ਮੈਟਰੋ ਸਟੇਸ਼ਨ ਦਾ ਨਾਂ ਨਾਨਕਸਰ ਆਸ਼ਰਮ ਰੱਖਣ ਦੀ ਮੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਸਿੱਖਾਂ ਵੱਲੋਂ ਦਿੱਲੀ ਦੇ ਯਮੁਨਾ ਪਾਰ ਸੋਨੀਆ ਵਿਹਾਰ ਇਲਾਕੇ ਦੇ ਮੈਟਰੋ ਸਟੇਸ਼ਨ ਦਾ ਨਾਂ ਨਾਨਕਸਰ ਆਸ਼ਰਮ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸਨਅਤ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਮੰਗ ਪੱਤਰ ਸੌਂਪ ਕੇ ਸ੍ਰੀ ਨਾਨਕਸਰ ਆਸ਼ਰਮ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਸੋਨੀਆ ਵਿਹਾਰ ਸਟੇਸ਼ਨ ਦਾ ਨਾਂ ‘ਨਾਨਕਸਰ ਆਸ਼ਰਮ ਸਟੇਸ਼ਨ’ ਰੱਖਿਆ ਜਾਵੇ। ਆਗੂਆਂ ਨੇ ਦਿੱਲੀ ਸਕੱਤਰੇ ਵਿੱਚ ਸ੍ਰੀ ਸਿਰਸਾ ਨਾਲ ਮੁਲਾਕਾਤ ਕਰਕੇ ਦੱਸਿਆ ਇਹ ਸੋਨੀਆ ਵਿਹਾਰ ਮੈਟਰੋ ਸਟੇਸ਼ਨ ਦੋ ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਆਸ਼ਰਮ ਜੋ ਹੈ ਸਟੇਸ਼ਨ ਵਾਲੀ ਥਾਂ ਦੇ ਬਿਲਕੁਲ ਨੇੜੇ ਹੈ। ਇਸ ਲਈ ਸਟੇਸ਼ਨ ਦਾ ਨਾਂ ਬਦਲਿਆ ਜਾਵੇ। ਉਨ੍ਹਾਂ ਦੱਸਿਆ ਕਿ 1940 ਵਿੱਚ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਨੇ ਇਹ ਆਸ਼ਰਮ ਸਥਾਪਤ ਕੀਤਾ ਸੀ। ਤਤਕਾਲੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਕਬਜ਼ਾ ਕੀਤੀ ਹੋਈ ਆਸ਼ਰਮ ਦੀ ਜ਼ਮੀਨ ਨੂੰ ਜਾਇਦਾਦ ਵਜੋਂ ਸਥਾਪਤ ਕਰਵਾਇਆ ਸੀ। ਸ੍ਰੀ ਸਿਰਸਾ ਨੇ ਇਹ ਮੁੱਦਾ ਸਬੰਧਤ ਅਥਾਰਟੀ ਜਾਂ ਮੰਤਰਾਲੇ ਕੋਲ ਉਠਾਉਣ ਦਾ ਭਰੋਸਾ ਦਿੱਤਾ।