ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 13 ਮਾਰਚਮੇਅਰ ਇੰਦਰਜੀਤ ਕੌਰ ਨੇ ਅੱਜ ਗਿੱਲ ਰੋਡ ਸਥਿਤ ਨਗਰ ਨਿਗਮ ਦੇ ਜ਼ੋਨ-ਸੀ ਦਫ਼ਤਰ ਵਿੱਚ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਪਹਿਲਾਂ ਦਫ਼ਤਰ ਦਾ ਦੌਰਾ ਕੀਤਾ ਤੇ ਮਗਰੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕਈ ਥਾਵਾਂ ’ਤੇ ਸਫ਼ਾਈ ਵਿਵਸਥਾ ਠੀਕ ਨਾ ਹੋਣ ਕਾਰਨ ਮੇਅਰ ਨੇ ਅਫ਼ਸਰਾਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਤੇ ਸਫ਼ਾਈ ਯਕੀਲੀ ਬਣਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਸੁਵਿਧਾ ਸੈਂਟਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਦਿਨ ਨਗਰ ਨਿਗਮ ਦੇ ਚਾਰੇ ਜ਼ੋਨਾਂ ਦੇ ਦਫ਼ਤਰਾਂ ਵਿੱਚ ਬੈਠ ਕੇ ਡਿਊਟੀ ਦਿਆ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਦਿੱਕਤ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਸੀ-ਜੋਨ ਦੇ ਨਿਰੀਖਣ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਖੁੱਦ ਜਾ ਕੇ ਹਰੇਕ ਜ਼ੋਨ ਦੇ ਦਫ਼ਤਰ ਦਾ ਕੰਮ ਕਾਜ ਜਾਂਚਣ ਤੇ ਲੋੜੀਂਦੇ ਸੁਧਾਰਾਂ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਹੁਣ ਤੋਂ ਉਹ ਹਫ਼ਤੇ ਵਿੱਚ ਇੱਕ-ਇੱਕ ਦਿਨ ਚਾਰੇ ਜੋਨਾਂ ’ਚ ਬੈਠਣਗੇ। ਸੀ-ਜ਼ੋਨ ਵਿੱਚ ਮੇਅਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੂਰੇ ਦਫ਼ਤਰ ਦਾ ਦੌਰਾ ਵੀ ਕੀਤਾ, ਜਿਥੇ ਸੁਧਾਰ ਦੀ ਜ਼ਰੂਰਤ ਸੀ, ਉਸ ਬਾਰੇ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ 31 ਮਾਰਚ ਤੱਕ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਤੇ ਸੀਵਰੇਜ਼ ਦਾ ਬਿੱਲ ਜ਼ਰੂਰ ਜਮ੍ਹਾਂ ਕਰਵਾ ਦੇਣ ਕਿਉਂਕਿ 31 ਮਾਰਚ ਤੋਂ ਬਾਅਦ ਬਿੱਲ ’ਤੇ 20 ਫੀਸਦ ਜੁਰਮਾਨਾ ਤੇ 18 ਫੀਸਦ ਸਾਲਾਨਾ ਵਿਆਜ ਲੱਗੇਗਾ।