ਸੌਰਭ ਮਲਿਕਚੰਡੀਗੜ੍ਹ, 19 ਮਾਰਚਸਿਖ਼ਰਲੀ ਅਦਾਲਤ ਨੇ ਹਾਦਸਿਆਂ ਦੇ ਪੀੜਤਾਂ ਦੀ ਖ਼ੁਆਰੀ ਘਟਾਉਣ ਦੇ ਉਦੇਸ਼ ਨਾਲ ਸੁਣਾਏ ਮਹੱਤਵਪੂਰਨ ਫੈਸਲੇ ਤਹਿਤ ਹੁਕਮ ਦਿੱਤਾ ਹੈ ਕਿ ਮੋਟਰ ਹਾਦਸਿਆਂ ਦੇ ਮਾਮਲਿਆਂ ਵਿੱਚ ਮੁਆਵਜ਼ਾ ਰਾਸ਼ੀ ਸਿੱਧੇ ਦਾਅਵੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇ।ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਰਾਜੇਸ਼ ਬਿੰਦਲ ਦੇ ਬੈਂਚ ਨੇ ਜ਼ੋਰ ਦੇ ਕੇ ਕਿਹਾ, ‘‘ਅਸੀਂ ਇਹ ਕਹਿ ਸਕਦੇ ਹਾਂ ਕਿ ਮੋਟਰ ਹਾਦਸਿਆਂ ਸਬੰਧੀ ਮਾਮਲਿਆਂ ਵਿੱਚ ਮੁਆਵਜ਼ਾ ਰਾਸ਼ੀ ਦੇ ਬੈਂਕ ਟਰਾਂਸਫਰ ਬਾਰੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜਿਸ ਮਾਮਲੇ ਵਿੱਚ ਵੀ ਇਕ ਧਿਰ ਵੱਲੋਂ ਦੂਜੀ ਧਿਰ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ, ਉੱਥੇ ਅਦਾਲਤਾਂ/ਟ੍ਰਿਬਿਊਨਲ ਹਮੇਸ਼ਾ ਇਸ ਪ੍ਰਕਿਰਿਆ ਦੀ ਪਾਲਣਾ ਕਰ ਸਕਦੇ ਹਨ।’’ ਇਸ ਫੈਸਲੇ ਦਾ ਮਕਸਦ ਅਕਸਰ ਅਪਣਾਈ ਜਾਂਦੀ ਮੁਸ਼ਕਲ ਅਦਾਇਗੀ ਪ੍ਰਕਿਰਿਆ ਨੂੰ ਇਕ ਵਿਵਸਥਿਤ ਤੇ ਪਾਰਦਰਸ਼ੀ ਤੰਤਰ ਨਾਲ ਤਬਦੀਲ ਕਰਨਾ ਹੈ। ਸੁਪਰੀਮ ਕੋਰਟ ਨੇ ਆਪਣੀ ਰਜਿਸਟਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਟ੍ਰਿਬਿਊਨਲਾਂ ਤੇ ਅਦਾਲਤਾਂ ਵਿੱਚ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਹ ਆਦੇਸ਼ ਸਾਰੇ ਹਾਈ ਕੋਰਟਾਂ ਨੂੰ ਭੇਜੇ ਜਾਣ।