For the best experience, open
https://m.punjabitribuneonline.com
on your mobile browser.
Advertisement

ਮੇਰੀ ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਏ ...

04:30 AM Mar 01, 2025 IST
ਮੇਰੀ ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਏ
Advertisement

Advertisement

ਜਸਵਿੰਦਰ ਸਿੰਘ ਰੁਪਾਲ

Advertisement

ਪਰਿਵਾਰ ਇਸ ਜਗਤ ਦੀ ਸਭ ਤੋਂ ਪਹਿਲੀ ਮੁੱਢਲੀ ਇਕਾਈ ਹੈ ਅਤੇ ਵਿਆਹ ਇਸ ਪਰਿਵਾਰ ਦੇ ਬਣਨ ਲਈ ਮੁੱਢਲਾ ਕਾਰਕ ਹੈ। ਭਾਵੇਂ ਅੱਜਕੱਲ੍ਹ ਸਮਲਿੰਗੀ ਵਿਆਹ ਵੀ ਹੋ ਰਹੇ ਨੇ ਅਤੇ ਕਈ ਦੇਸ਼ਾਂ ਵਿੱਚ ਪ੍ਰਵਾਨਿਤ ਵੀ ਹਨ, ਪਰ ਅਸਲ ਵਿੱਚ ਵਿਆਹ ਲੜਕੀ ਅਤੇ ਲੜਕੇ ਦਾ ਹੀ ਹੁੰਦਾ ਹੈ ਜਿੱਥੋਂ ਪਰਿਵਾਰ ਦਾ ਮੁੱਢ ਬੱਝਦਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਰੀਤ ਚੱਲਦੀ ਆ ਰਹੀ ਹੈ ਕਿ ਲੜਕੀ ਨੂੰ ਵਿਆਹੁਣ ਵਾਸਤੇ ਲੜਕਾ ਬਰਾਤ ਲੈ ਕੇ ਲੜਕੀ ਦੇ ਘਰ ਆਉਂਦਾ ਹੈ ਅਤੇ ਲਾਵਾਂ ਜਾਂ ਫੇਰੇ ਆਦਿ ਤੋਂ ਬਾਅਦ ਲੜਕੀ ਨੂੰ ਹਮੇਸ਼ਾਂ ਲਈ ਆਪਣੇ ਘਰ ਲੈ ਜਾਂਦਾ ਹੈ। ਜਿਸ ਵਾਹਨ ਵਿੱਚ ਉਹ ਲੜਕੀ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ, ਉਸ ਨੂੰ ਡੋਲੀ ਕਿਹਾ ਜਾਂਦਾ ਹੈ।
ਧੀ ਨੇ ਆਪਣੇ ਬਾਬਲ ਦੇ ਵਿਹੜੇ ਵਿੱਚ ਹੱਸਦਿਆਂ, ਖੇਡਦਿਆਂ, ਪੀਂਘਾਂ ਝੂਟਦਿਆਂ, ਸਖੀਆਂ ਨਾਲ ਗੀਤ ਗਾਉਂਦਿਆਂ, ਮਾਂ-ਬਾਪ, ਭੈਣ-ਭਰਾਵਾਂ ਦਾ ਪਿਆਰ ਮਾਣਦਿਆਂ ਆਪਣੇ ਬਚਪਨ ਤੋਂ ਲੈ ਕੇ ਵਿਆਹ ਵੇਲੇ ਤੱਕ ਵਧੀਆ ਸਮਾਂ ਗੁਜ਼ਾਰਿਆ ਹੁੰਦਾ ਹੈ। ਜੱਗ ਦੇ ਦਸਤੂਰ ਅਨੁਸਾਰ ਇੱਕ ਦਿਨ ਉਸ ਨੇ ਇਹ ਸਭ ਕੁਝ ਛੱਡ ਕੇ ਇੱਕ ਨਵੇਂ ਅਤੇ ਅਣਜਾਣ ਪਰਿਵਾਰ ਕੋਲ ਹਮੇਸ਼ਾਂ ਵਾਸਤੇ ਰਹਿਣ ਲਈ ਚਲੀ ਜਾਣਾ ਹੁੰਦਾ ਹੈ। ਨਵੇਂ ਥਾਂ ਬਾਰੇ, ਉਸ ਪਰਿਵਾਰ ਬਾਰੇ, ਹੋਣ ਵਾਲੇ ਪ੍ਰਾਹੁਣੇ, ਸੱਸ, ਸਹੁਰੇ, ਨਣਦਾਂ, ਦਿਉਰ, ਜੇਠ ਆਦਿ ਰਿਸ਼ਤਿਆਂ ਬਾਰੇ ਉਸ ਨੇ ਬਹੁਤ ਕੁਝ ਚੰਗਾ ਅਤੇ ਮਾੜਾ ਸੁਣਿਆ ਹੁੰਦਾ ਹੈ ਅਤੇ ਕੁਝ ਵੇਖਿਆ ਵੀ ਹੁੰਦਾ ਹੈ। ਇਸ ਲਈ ਜਿੱਥੇ ਚੰਗੇ ਬਾਰੇ ਉਸ ਦੇ ਮਨ ਵਿੱਚ ਚਾਅ ਅਤੇ ਉਤਸ਼ਾਹ ਹੁੰਦਾ ਹੈ, ਉੱਥੇ ਇੱਕ ਅਣਜਾਣ ਕਿਸਮ ਦਾ ਡਰ ਵੀ ਉਸ ਦੇ ਅਚੇਤ ਮਨ ਵਿੱਚ ਹੁੰਦਾ ਹੈ। ਉਸ ਨੂੰ ਉਸ ਘਰ ਵਿੱਚ ਆਪਣੀ ਹੋਂਦ ਬਣਾਉਣ ਲਈ, ਮਾਣ ਸਤਿਕਾਰ ਲੈਣ ਲਈ ਬਹੁਤ ਕੁਝ ਨਵਾਂ ਕਰਨਾ ਪੈਣਾ ਹੁੰਦਾ ਹੈ। ਆਪਣੀ ਸ਼ਖ਼ਸੀਅਤ ਵਿੱਚ ਕੁਝ ਨਵੇਂ ਗੁਣ ਧਾਰਨ ਕਰਨੇ ਹੁੰਦੇ ਹਨ ਤਾਂ ਕਿ ਉਹ ਖ਼ੁਸ਼ੀ ਅਤੇ ਪਿਆਰ ਸਤਿਕਾਰ ਨਾਲ ਉੱਥੇ ਰਹਿ ਸਕੇ। ਆਪਣੇ ਬਾਬਲ ਤੋਂ ਜਿਹੜਾ ਉਸ ਦੀ ਹਰ ਮੰਗ ਆਪ ਔਖਾ ਹੋ ਕੇ ਵੀ ਪੂਰੀ ਕਰਦਾ ਰਿਹਾ ਏ, ਉਸ ਦੀ ਅੰਮੜੀ ਜਿਸ ਦੇ ਲਾਡ ਪਿਆਰ ਸਦਕਾ ਉਹ ਉੱਚੀਆਂ ਉਡਾਰੀਆਂ ਮਾਰਦੀ ਰਹੀ ਸੀ, ਉਸ ਦੀਆਂ ਸਹੇਲੀਆਂ ਵਰਗੀਆਂ ਹਮਰਾਜ਼ ਭੈਣਾਂ ਅਤੇ ਮਜ਼ਾਕ ਅਤੇ ਪਿਆਰ ਲੜਾਈ ਕਰਨ ਵਾਲਾ ਵੀਰ, ਅੱਜ ਉਸ ਨੇ ਸਭ ਤੋਂ ਵਿੱਛੜ ਜਾਣਾ ਹੈ, ਇਹ ਸੋਚਾਂ ਸੋਚ ਸੋਚ ਕੇ ਹੀ ਉਸ ਦੇ ਦਿਲ ਨੂੰ ਡੋਬੂ ਪੈਣ ਲੱਗਦੇ ਹਨ। ਕੌਣ ਕਦੋਂ ਅਤੇ ਕਿੰਨੀ ਦੇਰ ਬਾਅਦ ਮਿਲ ਸਕੇਗਾ, ਮਿਲੇਗਾ ਵੀ ਕਿ ਨਹੀਂ, ਉਸ ਨੂੰ ਕਦੋਂ ਅਤੇ ਕਿੰਨੀ ਦੇਰ ਲਈ ਪੇਕੇ ਘਰ ਆਉਣਾ ਮਿਲਦਾ ਏ, ਇਹ ਸਭ ਇੱਕ ਅਗਿਆਤ ਭਵਿੱਖ ਦੇ ਗਰਭ ਵਿੱਚ ਹੋਣ ਕਰਕੇ ਉਸ ’ਤੇ ਉਦਾਸੀ ਦਾ ਰੰਗ ਹੋਰ ਗੂੜ੍ਹਾ ਹੁੰਦਾ ਜਾਂਦਾ ਹੈ। ਚਾਵਾਂ ਅਤੇ ਖ਼ੁਸ਼ੀਆਂ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਨਿਪਟਾ ਲੈਣ ਬਾਅਦ ਹੁਣ ਅਲਵਿਦਾ ਕਹਿਣ ਦਾ ਵਕਤ ਆ ਗਿਆ ਹੈ। ਉਸ ਦੇ ਹੰਝੂ ਰੋਕਿਆਂ ਨਹੀਂ ਰੁਕਦੇ।
ਪੁਰਾਤਨ ਸਮੇਂ ਵਿੱਚ ਲੜਕੀ ਨੂੰ ਪਾਲਕੀ ਵਿੱਚ ਬੈਠਾ ਕੇ ਤੋਰਦੇ ਸਨ, ਜਿਸ ਨੂੰ ਡੋਲੀ ਕਿਹਾ ਜਾਂਦਾ ਸੀ। ਇਸ ਡੋਲੀ ਨੂੰ ਕਹਾਰ ਚੁੱਕਦੇ ਸਨ। ਉਦੋਂ ਅੱਜ ਵਾਂਗ ਕਾਰਾਂ ਆਦਿ ਸਾਧਨ ਨਹੀਂ ਸੀ ਹੁੰਦੇ। ਇਸੇ ਲਈ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਡੋਲੀ ਚੁੱਕਣ ਦਾ ਜ਼ਿਕਰ ਆਉਂਦਾ ਹੈ। ਲੜਕੀ ਘਰ ਤੋਂ ਤੁਰਨ ਸਮੇਂ ਬੁੱਕ ਭਰ ਕੇ ਚਾਵਲ ਪਿੱਛੇ ਨੂੰ ਸੁੱਟਦੀ ਹੈ ਜਿਸ ਦਾ ਇੱਕ ਭਾਵ ਤਾਂ ਇਹ ਹੁੰਦਾ ਹੈ ਕਿ ਅੱਜ ਤੋਂ ਬਾਅਦ ਮੇਰਾ ਇਸ ਘਰ ਦਾ ਦਾਣਾ ਪਾਣੀ ਖ਼ਤਮ ਹੋਇਆ। ਦੂਜੇ ਉਹ ਇਸ ਪਰਿਵਾਰ ਦੀ ਆਰਥਿਕ ਖੈਰ ਸੁੱਖ ਮੰਗਦੀ ਹੋਈ ਆਖਦੀ ਹੈ ਕਿ ਇਹ ਘਰ ਸਦਾ ਹਰਿਆ ਭਰਿਆ ਰਹੇ। ਉਸ ਨੇ ਚਾਵਲ ਸੁੱਟਣ ਸਮੇਂ ਪਿੱਛੇ ਨੂੰ ਨਹੀਂ ਦੇਖਣਾ ਹੁੰਦਾ। ਕਈ ਥਾਵਾਂ ’ਤੇ ਲੜਕੀ ਦੀ ਮਾਂ ਉਸ ਦੇ ਸੁੱਟੇ ਹੋਏ ਚਾਵਲ ਆਪਣੇ ਪੱਲੇ ਵਿੱਚ ਪਵਾਉਂਦੀ ਹੈ ਜਿਸ ਦਾ ਅਰਥ ਸ਼ਾਇਦ ਇਹ ਹੈ ਕਿ ਉਹ ਆਖਦੀ ਹੋਵੇ ਕਿ ਤੇਰਾ ਦਾਣਾ ਪਾਣੀ ਖ਼ਤਮ ਨਹੀਂ ਹੋਇਆ, ਸਗੋਂ ਤੂੰ ਉਸ ਨੂੰ ਚੁਗਣ ਲਈ ਆਉਂਦੀ ਰਹੀਂ। ਕੁਝ ਥਾਵਾਂ ’ਤੇ ਵਿਆਹੁਲੀ ਕੁੜੀ ਦੀਵਾ ਬਾਲ ਕੇ ਘਰੋਂ ਜਾਂਦੀ ਹੈ ਤਾਂ ਜੋ ਪਿੱਛੋਂ ਘਰ ਵਧੇ ਫੁੱਲੇ। ਘਰੋਂ ਤੋਰਨ ਸਮੇਂ ਲੜਕੀ ਦੀ ਮਾਂ, ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ ਅਤੇ ਹੋਰ ਸੁਆਣੀਆਂ ਉਸ ਨੂੰ ਪਿਆਰ ਦਿੰਦੀਆਂ ਹਨ। ਸ਼ਗਨ ਵੀ ਦਿੱਤਾ ਜਾਂਦਾ ਹੈ ਅਤੇ ਹਰ ਇੱਕ ਦੇ ਗਲ਼ ਲੱਗ ਕੇ ਮਿਲਣ ਸਮੇਂ ਹੰਝੂਆਂ ਦਾ ਵਟਾਂਦਰਾ ਵੀ ਹੁੰਦਾ ਹੈ। ਡੋਲੀ ਤੋਰਨ ਸਮੇਂ ਉਹ ਕਿਹੜੀ ਅੱਖ ਹੈ ਜਿਹੜੀ ਤਰ ਨਹੀਂ ਹੁੰਦੀ। ਬਾਬਲ, ਵੀਰ ਸਭ ਆਪਣੀਆਂ ਭਾਵਨਾਵਾਂ ਨੂੰ ਅੱਖਾਂ ਰਾਹੀਂ ਵਹਿਣ ਦਿੰਦੇ ਹਨ। ਵੀਰ, ਡੋਲੀ ਨੂੰ ਧੱਕਾ ਵੀ ਲਗਾਉਂਦੇ ਹਨ। ਬੈਂਡ ਵਾਜੇ ਵਾਲੇ ਵੀ ਇਸ ਸਮੇਂ ਬੈਰਾਗੀ ਸੁਰਾਂ ਛੇੜਦੇ ਹਨ। ਉਸ ਦੀ ਹੂਕ ਉੱਠਦੀ ਹੈ;
ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ।
ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸੱਜਣ ਬੁਲਾ ਲਏ ਆਪ ਨੀਂ।

***

ਮੇਰੀ ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਏ
ਰਵਾਂ ਬਾਬਲ ਦੀ ਬਣ ਕੇ ਮੈਂ ਗੋਲੀ ਨੀਂ ਮਾਏ।
ਬਾਬਲ ਦੀ ਮਜਬੂਰੀ ਹੈ। ਉਹ ਕਦੋਂ ਧੀ ਤੋਂ ਵੱਖ ਹੋਣਾ ਚਾਹੁੰਦਾ ਹੈ, ਪਰ ਧੀਆਂ ਤਾਂ ਰਾਜੇ-ਰਾਣੀਆਂ ਨੂੰ ਵੀ ਤੋਰਨੀਆਂ ਪੈਂਦੀਆਂ ਹਨ।
***

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਗੁੱਡੀਆਂ ਕੌਣ ਖੇਡੂ?
ਮੇਰੀਆਂ ਖੇਡਣ ਪੋਤਰੀਆਂ ਧੀਏ ਘਰ ਜਾ ਆਪਣੇ।
***

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਡੋਲਾ ਨਹੀਂ ਲੰਘਦਾ
ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ।
ਭਾਵ ਬਾਬਲ ਨੇ ਹਰ ਹਾਲਤ ਵਿੱਚ ਆਪਣੀ ਧੀ ਨੂੰ ਤੋਰਨਾ ਹੀ ਹੈ, ਭਾਵੇ ਉਸ ਨੂੰ ਵੀ ਆਪਣੇ ਦਿਲ ’ਤੇ ਕਾਬੂ ਪਾਉਣਾ ਆਸਾਨ ਨਹੀਂ ਹੁੰਦਾ। ਧੀ ਆਪਣੇ ਪਰਦੇਸਣ ਹੋਣ ’ਤੇ ਇੰਝ ਆਖਦੀ ਹੈ;
ਮੇਰੀ ਡੋਲੀ ’ਤੇ ਪਾ ਦਿਓ ਲੋਈ
ਨੀਂ ਮੈਂ ਅੱਜ ਪਰਦੇਸਣ ਹੋਈ।
ਉਹ ਆਪਣੀ ਸਰਦਾਰੀ ਛੱਡ ਕੇ ਜਾ ਰਹੀ ਹੁੰਦੀ ਹੈ ਅਤੇ ਆਪਣੀ ਅੰਮੜੀ ਨੂੰ ਸੰਬੋਧਿਤ ਹੁੰਦੀ ਹੈ;
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ।
ਉੱਥੇ ਅੰਮੜੀ ਵੀ ਜਾਣਦੀ ਅਤੇ ਮਹਿਸੂਸਦੀ ਹੈ ਕਿ ਕਿਸੇ ਦਾ ਵੀ ਕੋਈ ਦਾਅਵਾ ਨਹੀਂ। ਇਹ ਦਸਤੂਰ ਹੈ ਅਤੇ ਇਸ ਤਰ੍ਹਾਂ ਹੋਣਾ ਹੀ ਹੈ।
ਲਾਡੋ ਛੱਡ ਨੀਂ ਪੀੜ੍ਹੀ ਦਾ ਪਾਵਾ,
ਸਾਡਾ ਨਹੀਂਓ ਦਾਵਾ, ਦਾਵੇ ਵਾਲੇ ਲੈ ਨੀਂ ਚੱਲੇ।
ਡੋਲੀ ਤੁਰਨ ਸਮੇਂ ਵੀਰ ਡੋਲੀ ਨੂੰ ਧੱਕਾ ਲਗਾਉਂਦੇ ਹਨ। ਗੱਡੀ ਦੇ ਪਹੀਆਂ ’ਤੇ ਪਾਣੀ ਡੋਲ੍ਹਿਆ ਜਾਂਦਾ ਹੈ ਕਿਉਂਕਿ ਪੁਰਾਤਨ ਸਮੇਂ ਇਹ ਪਹੀਏ ਲੱਕੜੀ ਦੇ ਹੁੰਦੇ ਸਨ ਅਤੇ ਉਨ੍ਹਾਂ ਨੂੰ ਚੀਕਣ ਤੋਂ ਬਚਾਉਣ ਲਈ ਪਾਣੀ ਡੋਲ੍ਹਿਆ ਜਾਂਦਾ ਸੀ। ਇਹ ਵੀ ਹੋ ਸਕਦਾ ਹੈ ਕਿ ਕੱਚੇ ਰਾਹਾਂ ਦੀ ਮਿੱਟੀ ਨੂੰ ਡੋਲੀ ਦੇ ਅੰਦਰ ਜਾਣ ਤੋਂ ਰੋਕਣ ਲਈ ਪਾਣੀ ਡੋਲ੍ਹਿਆ ਜਾਂਦਾ ਹੋਵੇ। ਰਸਮ ਰੂਪ ਵਿੱਚ ਅੱਜ ਵੀ ਕਾਰ ਦੇ ਟਾਇਰਾਂ ’ਤੇ ਪਾਣੀ ਪਾਇਆ ਜਾਂਦਾ ਹੈ। ਲੜਕੇ ਦਾ ਪਿਓ ਇਸ ਸਮੇਂ ਡੋਲੀ ਤੋਂ ਪੈਸੇ ਵਾਰ ਕੇ ਸੁੱਟਦਾ ਹੈ। ਇਸ ਦਾ ਭਾਵ ਵਿਆਹੁਲੀ ਜੋੜੀ ਦੀ ਖੈਰ ਸੁੱਖ ਅਤੇ ਰੱਖਿਆ ਦੀ ਮੰਗ ਕਰਨਾ ਹੁੰਦਾ ਹੈ। ਪੈਸੇ ਵਾਰਨ ਤੋਂ ਇਹ ਭਾਵ ਹੁੰਦਾ ਹੈ ਕਿ ਉਸ ਨੂੰ ਜੋੜੀ ਨਾਲੋਂ ਮਾਇਆ ਉੱਪਰ ਨਹੀਂ ਹੈ। ਡੋਲੀ ਤੋਰ ਕੇ ਮਾਵਾਂ ਘਰ ਦੀ ਦੇਹੜੀ ਨੂੰ ਲਿੱਪਦੀਆਂ ਸਨ। ਉਸ ਘਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਜਿੱਥੋਂ ਕੰਨਿਆ ਦਾ ਦਾਨ ਕੀਤਾ ਗਿਆ ਹੈ।
ਅੱਜ ਸਮਾਂ ਬਹੁਤ ਬਦਲ ਗਿਆ ਹੈ। ਵਿਆਹ ਸ਼ਾਦੀਆਂ ਵਿੱਚ ਵਪਾਰਕ ਪੱਖ ਭਾਰੂ ਹੋ ਗਿਆ ਹੈ। ਪੁਰਾਣੇ ਸਮੇਂ ਡੋਲੀ ਸਮੇਂ ਲੜਕੀ ਦਾ ਰੋਣ ਧਰਤ ਨੂੰ ਕੰਬਾ ਦੇਣ ਵਾਲਾ ਹੁੰਦਾ ਸੀ। ਤਦ ਹੀ ਤਾਂ ਵਾਰਸ ਸ਼ਾਹ ਵੀ ਇਹੀ ਲਿਖਦਾ ਹੈ;
ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ,
ਮੈਨੂੰ ਲੈ ਚਲੇ ਬਾਬਲਾ ਲੈ ਚਲੇ ਵੇ।
ਅੱਜ ਦੀ ਮੁਟਿਆਰ ਵਿਆਹ ਸਮੇਂ ਰੋਂਦੀ ਨਹੀਂ। ਇੱਕ ਕਾਰਨ ਤਾਂ ਇਹ ਹੈ ਕਿ ਉਸ ਭਾਵਨਾ ਵਿੱਚ ਵੀ ਕਮੀ ਆਈ ਹੈ। ਗੌਣ ਕਾਰਨ ਇਹ ਵੀ ਹੈ ਕਿ ਆਧੁਨਿਕ ਲੜਕੀ ਰੋ ਕੇ ਆਪਣਾ ਮੇਕਅਪ ਖ਼ਰਾਬ ਨਹੀਂ ਕਰਨਾ ਚਾਹੁੰਦੀ। ਅੱਜ ਵਿਛੋੜਾ ਵੀ ਪਹਿਲਾਂ ਵਾਂਗ ਨਹੀਂ ਰਿਹਾ, ਨਾ ਕੇਵਲ ਆਵਾਜਾਈ ਦੇ ਸਾਧਨਾਂ ਨੇ ਹੀ ਆਉਣਾ ਜਾਣਾ ਆਸਾਨ ਕਰ ਦਿੱਤਾ ਹੈ, ਸਗੋਂ ਇੱਕ ਲੜਕੀ ਵਿਆਹ ਤੋਂ ਬਾਅਦ ਵੀ ਮੋਬਾਈਲ ਰਾਹੀਂ ਹਰ ਰੋਜ਼ ਆਪਣੇ ਮਾਂ-ਬਾਪ ਦੇ ਸੰਪਰਕ ਵਿੱਚ ਰਹਿ ਸਕਦੀ ਹੈ। ਨਵੇਂ ਯੁੱਗ ਵਿੱਚ ਲੜਕੀਆਂ ਆਪ ਹੀ ਵਰ ਲੱਭਣ ਲੱਗੀਆਂ ਹਨ। ਅਜੇ ਮੰਡੀ ਦੀਆਂ ਲੋੜਾਂ ਦੇ ਸ਼ਿਕਾਰ ਅਸੀਂ ਵਿਆਹਾਂ ’ਤੇ ਬੇਅੰਤ ਖ਼ਰਚ ਕਰ ਰਹੇ ਹਾਂ। ਲੱਗਦਾ ਹੈ ਕਿ ਹੋਰ ਕੁਝ ਸਾਲਾਂ ਤੱਕ ਲੜਕੀ-ਲੜਕਾ ਸਿਰਫ਼ ਕੋਰਟ ਮੈਰਿਜ ਹੀ ਕਰਵਾਇਆ ਕਰਨਗੇ। ਮਾਂ-ਬਾਪ ਦਾ ਰੋਲ ਬਹੁਤ ਘਟ ਰਿਹਾ ਹੈ ਅਤੇ ਪੱਛਮੀ ਦੇਸ਼ਾਂ ਵਾਂਗ ਬਾਲਗ ਨੌਜਵਾਨ ਆਪਣੀ ਜ਼ਿੰਦਗੀ ਦੇ ਹਰ ਫ਼ੈਸਲੇ ਆਪ ਲੈ ਕੇ ਵਧੇਰੇ ਖ਼ੁਸ਼ ਅਤੇ ਸੰਤੁਸ਼ਟ ਹਨ। ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਰਸਮ ਬਾਰੇ ਕਿਤਾਬਾਂ ਵਿੱਚੋਂ ਜਾਂ ਵੀਡੀਓਜ਼ ਵਿੱਚੋਂ ਹੀ ਪਤਾ ਲੱਗੇਗਾ ,ਪਰ ਉਹ ਉਨ੍ਹਾਂ ਭਾਵਨਾਵਾਂ ਨੂੰ ਕਿਵੇਂ ਮਹਿਸੂਸ ਕਰਨਗੇ? ਜਿਉਂ ਜਿਉਂ ਭਾਵਨਾ ਖ਼ਤਮ ਹੁੰਦੀ ਜਾਏਗੀ, ਹੌਲੀ ਹੌਲੀ ਉਹ ਰਸਮ ਵੀ ਘਟਦੀ ਘਟਦੀ ਖ਼ਤਮ ਹੋ ਜਾਏਗੀ। ਅਜੋਕੇ ਵਿਆਹ ਪੈਲੇਸ ਵਿੱਚ ਹੁੰਦੇ ਹਨ, ਕਈ ਥਾਵਾਂ ’ਤੇ ਡੋਲੀ ਘਰੋਂ ਤੋਰਨ ਦੀ ਕੋਸ਼ਿਸ਼ ਜਾਰੀ ਹੈ, ਪਰ ਇਹ ਵੀ ਘਟ ਰਹੀ ਹੈ ਕਿਉਂਕਿ ਮੂਵੀ ਅਤੇ ਫੋਟੋਗ੍ਰਾਫੀ ਕਾਰਨ ਸਮਾਂ ਬਹੁਤ ਜ਼ਿਆਦਾ ਲੱਗ ਰਿਹਾ ਹੈ ਅਤੇ ਘਰ ਆਉਣ ਦਾ ਸਮਾਂ ਹੀ ਨਹੀਂ ਬਚਦਾ।
ਸੰਪਰਕ: 98147-15796

Advertisement
Author Image

Balwinder Kaur

View all posts

Advertisement