ਮੋਤੀ ਫਾਰਮਿੰਗ ਦੇ ਨਾਮ ’ਤੇ 58 ਲੱਖ ਦੀ ਧੋਖਾਧੜੀ
ਜਗਤਾਰ ਸਮਾਲਸਰ
ਏਲਨਾਬਾਦ, 2 ਫਰਵਰੀ
ਸ਼ਹਿਰ ਦੇ ਤਿੰਨ ਵਿਅਕਤੀਆਂ ਨੇ ਰਾਜਸਥਾਨ ਵਾਸੀ ਇੱਕ ਵਿਅਕਤੀ ਦੇ ਖ਼ਿਲਾਫ਼ ਉਨ੍ਹਾਂ ਨਾਲ 58 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਾਉਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੈ ਪ੍ਰਕਾਸ਼, ਭੁਪਿੰਦਰ ਤਲਵਾੜੀਆ ਨਿਵਾਸੀ ਏਲਨਾਬਾਦ ਅਤੇ ਪ੍ਰਗਟ ਸਿੰਘ ਵਾਸੀ ਪਿੰਡ ਠੋਬਰੀਆ ਨੇ ਦੱਸਿਆ ਕਿ ਅਚਲ ਸਿੰਘ ਸੀਈਓ ਗਲਿਟਰੇਟੀ ਪਰਲ ਫ਼ਾਰਮ ਹਾਊਸਿੰਗ ਬੋਰਡ ਕਲੋਨੀ ਸਵਾਈ ਮਾਧੋਪੁਰ (ਰਾਜਸਥਾਨ) ਨੇ ਉਨ੍ਹਾਂ ਨੂੰ ਮੋਤੀ ਫਾਰਮਿੰਗ ਦੇ ਖਰਚ ਅਤੇ ਮੁਨਾਫੇ ਬਾਰੇ ਦੱਸਿਆ ਜਿਸਤੋਂ ਬਾਅਦ ਉਨ੍ਹਾਂ ਨੇ 75 ਹਜ਼ਾਰ ਰੁਪਏ ਦਾ ਮੋਤੀ ਫਾਰਮਿੰਗ ਦਾ ਐਗਰੀਮੈਂਟ ਕੀਤਾ। ਇਸ ਦੇ ਤਹਿਤ ਉਕਤ ਵਿਅਕਤੀ ਨੇ ਉਨ੍ਹਾਂ ਕੋਲੋਂਂ ਇੱਕ ਮੋਤੀ 100 ਰੁਪਏ ਵਿੱਚ ਖਰੀਦਣਾ ਸੀ। ਉਨ੍ਹਾਂ ਨੇ ਏਲਨਾਬਾਦ ਸਥਿਤ ਆਪਣੀ ਜ਼ਮੀਨ ’ਤੇ ਉਕਤ ਵਿਅਕਤੀ ਦੀ ਦੇਖਭਾਲ ਅਤੇ ਉਸ ਦੇ ਹੀ ਕਰਮਚਾਰੀਆਂ ਦੁਆਰਾ ਪੌਂਡ ਬਣਾ ਕੇ ਉਸ ਵਿੱਚ ਮੋਤੀ ਦੇ ਬੀਜ ਪਾਏ ਗਏ। ਜਿਸ ਦੀ ਕੁੱਲ ਰਾਸ਼ੀ 32 ਲੱਖ 94 ਹਜ਼ਾਰ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਦਿੱਤੀ। 18 ਦਸੰਬਰ 2023 ਨੂੰ ਜਦੋਂ ਉਨ੍ਹਾਂ ਨੇ ਉਕਤ ਵਿਅਕਤੀ ਨਾਲ ਹਿਸਾਬ ਕੀਤਾ ਤਾਂ ਉਨ੍ਹਾਂ ਦੀ ਕੁੱਲ ਰਕਮ 63 ਲੱਖ ਰੁਪਏ ਬਣੀ। ਉਪਰੰਤ ਮੁਲਜ਼ਮ ਨੇ ਕੇਵਲ 5 ਲੱਖ ਰੁਪਏ ਹੀ ਉਨ੍ਹਾਂ ਨੂੰ ਵਾਪਸ ਦਿੱਤੇ ਹਨ ਅਤੇ ਜਦੋਂ ਉਸ ਕੋਲੋਂ ਬਕਾਇਆ 58 ਲੱਖ ਰੁਪਏ ਦੀ ਰਾਸ਼ੀ ਮੰਗੀ ਗਈ ਤਾਂ ਉਸ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ਤੇ ਧਾਰਾ 420, 406 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।