ਮੁੱਖ ਮੰਤਰੀ ਸਾਹਿਬ ਤੁਹਾਨੂੰ ਪਿੰਡ ਮਧੇ ਕੇ ਆਵਾਜ਼ਾਂ ਮਾਰਦਾ !
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 9 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਿੰਡ ਮਧੇ ਕੇ ਅਵਾਜ਼ਾਂ ਮਾਰ ਮਾਰ ਬੁਲਾ ਰਿਹਾ ਹੈ ਕਿਉਂਕਿ ਮਧੇ ਕੇ ਨਾਲ ਉਨ੍ਹਾਂ ਦੀ ਸਿਆਸਤ ਵਿੱਚ ਸ਼ੁਰੂਆਤ ਤੋਂ ਪਹਿਲਾਂ ਦੀ ਅਹਿਮ ਤੇ ਖਾਸ ਯਾਦ ਜੁੜੀ ਹੋਈ ਹੈ।
26 ਮਾਰਚ 2011 ਨੂੰ ਨਿਹਾਲ ਸਿੰਘ ਵਾਲਾ ਦੇ ਗੁਰਦੁਆਰਾ ਪਾਕਾ ਸਾਹਿਬ ਯੂਥ ਵੈਲਫ਼ੇਅਰ ਸਪੋਰਟਸ ਕਲੱਬ ਵੱਲੋਂ ਕਾਮੇਡੀਅਨ ਭਗਵੰਤ ਮਾਨ ਦਾ ਲਾਈਵ ਸ਼ੋਅ ਕਰਵਾਇਆ ਗਿਆ ਸੀ। ਉਦੋਂ ਭਗਵੰਤ ਮਾਨ ਦੀ ਕਾਮੇਡੀ ਦੀ ਪੂਰੀ ਤੂਤੀ ਬੋਲਦੀ ਸੀ ਅਤੇ ਰਾਜਨੀਤੀ ’ਚ ਦਾਖ਼ਲ ਹੋਣ ਤੋਂ ਪਹਿਲਾਂ ਇਹ ਉਨ੍ਹਾਂ ਦਾ ਆਖਰੀ ਯਾਦਗਾਰੀ ਸ਼ੋਅ ਸੀ। ਉਦੋਂ (ਹੁਣ ਦੇ ਮੁੱਖ ਮੰਤਰੀ) ਭਗਵੰਤ ਸਿੰਘ ਮਾਨ ਨੇ ਭਾਵੁਕਤਾ ਭਰਪੂਰ ਤਕਰੀਰ ਕਰਦੇ ਹੋਏ ਕਿਹਾ ਸੀ, ‘ਅੱਜ ਮੈਂ ਆਪਣੀ ਇਸ ਕਲਾ ਨੂੰ ਅਲਵਿਦਾ ਕਹਿ ਕੇ ,ਰਾਜਨੀਤੀ ਵਿੱਚ ਦਾਖ਼ਲ ਹੋ ਰਿਹਾ ਹਾਂ ਅਤੇ ਪਿੰਡ ਮਧੇ ਕੇ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਹਮੇਸ਼ਾ ਮੇਰੇ ਚੇਤਿਆਂ ਵਿੱਚ ਰਹੇਗਾ।’ ਅਗਲੇ ਦਿਨ ਉਹ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹਨ।
ਸਮਾਜਕ ਕਾਰਕੁਨ ਤੇ ਉਦੋਂ ਦੇ ਸਮਾਗਮ ਦੇ ਆਯੋਜਕ ਆਗੂ ਕੁਲਦੀਪ ਸਿੰਘ ਮਧੇ ਕੇ ਨੇ ਯਕੀਨ ਨਾਲ ਕਿਹਾ ਕਿ ਇਹ ਖ਼ਬਰ ਪੜ੍ਹ ਕੇ ਮੁੱਖ ਮੰਤਰੀ ਮਧੇ ਕੇ ਲਈ ਜ਼ਰੂਰ ਸਮਾਂ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਸ਼ੋਅ ਤੋਂ ਬਾਅਦ ਵਿੱਚ ਜਦੋਂ ਵੀ ਕਿਸੇ ਚੋਣ ਮੁਹਿੰਮ ਜਾਂ ਕਿਸੇ ਵੀ ਜਗ੍ਹਾ ’ਤੇ ਹੋਈ ਮਿਲਣੀ ਦੌਰਾਨ ਭਗਵੰਤ ਸਿੰਘ ਮਾਨ ਨੂੰ ਮਿਲੇ ਹਨ ,ਉਹ ਫੱਟ ਸਿਆਣ ਕੇ ਪਿੰਡ ਦਾ ਹਾਲ-ਚਾਲ ਪੁੱਛਦੇ ਹਨ। ਭਾਈ ਕੁਲਦੀਪ ਸਿੰਘ ਮਧੇ ਕੇ ਤੇ ਪਿੰਡ ਦੇ ਹੋਰ ਨੌਜਵਾਨਾਂ ਨੇ ਕਿਹਾ, ‘ਉਸ ਯਾਦਗਾਰੀ ਪ੍ਰੋਗਰਾਮ ਦੌਰਾਨ ਮਾਨ ਸਾਹਿਬ ਦੇ ਬੋਲੇ ਸ਼ਬਦ ਅੱਜ ਵੀ ਸਾਡੇ ਅਤੇ ਸਾਡੇ ਪਿੰਡ ਵਾਸੀਆਂ ਦੀਆਂ ਯਾਦਾਂ ਵਿੱਚ ਉਕਰੇ ਹੋਏ ਹਨ।’ ਉਨ੍ਹਾਂ ਪਿੰਡ ਵੱਲੋਂ ਬੇਨਤੀ ਕੀਤੀ,‘ਅੱਜ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਇਕ ਵਾਰ ਸਾਡੇ ਪਿੰਡ ਮਧੇ ਕੇ (ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ )ਵਿੱਚ ਜ਼ਰੂਰ ਆਓ। ਪਿੰਡ ਨੂੰ ਸਰਵ ਪੱਖੀ ਵਿਕਾਸ ਦੀ ਲੋੜ ਹੈ। ਪਿੰਡ ਮਧੇ ਕੇ ਤੁਹਾਡਾ ਰਿਣੀ ਰਹੇਗਾ ਅਤੇ ਅੱਖੀਆਂ ਵਿਛਾ ਕੇ ਸਵਾਗਤ ਕਰੇਗਾ।’