ਮੈਕਸ ਸਕੂਲ ਵਿੱਚ ਵਿਸਾਖੀ ਮੌਕੇ ਸੱਭਿਆਚਾਰਕ ਪ੍ਰੋਗਰਾਮ
ਪੱਤਰ ਪ੍ਰੇਰਕ
ਸਮਰਾਲਾ, 13 ਅਪਰੈਲ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਵਿਸਾਖੀ ਮੌਕੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਰੰਗਾਂਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦਸਵੀਂ ਜਮਾਤ ਦੇ ਬੱਚਿਆਂ ਨੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਿਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਨੂੰ ਦਰਸਾਉਂਦੇ ਭਾਸ਼ਣ ਅਤੇ ਕਵਿਤਾਵਾਂ ਦੇ ਉਚਾਰਨ ਰਾਹੀ ਕੀਤੀ ਗਈ।
ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਦੱਸਿਆ ਕਿ ਸਕੂਲ ਦੇ ਆਡੀਟੋਰੀਅਮ ਵਿੱਚ ਵਿਦਿਆਰਥੀਆਂ ਨੇ ਨਿਸ਼ਚਿਤ ਕ੍ਰਮ ਅਨੁਸਾਰ ਆਪਣੀ-ਆਪਣੀ ਜਮਾਤ ਦੁਆਰਾ ਵਿਸਾਖੀ ਦੇ ਤਿਉਹਾਰ ਨਾਲ ਸਬੰਧਿਤ ਤਿਆਰ ਕੀਤੀ ਆਈਟਮ ਪੇਸ਼ ਕੀਤੀ, ਜਿਸ ਵਿੱਚ ਖਾਲਸੇ ਦੇ ਸਥਾਪਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਉੱਪਰ ਅਧਾਰਿਤ ਸਕਿਟ, ਕਵਿਤਾਵਾਂ, ਗੀਤ, ਪੰਜਾਬ ਦੇ ਲੋਕ -ਨਾਚ ਭੰਗੜਾ ਅਤੇ ਗਿੱਧਾ ਮੁੱਖ ਆਕਰਸ਼ਣ ਦਾ ਕੇਂਦਰ ਰਹੇ ਅਤੇ ਵਿਦਿਆਰਥੀਆਂ ਦੁਆਰਾ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਨੂੰ ਬਿਆਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿਸ ਵਿਚ ਖਾਲਸੇ ਦੇ ਜਨਮ ਤੇ ਵਿਸਾਖੀ ਦੀ ਸੱਭਿਆਚਾਰਕ ਮਹੱਤਤਾ ਬਾਰੇ ਦੱਸਿਆ ਕੀਤਾ ਗਿਆ।
ਛੇਵੀਂ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਦਾ ਡਾਂਸ, ਸੱਤਵੀਂ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਦੇਸੀ ਮਹੀਨਿਆਂ ਦੀ ਮਹੱਤਤਾ ਨੂੰ ਦਰਸਾਉਂਦੀ ਕਵਿਤਾ ਅਤੇ ਅੱਠਵੀਂ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਲੋਕ-ਕਾਵਿ ‘ਕਵੀਸ਼ਰੀ’ ਪੇਸ਼ ਕੀਤੀ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਵੀ ਆਪਣੀ-ਆਪਣੀ ਕਲਾ ਦਾ ਪ੍ਰਗਟਾਵਾ ਕਰਦਿਆਂ ਖੂਬ ਰੰਗ ਬੰਨਿਆ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਅਤੇ ਆਪਣੇ ਇੰਚਾਰਜ ਅਧਿਆਪਕਾਂ ਨਾਲ ਨੇੜਲੇ ਖੇਤਾਂ ਵਿੱਚ ਜਾ ਕੇ ਕਣਕ ਦੀ ਵਾਢੀ ਨਾਲ ਇਸ ਤਿਉਹਾਰ ਦੇ ਸੰਬੰਧ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵਿਸਾਖੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਰਵਾਇਤੀ ਪੁਸ਼ਾਕਾਂ ਪਹਿਨੀਆਂ। ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰੈਜੀਡੈਂਟ ਅਨਿਲ ਵਰਮਾ ਅਤੇ ਰਮਨਦੀਪ ਸਿੰਘ ਨੇ ਵੀ ਸਾਰੇ ਸਮਾਜ ਨੂੰ ਵਿਸਾਖੀ ਦੇ ਤਿਉਹਾਰ ਅਤੇ ਖਾਲਸੇ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।