ਮੇਰੇ ਰਾਹ ’ਚ ਪੈਸੇ ਦਾ ਲਾਲਚ ਅੜਿੱਕਾ ਬਣਿਆ: ਕਮਲ ਹਾਸਨ
ਨਵੀਂ ਦਿੱਲੀ: ਕਮਲ ਹਾਸਨ ਨੇ ਆਪਣੇ 65 ਸਾਲਾਂ ਦੇ ਫਿਲਮੀ ਸਫ਼ਰ ’ਚ ਅਦਾਕਾਰੀ, ਨਿਰਦੇਸ਼ਨ, ਕੋਰੀਓਗ੍ਰਾਫ਼ੀ ਤੇ ਇੱਥੋਂ ਤੱਕ ਮੇਕਅਪ ’ਚ ਆਪਣਾ ਹੱਥ ਅਜ਼ਮਾਇਆ। ਉਹ ਸਭ ਕੁਝ ਕੀਤਾ ਜੋ ਇਕ ਕਲਾਕਾਰ ਕਰਨਾ ਚਾਹੁੰਦਾ ਹੈ। ਕਮਲ ਹਾਸਨ ਨੇ ਕਿਹਾ ਕਿ ਇਕ ਸਮੇਂ ਉਸ ਨੇ ਸਿੱਖਣਾ ਬੰਦ ਕਰ ਦਿੱਤਾ ਸੀ। ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ‘ਲਾਲਚ’। ਕਮਲ ਹਾਸਨ ਦਾ ਕਹਿਣਾ ਹੈ ਕਿ ਜ਼ਿਆਦਾ ਪੈਸੇ ਦਾ ਲਾਲਚ ਉਸ ਦੇ ਰਾਹ ’ਚ ਅੜਿੱਕਾ ਬਣ ਗਿਆ ਸੀ। ਪੀਟੀਆਈ ਨਾਲ ਇੰਟਰਵਿਊ ’ਚ ਕਮਲ ਹਾਸਨ ਨੇ ਕਿਹਾ, ‘‘ਮੈਨੂੰ ਪੈਸਾ ਪਸੰਦ ਹੈ। ਮੈਂ ਚਾਹੁੰਦਾ ਹਾਂ ਕਿ ਇਹ ਮੇਰੇ ਕੋਲ ਰਹੇ’’। ਜ਼ਿੰਦਗੀ, ਫਿਲਮਾਂ, ਵਿਚਾਰਾਂ, ਵਿਰਾਸਤ ਅਤੇ ਆਪਣੀਆਂ ਕਮਜ਼ੋਰੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਦਿਆਂ ਹਾਸਨ ਨੇ ਕਿਹਾ ਉਹ ਇਕ ਫਿਲਮੀ ਸਿਤਾਰੇ ਦੇ ਜੀਵਨ ’ਚ ਵਿਰੋਧ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਨੂੰ ਬੇਸ਼ੁਮਾਰ ਦਰਸ਼ਕਾਂ ਤੋਂ ਮਿਲੇ ਪਿਆਰ ਦੀ ਖ਼ੁਸ਼ੀ ਹੈ ਤਾਂ ਸੱਚੀ ਪ੍ਰਸ਼ੰਸਾ ਜਾਂ ਆਲੋਚਨਾ ਨਾ ਹੋਣ ਦਾ ਅਫ਼ਸੋਸ ਵੀ ਹੈ। ਉਨ੍ਹਾਂ ਨੇ ਇਹ ਸਭ ਕੁਝ ਚੰਗੀ ਤਰ੍ਹਾਂ ਮਹਿਸੂਸ ਕੀਤਾ, ਕਿਉਂਕਿ ਲਗਪਗ ਪੂਰੀ ਜ਼ਿੰਦਗੀ ਫਿਲਮਾਂ ਦੀ ਦੁਨੀਆ ’ਚ ਬਿਤਾਈ ਹੈ। ਜ਼ਿਕਰਯੋਗ ਹੈ ਕਿ ਕਮਲ ਹਾਸਨ ਸਿਰਫ਼ ਤਿੰਨ ਸਾਲ ਦੇ ਸਨ ਜਦੋਂ ਪਹਿਲੀ ਵਾਰ ਉਨ੍ਹਾਂ ਨੂੰ ਇਕ ਤਾਮਿਲ ਫਿਲਮ ’ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਮਗਰੋਂ 70 ਸਾਲਾ ਅਦਾਕਾਰ ਨੇ ਸਮੇਂ ਅਨੁਸਾਰ ਖ਼ੁਦ ਨੂੰ ਨਵੇਂ ਰੂਪ ’ਚ ਪੇਸ਼ ਕੀਤਾ। ਕਾਬਿਲੇਗੌਰ ਹੈ ਕਿ ‘ਨਾਇਕਨ’, ‘ਥੇਵਰ ਮਗਨ’, ‘ਸਦਮਾ’ ਤੇ ‘ਚਾਚੀ 420’ ਜਿਹੀਆਂ ਫਿਲਮਾਂ ’ਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਹਾਸਨ ਦੀ ਕੁਝ ਦਿਨਾਂ ’ਚ ‘ਠੱਗ ਲਾਈਫ਼’ ਫਿਲਮ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 5 ਜੂਨ ਨੂੰ ਕਈ ਭਾਸ਼ਾਵਾਂ ’ਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ