ, ਤੰਗੋਰ ਮੁਗਲ ਮਾਜਰਾ, ਖੇੜਾ ਆਦਿ ਦਾ ਨਿਰੀਖਣ ਕੀਤਾ। ਐੱਸਡੀਐੱਮ ਨੇ ਮੀਂਹ ਦੇ ਪਾਣੀ ਤੋਂ ਪ੍ਰਭਾਵਿਤ ਕਿਸਾਨਾਂ ਤੇ ਆਮ ਨਾਗਰਿਕਾਂ ਨਾਲ ਗੱਲਬਾਤ ਵੀ ਕੀਤੀ ਤੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕਰਾਇਆ।