For the best experience, open
https://m.punjabitribuneonline.com
on your mobile browser.
Advertisement

ਮੈਡਮ ਦੀ ਗਲਵੱਕੜੀ

04:25 AM Jan 13, 2025 IST
ਮੈਡਮ ਦੀ ਗਲਵੱਕੜੀ
Advertisement

ਦਰਸ਼ਨ ਸਿੰਘ ਬਰੇਟਾ
ਬੇਫਿ਼ਕਰੀ, ਮਾਸੂਮੀਅਤ, ਪਿਆਰ ਆਦਿ ਬਚਪਨ ਦੇ ਗਹਿਣੇ ਮੰਨੇ ਜਾਂਦੇ। ਹਰ ਪਲ ਛੜੱਪੇ ਮਾਰਦਾ ਚਾਂਬੜਾਂ ਪਾਉਂਦਾ ਬਚਪਨ ਦਾ ਸਮਾਂ ਇੰਝ ਲਗਦੈ ਜਿਵੇਂ ਅਹੁ ਗਿਆ ਕਿ ਅਹੁ ਗਿਆ। ਮਾਪਿਆਂ ਦਾ ਲਾਡ-ਪਿਆਰ ਅਤੇ ਯਾਰ-ਦੋਸਤਾਂ ਦਾ ਸਾਥ ਬਚਪਨ ਦੀ ਖੂਬਸੂਰਤੀ ਦੇ ਰੰਗਾਂ ਨੂੰ ਹੋਰ ਗੂੜ੍ਹੇ ਕਰਦਾ ਜਾਂਦਾ ਹੈ। ਬਚਪਨ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਪੂਰੀ ਜ਼ਿੰਦਗੀ ’ਤੇ ਅਸਰ ਪਾਉਂਦੀਆਂ ਨੇ।
ਮੈਂ ਬਚਪਨ ਤੋਂ ਕਾਫੀ ਡਰੂ ਜਿਹਾ ਸਾਂ। ਨਿੱਕੀ-ਨਿੱਕੀ ਗੱਲ ਨੂੰ ਗੰਭੀਰਤਾ ਨਾਲ ਸੋਚਣਾ ਸੁਭਾਅ ਦਾ ਹਿੱਸਾ ਬਣ ਚੁੱਕਿਆ ਸੀ। ਹਰ ਕਦਮ ਸੋਚ-ਸੋਚ ਕੇ ਚੁੱਕਣਾ ਸਕੂਨ ਦਿੰਦਾ। ਇਉਂ ਅੰਦਰਲਾ ਡਰ ਵੀ ਸੈੱਟ ਰਹਿੰਦਾ। ਕਿਸੇ ਦਾ ਮੌਜੂ ਬਣਾਉਣਾ ਜਾਂ ਚੌੜ ਕਰਦਿਆਂ ਦੂਜਿਆਂ ਨੂੰ ਤੰਗ ਕਰਨਾ ਕਦਾਚਿਤ ਪਸੰਦ ਨਹੀਂ ਸੀ। ਪੀੜਤਾਂ ਨਾਲ ਹਮਦਰਦੀ ਹੁੰਦੀ। ਕਈ ਵਾਰ ਤਾਂ ਉਨ੍ਹਾਂ ਦਾ ਦੁੱਖ ਆਪਣਾ ਦੁੱਖ ਲੱਗਣ ਲੱਗ ਪੈਂਦਾ। ਇਕੱਲੇ ਬੈਠਿਆਂ ਅਜਿਹੀਆਂ ਤਕਲੀਫਾਂ ਯਾਦ ਕਰ ਕੇ ਅੱਖਾਂ ਨਮ ਹੋ ਜਾਂਦੀਆਂ। ਨਿੱਕੀਆਂ-ਨਿੱਕੀਆਂ ਗ਼ਲਤ ਗੱਲਾਂ ਅਕਸਰ ਤੰਗ ਕਰਦੀਆਂ। ਗ਼ਲਤੀ ਹੋਣ ’ਤੇ ਝੱਟ ਗ਼ਲਤੀ ਮੰਨ ਲੈਣਾ ਅਤੇ ਮੁਆਫ਼ੀ ਮੰਗਣਾ ਸੁਭਾਅ ਦਾ ਹਿੱਸਾ ਬਣ ਗਿਆ ਸੀ। ਇਸੇ ਕਾਰਨ ਮਿੱਤਰ ਖ਼ੂਬ ਪ੍ਰਸ਼ੰਸਾ ਵੀ ਕਰਦੇ।
ਅੱਠਵੀਂ ਜਮਾਤ ਵੇਲੇ ਵਾਪਰੀ ਘਟਨਾ ਨੇ ਜ਼ਿੰਦਗੀ ਨੂੰ ਗੇੜਾ ਹੀ ਖਵਾ ਦਿੱਤਾ। ਅੰਗਰੇਜ਼ੀ ਵਾਲੇ ਮੈਡਮ ਨੇ ਕਿਸੇ ਕਾਰਨ ਛੇ ਦਿਨ ਪੀਰੀਅਡ ਨਾ ਲਗਾਇਆ। ਪੜ੍ਹਾਈ ਦਾ ਨੁਕਸਾਨ ਰੜਕਣ ਲੱਗਿਆ ਅਤੇ ਭਾਵਨਾਵਾਂ ਦੇ ਵਹਿਣ ’ਚ ਬੇਬਾਕੀ ਕਰ ਬੈਠਾ- “ਮੈਡਮ ਜੀ, ਅੱਜ ਤਾਂ ਪੜ੍ਹਾ ਦੋ ਜੀ! ਛੇ ਦਿਨ ਹੋ ਗਏ ਪੀਰੀਅਡ ਲੱਗੇ ਨੂੰ!!” ਬੱਸ ਫਿਰ ਕੀ ਸੀ। ਮੇਰੀ ਸ਼ਾਮਤ ਆ ਗਈ। ਜੋ ਮੇਰੇ ਨਾਲ ਹੋਇਆ, ਅੱਜ ਤੱਕ ਨਹੀਂ ਭੁੱਲਿਆ।
ਮੈਡਮ ਨੇ ਖੜ੍ਹਾ ਕੇ ਪੂਰੀ ਜਮਾਤ ’ਚ ਮੇਰੀ ਉਹ ਰੇਲ ਬਣਾਈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਸੀ। ਉਨ੍ਹਾਂ ਕੁੱਟਿਆ ਤਾਂ ਨਹੀਂ ਪਰ ਘੜੀਸਿਆ ਰੱਜ ਕੇ। ਮੈਨੂੰ ਲੱਗੇ, ਇਸ ਨਾਲੋਂ ਤਾਂ ਮੈਡਮ ਦਸ ਵੀਹ ਡੰਡੇ ਹੀ ਮਾਰ ਲੈਣ, ਥੱਪੜ ਲਾ ਲੈਣ। ਉਸ ਵਕਤ ਮੈਂ ਖ਼ੁਦ ਨੂੰ ਦੁਨੀਆ ਦਾ ਸਭ ਤੋਂ ਵੱਡਾ ਗੁਨਾਹਗਾਰ ਮੰਨ ਰਿਹਾ ਸਾਂ। ਇੱਕ ਵੇਲੇ ਖਿਆਲ ਆਇਆ ਕਿ ਪੜ੍ਹਨੋਂ ਹਟ ਜਾਵਾਂ, ਸਕੂਲ ਛੱਡ ਜਾਵਾਂ ਪਰ ਨਹੀਂ... ਹੋਰ ਕੀ ਕਰਾਂਗਾ? ਗ਼ਲਤੀ ਤਾਂ ਹੋ ਹੀ ਗਈ ਸੀ, ਪਹਿਲਾਂ ਵੀ ਮੁਆਫ਼ੀਆਂ ਮੰਗੀਆਂ ਨੇ।
ਮੈਡਮ ਦੁਸ਼ਮਣੀ ਕੱਢਣ ਲੱਗ ਪਏ। ‘ਵੱਡਾ ਪੜ੍ਹਾਕੂ’ ਕਹਿ ਕੇ ਉਹ ਹਰ ਰੋਜ਼ ਗੱਲ ਮੈਥੋਂ ਹੀ ਸ਼ੁਰੂ ਤੇ ਮੇਰੇ ’ਤੇ ਹੀ ਖਤਮ ਕਰਦੇ। ਕੋਈ ਪਾਠ ਹੋਰ ਕਿਸੇ ਕੋਲੋਂ ਸੁਣਨ ਜਾਂ ਨਾ, ਮੇਰੇ ਕੋਲੋਂ ਜ਼ਰੂਰ ਸੁਣਿਆ ਜਾਂਦਾ। ਲਿਖਤੀ ਟੈਸਟ ਵੀ ਹੁੰਦਾ। ਨਿੱਕੀ ਮੋਟੀ ਗ਼ਲਤੀ ਵੇਲੇ ਵੀ ਖੂਬ ਖੁੰਭ ਠੱਪੀ ਜਾਂਦੀ।
ਮੇਰੀ ਸੰਵੇਦਨਸ਼ੀਲਤਾ ਮੈਨੂੰ ਵਾਰ-ਵਾਰ ਅਹਿਸਾਸ ਕਰਵਾਉਂਦੀ ਕਿ ਮੈਂ ਗ਼ਲਤੀ ਕੀਤੀ ਹੈ। ਗਲਤੀ ਦਾ ਨਤੀਜਾ ਤਾਂ ਹੁਣ ਭੁਗਤਣਾ ਹੀ ਪੈਣਾ। ਬਹੁਤ ਮੁਆਫ਼ੀਆਂ ਮੰਗੀਆਂ, ਕਈ ਵਾਰ ਹੱਥ ਜੋੜੇ ਪਰ ਮੈਡਮ ਦਾ ਵਿਹਾਰ ਨਾ ਬਦਲਿਆ। ਹੁਣ ਮੈਂ ਵੀ ਹੋਰ ਵਿਸ਼ੇ ਦਾ ਕੰਮ ਭਾਵੇਂ ਘੱਟ ਕਰਦਾ ਪਰ ਅੰਗਰੇਜ਼ੀ ਦੇ ਕੰਮ ਦਾ ਸਿਰਾ ਕਰਾਈ ਰੱਖਦਾ।... ਮੇਰੀ ਅੰਗਰੇਜ਼ੀ ਸੁਧਰਨੀ ਸ਼ੁਰੂ ਹੋ ਗਈ। ਬਾਕੀ ਵਿਸ਼ਿਆਂ ’ਚ ਵੀ ਫਰਕ ਪੈਣ ਲੱਗ ਪਿਆ। ਮੈਡਮ ਨੂੰ ਪਾਣੀ ਪਿਲਾਉਣਾ, ਲੱਸੀ ਲਿਆਉਣਾ, ਟਿਫਨ ਫੜਨਾ, ਵਾਰ-ਵਾਰ ਸਤਿ ਸ੍ਰੀ ਆਕਾਲ ਬੁਲਾਉਣਾ ਆਦਿ ਜਿਵੇਂ ਨਿੱਤ ਦਾ ਮੰਤਰ ਬਣ ਚੁੱਕਿਆ ਸੀ। ਕਈ ਵਾਰ ਤਾਂ ਪੈਰੀਂ ਹੱਥ ਵੀ ਲਾ ਦੇਣਾ। ਕਈ ਵਾਰ ਉਨ੍ਹਾਂ ਝਿੜਕਣਾ ਵੀ ਪਰ ਮੈਂ ਉਨ੍ਹਾਂ ਦੇ ਹੋਰ ਨੇੜੇ ਜਾਣਾ। ਮੈਨੂੰ ਯਕੀਨ ਸੀ ਕਿ ਦਿਲੋਂ ਕੀਤੀ ਇਬਾਦਤ ਰੰਗ ਲਿਆਉਂਦੀ ਹੈ। ਇਉਂ ਅੰਗਰੇਜ਼ੀ ’ਚ ਮੇਰੀ ਦਿਲਚਸਪੀ ਵਧਦੀ ਗਈ, ਲਿਖਾਈ ਵੀ ਸੁਧਰਦੀ ਗਈ। ਕਾਪੀਆਂ ਵੀ ਪੂਰੀਆਂ। ਟੈਸਟਾਂ ’ਚੋਂ ਨੰਬਰ ਵੀ ਵੱਧ।
ਇਹ ਸਿਲਸਿਲਾ ਕਈ ਮਹੀਨੇ ਚੱਲਿਆ। ਉਦੋਂ ਸੈਸ਼ਨ ਦਾ ਅਖ਼ੀਰਲਾ ਮਹੀਨਾ ਚੱਲ ਰਿਹਾ ਸੀ। ਮੈਡਮ ਨੇ ਮੈਨੂੰ ਸਟੇਜ ’ਤੇ ਬੁਲਾਇਆ। ਪੂਰੇ ਸਕੂਲ ਸਾਹਮਣੇ ਉਸ ਘਟਨਾ ਦਾ ਜਿ਼ਕਰ ਕਰਦਿਆਂ ਮੇਰੀ ਪ੍ਰਸ਼ੰਸਾ ਸ਼ੁਰੂ ਕਰ ਦਿੱਤੀ। ਆਪਣੀ ਬੁੱਕਲ ’ਚ ਲੈ ਕੇ ਮਣਾਂ ਮੂੰਹੀਂ ਪਿਆਰ ਦਿੱਤਾ। ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਆਇਆ; ਮੈਡਮ ਕਹਿ ਰਹੇ ਸਨ, “ਇਸ ਬੱਚੇ ਨੂੰ ਕਈ ਵਾਰ ਬੇਮਤਲਬ ਝਿੜਕਿਆ। ਦੂਰ ਵੀ ਰੱਖਿਆ ਪਰ ਇਸ ਸਭ ਕੁਝ ਦੇ ਬਾਵਜੂਦ ਇਸ ਨੇ ਕੋਈ ਕਸਰ ਨਹੀਂ ਛੱਡੀ। ਇਹਨੇ ਹਰ ਕਦਮ ’ਤੇ ਨਿਮਰਤਾ ਦਾ ਖਹਿੜਾ ਨਹੀਂ ਛੱਡਿਆ ਤੇ ਮੇਰਾ ਦਿਲ ਜਿੱਤ ਲਿਆ।... ਤੁਸੀਂ ਵੀ ਇਹਦੇ ਵਰਗੇ ਵਿਦਿਆਰਥੀ ਬਣ ਕੇ ਦਿਖਾਓ... ਜ਼ਿੰਦਗੀ ਦੀਆਂ ਸਭ ਖੁਸ਼ੀਆਂ ਤੁਹਾਡੀ ਝੋਲੀ ਭਰ ਦੇਣਗੀਆਂ।” ਮੈਡਮ ਲਗਾਤਾਰ ਬੋਲ ਰਹੇ ਸਨ, “ਮੈਂ ਇਸ ਬੱਚੇ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੀ ਹਾਂ।” ਮੈਡਮ ਦੇ ਕਹੇ ਇਹ ਸ਼ਬਦ ਮੈਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਤੋਹਫ਼ਾ ਮਹਿਸੂਸ ਹੋ ਰਹੇ ਸਨ। ਉਸ ਵਕਤ ਕਿੰਨਾ ਸਕੂਨ ਮਹਿਸੂਸ ਹੋ ਰਿਹਾ ਸੀ, ਬੱਸ ਮੈਂ ਹੀ ਜਾਣਦਾ ਹਾਂ। ਮੈਡਮ ਦੀ ਗਲਵੱਕੜੀ ਦਾ ਉਹ ਨਿੱਘ ਮੈਨੂੰ ਦੁਨੀਆ ਦਾ ਮਹਾਨ ਵਿਅਕਤੀ ਹੋਣ ਦਾ ਅਹਿਸਾਸ ਕਰਵਾ ਰਿਹਾ ਸੀ।
ਪਿਆਰ ਅਤੇ ਸਤਿਕਾਰ ਜਿੱਤ ਚੁੱਕਿਆ ਸੀ। ਤਾੜੀਆਂ ਦੀ ਗੜਗੜਾਹਟ ਮੇਰੀ ਦ੍ਰਿੜਤਾ ਨੂੰ ਚਾਰ ਚੰਨ ਲਾ ਰਹੀ ਸੀ।
ਸੰਪਰਕ: 94786-35500

Advertisement

Advertisement
Advertisement
Author Image

Jasvir Samar

View all posts

Advertisement