ਮੋਗਾ ਦੀ ਅੱਵਲਪ੍ਰੀਤ ਕੌਰ ਕੈਨੇਡਾ ’ਚ ਵਕੀਲ ਬਣੀ
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 7 ਮਈ
ਮੋਗਾ ਦੀ ਜੰਮਪਲ ਅਵਲਪ੍ਰੀਤ ਕੌਰ ਭੁੱਲਰ ਨੇ ਓਂਟਾਰੀਓ (ਕੈਨੇਡਾ) ਵਿੱਚ ਅਧਿਕਾਰਿਕ ਤੌਰ ’ਤੇ ਵਕੀਲ ਬਣ ਕੇ ਵਿਦੇਸ਼ ਵਿੱਚ ਮੋਗਾ ਨੂੰ ਰੌਸ਼ਨ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਉਪਰੰਤ ਕੈਨੇਡਾ ਦੀ ਲਾਅ ਸੁਸਾਇਟੀ ਓਂਟਾਰੀਓ (ਐੱਲਐੱਸਓ) ਦੇ ਮਾਪਦੰਡ ਪੂਰੇ ਕਰਕੇ ਵਕੀਲ ਬਣਨ ਵਾਲੀ ਅੱਵਲਪ੍ਰੀਤ ਕੌਰ, ਸੇਵਾਮੁਕਤ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਭੁੱਲਰ ਅਤੇ ਹਰਜਿੰਦਰ ਕੌਰ ਦੀ ਬੇਟੀ ਹੈ। ਅੱਵਲਪ੍ਰੀਤ ਦੇ ਭਰਾ ਵੀਡੀਓ ਡਾਇਰੈਕਟਰ ਗੈਰੀ ਭੁੱਲਰ ਨੇ ਦੱਸਿਆ ਕਿ ਅੱਜ-ਕਲ੍ਹ ਅਵਲਪ੍ਰੀਤ ਕੌਰ ਭੁੱਲਰ ਬ੍ਰੈਂਪਟਨ, ਓਂਟਾਰੀਓ ਦੀ ਕੌਰਲਾ ਪ੍ਰੋਫੈਸ਼ਨਲ ਕਾਰਪੋਰੇਸ਼ਨ ਵਿੱਚ ਬੈਰਿਸਟਰ ਤੇ ਸੋਲਿਸਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਉਹ ਪਰਿਵਾਰਕ ਕਾਨੂੰਨ ਸਮੇਤ ਹੋਰ ਕਾਨੂੰਨੀ ਮਾਮਲਿਆਂ ਵਿੱਚ ਮਾਹਰ ਹੈ। ਇਸ ਮੌਕੇ ਅਤਿੰਦਰ ਸਿੰਘ ਵਿਰਕ, ਚਰਨਜੀਤ ਸਿੰਘ ਝੰਡੇ ਆਣਾ, ਪ੍ਰੀਤਮ ਸਿੰਘ ਚੀਮਾ, ਗਗਨਦੀਪ ਸਿੰਘ ਰੌਂਤਾ ਨੇ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ। ਅੱਵਲਪ੍ਰੀਤ ਨੇ ਕਿਹਾ ਕਿ ਜੇਕਰ ਲਗਨ ਅਤੇ ਦ੍ਰਿੜ ਨਿਸ਼ਚਾ ਕੀਤਾ ਜਾਵੇ ਤਾਂ ਵਿਦੇਸ਼ ਦੀ ਧਰਤੀ ’ਤੇ ਵੀ ਸੁਫ਼ਨੇ ਹਕੀਕਤ ਬਣ ਸਕਦੇ ਹਨ।