ਮੇਅਰ ਸਣੇ ਭਾਜਪਾ ਕੌਂਸਲਰਾਂ ਵੱਲੋਂ ਸਮੂਹਿਕ ਅਸਤੀਫ਼ੇ ਦੇਣ ਦੀ ਚਿਤਾਵਨੀ
ਕੁਲਦੀਪ ਸਿੰਘ
ਚੰਡੀਗੜ੍ਹ, 15 ਅਪਰੈਲ
ਵਿੱਤੀ ਸੰਕਟ ਨਾਲ ਜੂਝ ਰਹੇ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਸਣੇ ਸਾਰੇ ਚੁਣੇ ਹੋਏ ਅਤੇ ਨਾਮਜ਼ਦ ਭਾਜਪਾ ਕੌਂਸਲਰ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਲੋਕ ਵਿਰੋਧੀ ਵਤੀਰੇ ਤੇ ਫੰਡ ਜਾਰੀ ਨਾ ਕੀਤੇ ਜਾਣ ਤੋਂ ਖਫ਼ਾ ਹੋ ਗਏ ਹਨ। ਇਸ ਦੇ ਚਲਦਿਆਂ ਉਨ੍ਹਾਂ ਨੇ ਸਮੂਹਿਕ ਅਸਤੀਫ਼ੇ ਦੇਣ ਦੀ ਚਿਤਾਵਨੀ ਦਿੱਤੀ ਹੈ।
ਅੱਜ ਇੱਥੇ ਸੈਕਟਰ-33 ਸਥਿਤ ਭਾਜਪਾ ਦਫ਼ਤਰ ‘ਕਮਲਮ’ ਵਿੱਚ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਸਣੇ ਸਾਰੇ ਭਾਜਪਾ ਕੌਂਸਲਰਾਂ ਦੀ ਮੀਟਿੰਗ ਹੋਈ। ਇਸ ਵਿੱਚ ਪਾਰਟੀ ਪ੍ਰਧਾਨ ਜੇਪੀ ਮਲਹੋਤਰਾ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਕੌਂਸਲਰਾਂ ਨੇ ਇਤਰਾਜ਼ ਕੀਤਾ ਕਿ ਸਾਰੇ ਕੌਂਸਲਰਾਂ ਵੱਲੋਂ ਹਾਊਸ ਮੀਟਿੰਗ ਵਿੱਚ ਕੀਤੇ ਵਿਰੋਧ ਦੇ ਬਾਵਜੂਦ ਪ੍ਰਸ਼ਾਸਨ ਨੇ ਸ਼ਹਿਰ ਦੇ ਲੋਕਾਂ ’ਤੇ ਹਾਊਸ ਟੈਕਸ ਅਤੇ ਕੁਲੈਕਟਰ ਰੇਟਾਂ ਵਿੱਚ ਵਾਧਾ ਕਰ ਦਿੱਤਾ ਹੈ। ਅਜਿਹੇ ਹਾਲਾਤਾਂ ਦੇ ਚਲਦਿਆਂ ਸ਼ਹਿਰ ਵਿੱਚ ਭਾਜਪਾ ਦੀ ਕਿਰਕਿਰੀ ਹੋ ਰਹੀ ਹੈ।
ਮੇਅਰ ਸਣੇ ਸਾਰੇ ਕੌਂਸਲਰਾਂ ਨੇ ਸੰਕੇਤ ਦਿੱਤਾ ਕਿ ਜੇ ਪ੍ਰਸ਼ਾਸਨ ਨੇ ਅਜਿਹੇ ਲੋਕ ਵਿਰੋਧੀ ਫ਼ੈਸਲਿਆਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸਮੂਹਿਕ ਅਸਤੀਫ਼ੇ ਦੇਣ ਤੋਂ ਗੁਰੇਜ਼ ਨਹੀਂ ਕਰਨਗੇ।
ਭਾਜਪਾ ਕੌਂਸਲਰਾਂ ਵੱਲੋਂ ਸਮੂਹਿਕ ਅਸਤੀਫ਼ੇ ਦੇਣ ਦੀ ਧਮਕੀ ਨਾਟਕ: ਪ੍ਰੇਮ ਲਤਾ
‘ਆਪ’ ਤੋਂ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਕੌਂਸਲਰ ਪ੍ਰੇਮ ਲਤਾ ਨੇ ਪ੍ਰਾਪਰਟੀ ਟੈਕਸ ਵਾਧੇ ਖ਼ਿਲਾਫ਼ ਮੇਅਰ ਸਣੇ ਭਾਜਪਾ ਕੌਂਸਲਰਾਂ ਵੱਲੋਂ ਸਮੂਹਿਕ ਅਸਤੀਫ਼ੇ ਦਿੱਤੇ ਜਾਣ ਦੀ ਧਮਕੀ ਨੂੰ ਇੱਕ ਨਾਟਕ ਦੱਸਿਆ ਹੈ। ਪ੍ਰੇਮ ਲਤਾ ਨੇ ਕਿਹਾ ਕਿ ਇਹ ਟੈਕਸ ਵਾਧਾ ਕੇਂਦਰ ਵਿੱਚ ਭਾਜਪਾ ਸਰਕਾਰ ਦੀ ਮਨਜ਼ੂਰੀ ਨਾਲ ਹੀ ਹੋਇਆ ਹੈ ਅਤੇ ਇਸ ਨਾਟਕਬਾਜ਼ੀ ਦੇ ਪਿੱਛੇ ਭਾਜਪਾ ਦਾ ਕੋਈ ਹੋਰ ਮਕਸਦ ਜਾਪ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਕੌਂਸਲਰ ਇੰਨੇ ਹੀ ਲੋਕ ਹਿਤੈਸ਼ੀ ਹਨ ਤਾਂ ਚੰਡੀਗੜ੍ਹ ਵਿੱਚ ਬਿਜਲੀ-ਪਾਣੀ ਦੇ ਰੇਟ ਘੱਟ ਕਰਵਾਉਣ, ਨੌਕਰੀ ਤੋਂ ਕੱਢੇ ਗਏ ਆਊਟਸੋਰਸਡ ਕਾਮਿਆਂ ਨੂੰ ਬਹਾਲ ਕਰਵਾਉਣ, ਹਾਊਸਿੰਗ ਬੋਰਡ ਦੇ ਘਰਾਂ ਵਿੱਚ ਵੰਨ-ਟਾਈਮ-ਰਿਲੈਕਸੇਸ਼ਨ ਨੂੰ ਦਿੱਲੀ ਦੀ ਤਰਜ਼ ਉੱਤੇ ਮਨਜ਼ੂਰੀ ਦਿੱਤੀ ਜਾਵੇ, ਰਿਹਾਇਸ਼ੀ ਅਤੇ ਇੰਡਸਟਰੀਅਲ ਪਲਾਟਾਂ ਨੂੰ ਫਰੀ-ਹੋਲਡ ਕਰਨ ਲਈ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਇਹ ਇੱਕ ਡਰਾਮੇਬਾਜ਼ੀ ਹੈ ਅਤੇ ਮੇਅਰ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।