ਮੈਡੀਕਲ ਕਾਲਜ ਵਿੱਚ ਅੰਗਦਾਨ ਵਿਸ਼ੇ ’ਤੇ ਸੈਮੀਨਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਮਾਰਚ
ਆਦੇਸ਼ ਹਸਪਤਾਲ ਤੇ ਮੈਡੀਕਲ ਕਾਲਜ ਵਿੱਚ ਅੰਗਦਾਨ ਤੇ ਉਸ ਨੂੰ ਬਦਲਣ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੀਜੀਆਈ ਤੋਂ ਡਾਕਟਰ ਵਿਪਨ ਕੌਸ਼ਲ ਨੇ ਅੰਗਦਾਨ ਤੇ ਉਨ੍ਹਾਂ ਨੂੰ ਬਦਲਣ ਦੇ ਵਿਸ਼ੇ ’ਤੇ ਚਰਚਾ ਕੀਤੀ ਤੇ ਇਸ ਵਿਸ਼ੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅੰਗਦਾਨ ਤੇ ਉਸ ਨੂੰ ਬਦਲਣਾ ਸਰਲ ਵਿਧੀ ਹੈ ਜਿਸ ਰਾਹੀਂ ਕਿਸੇ ਵਿਅਕਤੀ ਦੇ ਅਸਫ਼ਲ ਅੰਗ ਨੂੰ ਕਿਸੇ ਹੋਰ ਵਿਅਕਤੀ ਦੇ ਸਫਲ ਅੰਗ ਨਾਲ ਬਦਲਿਆ ਜਾਦਾ ਹੈ। ਉਨ੍ਹਾਂ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ।
ਇਸ ਤੋਂ ਇਲਾਵਾ ਪੀਜੀਆਈ ਤੋਂ ਪੁੱਜੇ ਡਾ. ਕਾਜਲ ਜੈਨ, ਡਾ. ਅਸ਼ੀਸ਼ ਸ਼ਰਮਾ, ਡਾ. ਪਾਰੁਲ ਗੁਪਤਾ, ਡਾ. ਨਵਦੀਪ ਬਾਂਸਲ, ਸਰਯੂ ਡੀ ਮਾਦਰਾ ਨੇ ਵੀ ਅੰਗਦਾਨ ਤੇ ਉਨ੍ਹਾਂ ਨੂੰ ਬਦਲਣ ਦੇ ਵਿਸ਼ੇ ’ਤੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੰਗਦਾਨ ਦੀ ਦਿਸ਼ਾ ਵੱਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਇਹ ਮਾਨਵਤਾ ਦੀ ਭਲਾਈ ਦੇ ਨਾਲ ਨਾਲ ਪੁੰਨ ਦਾ ਕਾਰਜ ਵੀ ਹੈ। ਆਦੇਸ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਨਐੱਸ ਲਾਂਬਾ ਨੇ ਕਿਹਾ ਕਿ ਅੰਗਦਾਨ ਅੱਜ ਦੇ ਸਮੇਂ ਦੀ ਲੋੜ ਹੈ। ਆਦੇਸ਼ ਹਸਪਤਾਲ ਤੇ ਕਾਲਜ ਦੇ ਐੱਮਡੀ ਡਾ. ਗੁਣਤਾਸ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡੀਐੱਮਐੱਸ ਡਾ. ਨਰੇਸ਼ ਜਯੋਤੀ ਆਦਿ ਮੌਜੂਦ ਸਨ।